ਮੋਗਾ ਦੇ ਸਰਕਾਰੀ ਹਸਪਤਾਲ ਵਿਚ ਕਰੋਨਾ ਟੈਸਟਾਂ ਚ ਚੱਲ ਰਹੇ ਗੋਰਖ ਧੰਦੇ ਦਾ ਪਰਦਾ ਹੋਇਆ ਫ਼ਾਸ਼, ਐੱਨ ਆਰ ਆਈਆਂ ਦੀ ਹੋ ਰਹੀ ਲੁੱਟ ਖਸੁੱਟ ਖਿਲਾਫ਼ ਵਿਧਾਇਕ ਨੇ ਮਾਰਿਆ ਸੀ ਹਾਅ ਦਾ ਨਾਅਰਾ, ਸੱਚ ਆਇਆ ਸਾਹਮਣੇ

ਮੋਗਾ, 20 ਅਗਸਤ (ਜਸ਼ਨ): ਮੋਗਾ ਦੇ ਸਰਕਾਰੀ ਹਸਪਤਾਲ ਵਿਚ ਕਰੋਨਾ ਟੈਸਟਾਂ ਨੂੰ ਲੈ ਕੇ ਚੱਲ ਰਹੇ ਗੋਰਖ ਧੰਦੇ ਦਾ ਆਖਿਰ ਪਰਦਾ ਫ਼ਾਸ਼ ਹੋ ਹੀ ਗਿਆ । ਬੀਤੀ 11 ਅਗਸਤ ਨੂੰ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਭਿ੍ਰਸ਼ਟਾਚਾਰ ਦੇ ਇਸ ਮਾਮਲੇ ਨੂੰ ਉਠਾਉਣ ’ਤੇ ਬੇਸ਼ੱਕ ਸਰਕਾਰੀ ਹਸਪਤਾਲ ਦੀ ਸੰਘਰਸ਼ ਕਮੇਟੀ ਨੇ ਵਾਵੇਲਾ ਖੜ੍ਹਾ ਕੀਤਾ ਸੀ ਪਰ ਹੁਣ ਫ਼ੋਨ ਰਿਕਾਰਡਿੰਗਸ ਅਤੇ ਦਲਾਲ ਦੁਆਰਾ ਪੈਸੇ ਲਏ ਜਾਣ ਨੂੰ ਤਸਲੀਮ ਕਰਨ ਨਾਲ ਸੱਚ ਸਾਹਮਣੇ ਆ ਗਿਆ ਹੈ। ਕਿਸ ਕਿਸ ਨੇ ਕਿਨੀ ਰਿਸ਼ਵਤ ਲਈ ਅਤੇ ਕਿਨੀਆਂ ਪਾਜ਼ਿਟਿਵ ਰਿਪੋਰਟਾਂ ਨੂੰ ਨੈਗੇਟਿਵ ਬਣਾ ਕੇ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡਣ ਦੇ ਮਨੁੱਖਤਾ ਵਿਰੋਧੀ ਪਾਪ ਕੀਤੇ, ਉਹ ਤਾਂ ਸੰਜੀਦਗੀ ਨਾਲ ਕੀਤੀ ਪੜਤਾਲ ਉਪਰੰਤ ਹੀ ਸਾਹਮਣੇ ਆਵੇਗਾ ਪਰ ਇਕ ਗੱਲ ਨੰਗੇ ਚਿੱਟੇ ਦਿਨ ਵਾਂਗ ਸੱਚ ਹੈ ਕਿ ਐਨ ਆਰ ਆਈਆਂ ਦੀਆਂ ਰਿਪੋਰਟਾਂ ਨੂੰ ਨੈਗੇਟਿਵ ਤੋਂ ਪਾਜ਼ਿਟਿਵ ਬਣਾਉਣ ਅਤੇ ਉਹਨਾਂ ਨੂੰ ਖੱਜਲ ਖੁਆਰੀ ਤੋਂ ਬਚਾਉਣ ਲਈ 3500 ਰੁਪਏ ਪ੍ਰਤੀ ਵਿਅਕਤੀ ਰਿਸ਼ਵਤ ਲਈ ਜਾ ਰਹੀ ਸੀ । ਰਿਸ਼ਵਤ ਲੈਣ ਵਾਲੇ ਦਲਾਲ ਓਮ ਪ੍ਰਕਾਸ਼ ਨੇ ਮੀਡੀਆ ਵਿਚ ਸਪੱਸ਼ਟ ਤੌਰ ’ਤੇ ਪੈਸੇ ਲੈਣਾ ਸਵੀਕਾਰ ਕਰ ਲਿਆ ਹੈ ਅਤੇ ਉਸ ਮੁਤਾਬਕ ਇਹ ਰਿਸ਼ਵਤ ਦੇ ਤਕਰੀਬਨ ਪੌਣੇ 2 ਲੱਖ ਰੁਪਏ ਉਸ ਨੇ ਕਰੋਨਾ ਦੇ ਨੋਡਲ ਅਫਸਰ ਡਾ: ਨਰੇਸ਼ ਆਵਲਾ ਨੂੰ ਦਿੱਤੇ ਹਨ । ਇਹ ਵਰਨਣਯੋਗ ਹੈ ਕਿ ਐਨ ਆਰ ਆਈਆਂ ਦੇ ਟੈਸਟ ਜਿਸ ਟਰੂਨੈੱਟ ਮਸ਼ੀਨ ‘ਤੇ ਕੀਤੇ ਜਾ ਰਹੇ ਸਨ ਉਸ ਦੀ ਨੋਡਲ ਅਫਸਰ ਡਾ: ਰਿਤੂ ਜੈਨ ਹੈ ਤੇ ਇੰਜ ਰਿਸ਼ਵਤ ਦੀਆਂ ਇਹ ਤਾਰਾਂ ਕਿੱਥੇ ਤੱਕ ਜਾ ਕੇ ਜੁੜਨਗੀਆਂ ਸਮਾਂ ਦੱਸੇਗਾ ਕਿਉਂਜੋ ਮਸੀਨ ਦੇ ਨੋਡਲ ਅਫਸਰ ਤੋਂ ਬਿਨ੍ਹਾਂ ਰਿਪੋਰਟਾਂ ਪਾਜ਼ਿਟਿਵ ਤੋਂ ਨੈਗੇਟਿਵ ਕਿਵੇਂ ਬਣ ਸਕਦੀਆਂ ਹਨ। ਹੋਰ ਤਾਂ ਹੋਰ ਜੇ ਇਕ ਦਿਨ ਵਿਚ 15 ਤੋਂ 20 ਟੈਸਟ ਹੀ ਕੀਤੇ ਜਾ ਸਕਦੇ ਹਨ ਤਾਂ ਵੱਧ ਟੋਕਨ ਦੇ ਕੇ ਲੋਕਾਂ ਨੂੰ ਲਾਈਨ ਵਿਚ ਖੜੇ ਕਰਕੇ ਫਿਰ 4 ਕ ਟੈਸਟਾਂ ਬਾਦ ਇਹ ਕਹਿ ਕੇ ਉਨ੍ਹਾਂ ਨੂੰ ਬਾਹਰ ਕੱਢ ਦੇਣਾ ਕਿ ਅਸੀਂ ਐਨ ਆਰ ਆਈਆਂ ਦੇ ਟੈਸਟ ਨਈ ਕਰਨੇ ਦੀ ਕੀ ਤੁੱਕ ਸੀ । ਕਿਤੇ ਅਜਿਹਾ ਤਾਂ ਨਹੀਂ ਕਿ 4-5 ਟੈਸਟ ਕਰਕੇ ਬਾਕੀਆਂ ਤੇ ਦਲਾਲਾਂ ਨੂੰ ਛੱਡ ਦਿੱਤਾ ਜਾਂਦਾ ਸੀ।  
ਇਹ 11 ਅਗਸਤ ਵਾਲੇ ਦਿਨ ਦੀ ਘਟਨਾ ਹੈ ਜਦੋਂ ਨੋਡਲ ਅਫਸਰ ਡਾ: ਰਿਤੂ ਜੈਨ ਨੇ ਪ੍ਰਵਾਸੀ ਪੰਜਾਬੀਆਂ ਦੇ ਕਰੋਨਾ ਟੈਸਟ ਇਹ ਕਹਿ ਕੇ ਕਰਨੇ ਬੰਦ ਕਰ ਦਿੱਤੇ ਸਨ ਕਿ ਟਰੂਨੈੱਟ ਮਸ਼ੀਨ ਸਿਰਫ਼ ਐਮਰਜੈਂਸੀ ਮਰੀਜ਼ਾਂ ਦੇ ਟੈਸਟਾਂ ਲਈ ਹੈ ਅਤੇ ਮੈਂ ਐਨ ਆਰ ਆਈਆਂ ਦੇ 4 ਟੈਸਟ ਹੀ ਕਰਨੇ। ਮੌਕਾ ਮੇਲ ਸੀ ਕਿ ਉਸੇ ਸਮੇਂ ਵਿਧਾਇਕ ਡਾ: ਹਰਜੋਤ ਕਮਲ ਦੀ ਤਬੀਅਤ ਵਿਗੜਨ ਕਰਕੇ ਉਹ ਆਪਣਾ ਕਰੋਨਾ ਟੈਸਟ ਕਰਵਾਉਣ ਸਰਕਾਰੀ ਹਸਪਤਾਲ ਪਹੰੁਚੇ ਜਿਥੇ ਐਨ ਆਰ ਆਈਆਂ ਨੇ ਆਪਣੀ ਹੋ ਰਹੀ ਖੱਜਲ ਖੁਆਰੀ ਅਤੇ ਰਿਸ਼ਵਤ ਲਏ ਜਾਣ ਬਾਰੇ ਵਿਧਾਇਕ ਨੂੰ ਜਾਣੂੰ ਕਰਵਾਇਆ । ਡਾ: ਹਰਜੋਤ ਵੱਲੋਂ ਨੋਡਲ ਅਫਸਰ ਡਾ: ਰਿਤੂ ਜੈਨ ਨਾਲ ਇਸ ਮਸਲੇ ’ਤੇ ਵਾਰਤਾਲਾਪ ਦੌਰਾਨ ਡਾ: ਰਿਤੂ ਜੈਨ ਭੜਕ ਗਈ ਅਤੇ ਮਾਮਲਾ ਦਿਨ ਬ ਦਿਨ ਵਿਗੜਦਾ ਗਿਆ । ਸਰਕਾਰੀ ਹਸਪਤਾਲ ਵਿਚ ਵੱਖ ਵੱਖ ਅਹੁਦਿਆਂ ’ਤੇ ਤੈਨਾਤ ਕੁਝ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਗੋਰਖ ਧੰਦੇ ’ਤੇ ਪਰਦਾ ਪਾਉਣ ਲਈ ਵਿਧਾਇਕ ਡਾ: ਹਰਜੋਤ ਕਮਲ ਨੂੰ ਹੀ ਨਿਸ਼ਾਨੇ ’ਤੇ ਲੈ ਲਿਆ ਅਤੇ ਸੂਬੇ ਭਰ ਵਿਚ ਹੋਈਆਂ ਬਦਲੀਆਂ ਅਤੇ ਇਹ ਕਹਿ ਕਿ ਵਿਧਾਇਕ ਭਿ੍ਰਸਟਾਚਾਰ ਦਾ ਮੁੱਦਾ ਬਣਾ ਕੇ ਸਾਨੂੰ ਬਦਨਾਮ ਕਰਦਾ ਨੂੰ ਹੜਤਾਲ ਦਾ ਆਧਾਰ ਬਣਾ ਲਿਆ ਗਿਆ। ਡਾ: ਹਰਜੋਤ ਦੇ ਬਾਰ ਬਾਰ ਇਹ ਕਹਿਣ ’ਤੇ ਕਿ ਐਨ ਆਰ ਆਈਆਂ ਤੋਂ ਰਿਸ਼ਵਤ ਲੈਣ ਦੇ ਦੋਸ਼ ਉਹਨਾਂ ਨੇ ਨਿੱਜੀ ਤੌਰ ’ਤੇ ਨਹੀਂ ਲਗਾਏ ਬਲਕਿ ਐੱਨ ਆਰ ਆਈਆਂ ਨੇ ਲਗਾਏ ਹਨ ਜਿਹਨਾਂ ਤੋਂ ਹਸਪਤਾਲ ਵਿਚ ਰਿਸ਼ਵਤ ਦੇ ਪੈਸੇ ਵੀ ਵਸੂਲੇ ਗਏ ਅਤੇ ਉਹਨਾਂ ਦੇ ਟੈਸਟ ਵੀ ਨਹੀਂ ਕੀਤੇ ਗਏ ਸਗੋਂ ਫਰੀਦਕੋਟ ਜਾਣ ’ਤੇ ਜਦੋਂ ਟੈਸਟ ਨਾ ਹੋਏ ਤਾਂ ਉਹਨਾਂ ਫਰੀਦਕੋਟ ਦੇ ਹੀ ਐੱਸ ਐੱਮ ਓ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਇਸ ਘਟਨਕ੍ਰਮ ਤੋਂ ਬਾਅਦ ਐੱਨ ਆਰ ਆਈ ਦਲਾਲ ਅਤੇ ਡਾਕਟਰ ਤੋਂ ਆਪਣੇ ਪੈਸੇ ਵਾਪਸ ਮੰਗਦੇ ਰਹੇ ਪਰ ਕੁਝ ਪੱਲੇ ਨਾ ਪੈਣ ਉਪਰੰਤ ਉਹਨਾਂ ਡਿਪਟੀ ਕਮਿਸ਼ਨਰ ਮੋਗਾ, ਐੱਸ ਐਸ ਪੀ ਮੋਗਾ ਫਿਰ ਸਿਹਤ ਮੰਤਰੀ ਅਤੇ ਮੁੱਖ ਮੰਤਰੀ ਨੂੰ ਹਸਪਤਾਲ ਵਿਚ ਚੱਲ ਰਹੇ ਭਿ੍ਰਸ਼ਟਾਚਾਰ ਅਤੇ ਅਨੈਤਿਕਤਾ ਬਾਰੇ ਪੜਤਾਲ ਕਰਵਾਉਣ ਦੀ ਮੰਗ ਕੀਤੀ  ਪਰ ਫੇਰ ਵੀ ਨਾ ਹਸਪਤਾਲ ਦੀ ਅਥਾਰਟੀ ਨੇ ਕੋਈ ਗੰਭੀਰ ਕਦਮ ਉਠਾਇਆ ਅਤੇ ਨਾ ਹੀ ਪ੍ਰਸ਼ਾਸਨ ਨੇ ਕੋਈ ਹਿਲਜੁਲ ਕੀਤੀ ਸਗੋਂ ਸੰਘਰਸ਼ ਕਮੇਟੀ ਵਿਧਾਇਕ ਡਾ: ਹਰਜੋਤ ਕਮਲ ਨੂੰ ਹੀ ਪਾਣੀ ਪੀ ਪੀ ਕੇ ਕੋਸਦੀ ਰਹੀ ਕਿ ਉਹ ਖਾਹਮਖਾਹ ਡਾਕਟਰਾਂ ਅਤੇ ਸਿਹਤ ਵਿਭਾਗ ਦੇ ਅਮਲੇ ਨੂੰ ਬਦਨਾਮ ਕਰ ਰਹੇ ਹਨ। ਪਰ ਹੁਣ ਜਦੋਂ ਰਿਸ਼ਵਤ ਦੇਣ ਵਾਲੇ ਐੱਨ ਆਰ ਆਈ, ਰਿਸ਼ਵਤ ਲੈਣ ਵਾਲੇ ਦਲਾਲ ਅਤੇ ਡਾਕਟਰਾਂ ਦੇ ਨਾਮ ਸਾਹਮਣੇ ਆ ਗਏ ਹਏ ਹਨ ਅਤੇ ਪ੍ਰਸ਼ਾਸਨ ਦੇ ਨਾਲ ਨਾਲ ਸਿਹਤ ਮੰਤਰੀ ਅਤੇ ਸਿਵਲ ਸਰਜਨ ਵੱਲੋਂ ਪੜਤਾਲ ਦੇ ਹੁਕਮ ਦਿੱਤੇ ਜਾ ਚੁੱਕੇ ਹਨ ਤਾਂ ਵਿਧਾਇਕ ਡਾ: ਹਰਜੋਤ ਕਮਲ  ਵੱਲੋਂ ਐੱਨ ਆਰ ਆਈਆਂ ਦੇ ਹੱਕ ਵਿਚ ਮਾਰੇ ਹਾਅ ਦੇ ਨਾਅਰੇ ਦਾ ਸੱਚ ਸਾਹਮਣੇ ਆ ਗਿਆ ਹੈ ਜਿਸ ਬਾਰੇ ਵਿਧਾਇਕ ਸਿਰਫ਼ ਇਨਾਂ ਹੀ ਆਖਦੇ ਨੇ ਕਿ ਸੱਚ ਬੋਲਣਾ ਤਾਂ ਦੂਰ ਅੱਜਕੱਲ ਲੋਕ ਸੱਚ ਸੁਨਣਾ ਵੀ ਪਸੰਦ ਨਹੀਂ ਕਰਦੇ। ਇਸੇ ਕਰਕੇ ਭਿ੍ਰਸ਼ਟਾਚਾਰ ਦੇ ਹੱਕ ਵਿਚ ਨਾਹਰੇ ਲਗਾ ਕੇ ਸਚਾਈ ਨੂੰ ਦਬਾਉਣ ਦੀ ਕੋਸਸਿ ਕੀਤੀ ਗਈ ਸੀ ਪਰ ਸੱਚ ਤਾਂ ਸੱਤ ਪਰਦੇ ਪਾੜ ਕੇ ਬਾਹਰ ਆ ਜਾਂਦੈ ਅਤੇ ਸਰਕਾਰੀ ਹਸਪਤਾਲ ‘ਚ ਚੱਲ ਰਹੇ ਭਿ੍ਰਸ਼ਟਾਚਾਰ ਦਾ ਪਰਦਾ ਫ਼ਾਸ਼ ਹੋਣਾ ਤੈਅ ਸੀ ਸੋ ਇਹ ਹੋ ਗਿਐ ਜੋ ਕਿ ਸਚਾਈ ਅਤੇ ਸੱਚੇ ਲੋਕਾਂ ਦੀ ਜਿੱਤ ਹੈ।
ਬਸ ਦੇਖਣ ਵਾਲਾ ਹੁਣ ਇਹ ਕਿ ਆਉਂਦੇ ਦਿਨਾਂ ਚ ਤਫਤੀਸ ਦੇ ਲਪੇਟੇ ਚ ਹੋਰ ਕਿੰਨੇ ਸਰੀਫ ਦਿਸਦੇ ਚੇਹਰੇ ਸਿਆਹ ਹੁੰਦੇ।