ਮੁੱਖ ਮੰਤਰੀ ਵੱਲੋਂ ਪਾਣੀਆਂ ਦੇ ਮੁੱਦੇ ’ਤੇ ਪੰਜਾਬ ਦਾ ਪੱਖ ਸੰਜੀਦਗੀ ਨਾਲ ਪੇਸ਼ ਕਰਨ ਤੋਂ ਸਿੱਧ ਹੋ ਗਿਆ ਕਿ ਪਾਣੀਆਂ ਦਾ ਰਾਖਾ ਕੈਪਟਨ ਅਮਰਿੰਦਰ ਸਿੰਘ ਤੋਂ ਸਿਵਾਏ ਹੋਰ ਕੋਈ ਨਹੀਂ: ਵਿਨੋਦ ਬਾਂਸਲ

ਮੋਗਾ,20 ਅਗਸਤ (ਜਸ਼ਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਮੰਤਰੀ ਸ਼੍ਰੀ ਸੇਖਾਵਤ ਦੀ ਹਾਜ਼ਰੀ ਵਿਚ ਹਰਿਆਣਾ ਦੇ ਮੁੱਖ ਮੰਤਰੀ ਨਾਲ ਪਾਣੀਆਂ ਦੇ ਮੁੱਦੇ ’ਤੇ ਹੋਈ ਮੀਟਿੰਗ ਦੌਰਾਨ ਜਿਸ ਦੂਰਅੰਦੇਸ਼ੀ ਨਾਲ ਪੰਜਾਬ ਦਾ ਪੱਖ ਪੇਸ਼ ਕੀਤਾ ਉਸ ਤੋਂ ਇਕ ਵਾਰ ਫੇਰ ਸਿੱਧ ਹੋ ਗਿਆ ਹੈ ਕਿ ਪੰਜਾਬ ਦੇ ਪਾਣੀਆਂ ਦਾ ਰਾਖਾ ਕੈਪਟਨ ਅਮਰਿੰਦਰ ਸਿੰਘ ਤੋਂ ਸਿਵਾਏ ਹੋਰ ਕੋਈ ਨਹੀਂ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੋਗਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਬਾਂਸਲ ਨੇ ਆਖਿਆ ਕਿ ਇਕ ਵਿਦਵਾਨ ਵਾਂਗ ਕੈਪਟਨ ਅਮਰਿੰਦਰ ਸਿੰਘ ਨੇ 1967 ਤੋਂ ਲੈ ਕੇ ਹੁਣ ਤੱਕ ਘਟਨਾਕ੍ਰਮ ਅਤੇ ਹਾਲਾਤ ’ਤੇ ਪਾਣੀਆਂ ਦੀ ਸਥਿਤੀ ਬਾਰੇ ਜਿਸ ਤਰਾਂ ਦਲੀਲਾਂ ਦਿੱਤੀਆਂ ਉਹ ਸ਼ਾਇਦ ਕਦੇ ਵੀ ਕਿਸੇ ਮੁੱਖ ਮੰਤਰੀ ਨੇ ਪੇਸ਼ ਕੀਤਾ ਹੋਵੇ । ਬਾਂਸਲ ਨੇ ਆਖਿਆ ਕਿ ਮੁੱਖ ਮੰਤਰੀ ਵੱਲੋਂ ਇਹ ਮੁੱਦਾ ਉਠਾਉਣਾ ਕਿ ਜਦ ਪੰਜਾਬ ਕੋਲ ਪਾਣੀ ਹੈ ਹੀ ਨਹੀਂ ਤਾਂ ਹੋਰ ਕਿਸੇ ਰਾਜ ਨੂੰ ਪਾਣੀ ਦੇਣ ਦੀ ਕੋਈ ਤੁਕ ਹੀ ਨਹੀਂ ਬਣਦੀ ਕਿਉਂਕਿ ਇੰਟਰਨੈਸ਼ਨਲ ਲਾਅ ਮੁਤਾਬਕ ਹਰ 25 ਸਾਲ ਬਾਅਦ ਦਰਿਆਵਾਂ ਦੇ ਪਾਣੀ ਦੇ ਪੱਧਰ ਦਾ ਜਾਇਜ਼ਾ ਲਿਆ ਜਾਂਦਾ ਹੈ ਪਰ ਪੰਜਾਬ ਦੇ ਦਰਿਆਵਾਂ ਦਾ 35 ਸਾਲ ਪਹਿਲਾਂ ਪੱਧਰ ਮਿਣਿਆ ਗਿਆ ਸੀ ਇਸ ਕਰਕੇ ਪਹਿਲਾਂ ਪਾਣੀਆਂ ਲਈ ਟਿ੍ਰਬਿਊਨਲ ਬਣਾਇਆ ਜਾਵੇ । ਬਾਂਸਲ ਨੇ ਆਖਿਆ ਕਿ ਕੈਪਟਨ ਸਾਬ੍ਹ ਦੀ ਇਹ ਦਲੀਲ ਵੀ ਕਾਟ ਕਰ ਗਈ ਕਿ ਜੇ ਪੰਜਾਬ ਅਤੇ ਹਰਿਆਣਾ ਦਰਮਿਆਨ ਸਭ ਕੁਝ 60:40 ਦੀ ਅਨੁਪਾਤ ਵਿਚ ਵੰਡਿਆ ਗਿਆ ਹੈ ਤਾਂ ਯਮੁਨਾ ਦੇ ਪਾਣੀ ’ਤੇ ਵੀ ਪੰਜਾਬ ਦਾ ਹੱਕ ਬਣਦਾ ਹੈ । ਬਾਂਸਲ ਨੇ ਆਖਿਆ ਕਿ ਕੈਪਟਨ ਸਾਬ੍ਹ ਨੇ ਸਿਆਸੀ ਦੂਅੰਦੇਸ਼ੀ ਦਿਖਾਉਂਦਿਆਂ ਪੰਜਾਬ ਅਤੇ ਹਰਿਆਣਾ ਦਰਮਿਆਨ ਗੱਲਬਾਤ ਦੌਰਾਨ ਰਾਜਸਥਾਨ ਨੂੰ ਵੀ ਸ਼ਾਮਲ ਕਰਨ ਦੀ ਦਲੀਲ ਦਿੱਤੀ ਕਿਉਂਕਿ ਰਾਜਸਥਾਨ ਨੂੰ ਵੀ ਪੰਜਾਬ ਤੋਂ ਹੀ ਪਾਣੀ ਜਾਂਦਾ ਹੈ,ਹੋਰ ਤਾਂ ਹੋਰ ਪਾਕਿਸਤਾਨ ਨੂੰ ਜਾਂਦੇ ਪਾਣੀ ਦੀ ਸੰਭਾਲ ਲਈ ਹਿਮਾਚਲ ਵਿਚ ਜਲਭੰਡਾਰ ਸਿਰਜਣ ਦਾ ਵਿਚਾਰ ਰੱਖ ਕੇ ਮਸਲੇ ’ਤੇ ਆਪਣੀ ਪਕੜ ਦਾ ਅਹਿਸਾਸ ਕਰਵਾਇਆ । ਬਾਂਸਲ ਨੇ ਆਖਿਆ ਕਿ ਜਿਸ ਤਰਾਂ ਕੈਪਟਨ ਸਾਬ੍ਹ ਨੇ ਬੌਧਿਕ ,ਰਾਜਨੀਤਕ ਅਤੇ ਕਾਨੂੰਨੀ ਪੱਖ ਤੋਂ ਮਜਬੂਤੀ ਨਾਲ ਪੰਜਾਬ ਦਾ ਪਾਣੀਆਂ ਦਾ ਪੱਖ ਰੱਖਿਆ ਹੈ ,ਇਸ ਤੋਂ ਆਸ ਬੱਝਦੀ ਹੈ ਕਿ ਪੰਜਾਬ ਕੈਪਟਨ ਸਾਬ੍ਹ ਦੇ ਹੱਥਾਂ ਵਿਚ ਪੂਰੀ ਤਰਾਂ ਸੁਰੱਖਿਅਤ ਹੈ ਅਤੇ ਭਵਿੱਖ ਵਿਚ ਜ਼ਹਿਰੀਲਾ ਮਾਰੂਥਲ ਬਨਣ ਤੋਂ ਬੱਚ ਜਾਵੇਗਾ।


