ਰਿਸ਼ਵਤ ਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਹੋਈ ਤਾਂ ਸੰਘਰਸ਼ ਕਮੇਟੀ ਚੁੱਪ ਨਹੀਂ ਰਹੇਗੀ - ਡਾ. ਗਗਨਦੀਪ

ਮੋਗਾ,20 ਅਗਸਤ (ਜਸ਼ਨ): ਕਰੋਨਾ ਟੈਸਟ ਕਰਨ ਬਦਲੇ ਰਿਸ਼ਵਤ ਲੈਣ ਦੇ ਦੋਸ਼ਾਂ ਵਿੱਚ ਜਿੰਨਾਂ ਲੋਕਾਂ ਦੇ ਨਾਮ ਆ ਰਹੇ ਹਨ ਜੇ ਉਨ੍ਹਾਂ ਚੋਂ ਕਿਸੇ ਨੂੰ ਵੀ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸਿਹਤ ਮੁਲਾਜਮ ਸੰਘਰਸ਼ ਕਮੇਟੀ ਚੁੱਪ ਨਹੀਂ ਰਹੇਗੀ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਤੱਕ ਆਪਣਾ ਸੰਘਰਸ਼ ਜਾਰੀ ਰੱਖੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਾ ਗਗਨਦੀਪ ਸਿੰਘ ਪ੍ਰਧਾਨ ਸਿਹਤ ਮੁਲਾਜ਼ਮ ਸੰਘਰਸ ਕਮੇਟੀ ਮੋਗਾ ਅਤੇ ਪੀ ਸੀ ਐਮ ਐਸ ਐਸੋਸੀਏਸ਼ਨ ਪੰਜਾਬ ਨੇ ਅੱਜ ਸਿਹਤ ਮੁਲਾਜਮ ਸੰਘਰਸ ਕਮੇਟੀ ਵੱਲੋਂ ਸਿਵਲ ਸਰਜਨ ਮੋਗਾ ਡਾ ਅਮਨਪ੍ਰੀਤ ਕੌਰ ਬਾਜਵਾ ਨਾਲ ਮੀਟਿੰਗ ਕਰਨ ਉਪਰੰਤ ਪ੍ਰੈਸ ਨੂੰ ਜਾਣਕਾਰੀ ਦੌਰਾਨ ਕੀਤਾ। ਉਹਨਾਂ ਦੱਸਿਆ ਕਿ ਸਿਵਲ ਸਰਜਨ ਮੋਗਾ ਨੇ ਸਾਨੂੰ ਪੂਰਾ ਭਰੋਸਾ ਦਿਵਾਇਆ ਹੈ ਕਿ ਸਿਵਲ ਸਰਜਨ ਦਫਤਰ ਵੱਲੋਂ ਕਿਸੇ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਾਵੇਗੀ ਅਤੇ ਉਹ ਖੁਦ ਐਸ. ਐਸ. ਪੀ. ਮੋਗਾ ਨੂੰ ਮਿਲ ਕੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕਰਨਗੇ। ਉਹਨਾਂ ਕਿਹਾ ਕਿ ਸੰਘਰਸ਼ ਕਮੇਟੀ ਪਹਿਲੇ ਦਿਨ ਤੋਂ ਹੀ ਇਹ ਮੰਗ ਕਰਦੀ ਆ ਰਹੀ ਹੈ ਕਿ 11 ਅਗਸਤ ਦੀ ਘਟਨਾ ਅਤੇ ਰਿਸ਼ਵਤ ਦੇ ਦੋਸ਼ਾਂ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਨੂੰ ਸਖਤ ਸਜਾ ਦਿੱਤੀ ਜਾਵੇ ਪਰ ਉਸ ਦਿਨ ਕੁੱਝ ਚਹੇਤੇ ਲੋਕਾਂ ਨੂੰ ਬਚਾਉਣ ਲਈ ਇੱਕ ਇਮਾਨਦਾਰ ਡਾਕਟਰ ਦੇ ਸਿਰ ਦੋਸ਼ ਮੜਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਬਾਰੇ ਸਾਨੂੰ ਪਹਿਲੇ ਦਿਨ ਹੀ ਪਤਾ ਲੱਗ ਗਿਆ ਸੀ, ਇਸੇ ਕਾਰਨ ਅਸੀਂ ਪਹਿਲੇ ਦਿਨ ਤੋਂ ਹੀ ਰਿਸ਼ਵਤ ਕਾਂਡ ਦੀ ਉਚ ਪੱਧਰੀ ਜਾਂਚ ਦੀ ਮੰਗ ਕਰ ਰਹੇ ਸੀ। ਡਾ ਰੀਤੂ ਜੈਨ ਉਪਰ ਐਮ ਐਲ ਏ ਸਾਹਿਬ ਦੀ ਹਾਜ਼ਰੀ ਵਿੱਚ ਦੋ ਦੋਸ਼ ਲਗਾਏ ਗਏ ਸਨ, ਇੱਕ ਐਨ. ਆਰ. ਆਈ.‘ਜ ਦੇ ਟੈਸਟ ਕਰਨ ਤੋਂ ਜਵਾਬ ਦੇਣ ਅਤੇ ਦੂਸਰਾ ਟੈਸਟ ਕਰਨ ਬਦਲੇ 3500 ਰੁ: ਲੈਣ ਦਾ। ਸਿਹਤ ਸਕੱਤਰ ਵੱਲੋਂ ਜਾਰੀ ਕੀਤੀ ਚਿੱਠੀ ਨੇ ਡਾ ਰੀਤੂ ਨੂੰ ਪਹਿਲਾਂ ਹੀ ਦੋਸ਼ ਮੁਕਤ ਕਰ ਦਿੱਤਾ ਹੈ ਕਿਉਂਕਿ ਉਸ ਚਿੱਠੀ ਮੁਤਾਬਕ ਉਹ ਸਰਕਾਰ ਦੇ ਨਿਰਦੇਸ਼ਾਂ ਦਾ ਪਾਲਣ ਕਰ ਰਹੇ ਸਨ ਤੇ ਐਮ ਐਲ ਏ ਸਾਹਿਬ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਇਹ ਮਸੀਨ ਸਿਰਫ ਐਮਰਜੰਸੀ ਮਰੀਜਾਂ ਦੇ ਟੈਸਟ ਲਈ ਹੈ। ਰਿਸ਼ਵਤ ਦੇ ਦੋਸ਼ ਵੀ ਹੁਣ ਡਾ ਰੀਤੂ ਜੈਨ ਦੀ ਬਜਾਏ ਹੋਰ ਲੋਕਾਂ ਤੇ ਲੱਗ ਰਹੇ ਹਨ, ਜਿਨ੍ਹਾਂ ਨੂੰ ਅਜਾਦੀ ਦਿਵਸ ਮੌਕੇ ਪਹਿਲ ਦੇ ਆਧਾਰ ਤੇ ਸਨਮਾਨਿਤ ਕੀਤਾ ਗਿਆ ਸੀ । ਇਸ ਮੌਕੇ ਸੰਘਰਸ਼ ਕਮੇਟੀ ਦੇ ਸਮੂਹ ਮੈਂਬਰਾਂ ਨੇ ਕਿਹਾ ਡਾ ਰੀਤੂ ਨੇ ਜਿਸ ਬਹਾਦਰੀ ਨਾਲ ਉਸ ਦਿਨ ਐਮ ਐਲ ਏ ਸਾਹਿਬ ਦੇ ਸਾਹਮਣੇ ਮੁੱਦਾ ਉਠਾਇਆ, ਉਸ ਲਈ ਉਸਦਾ ਉਚੇਚਾ ਸਨਮਾਨ ਹੋਣਾ ਚਾਹੀਦਾ ਹੈ ਕਿਉਂਕਿ ਇਸ ਬਹਾਨੇ ਐਨ ਆਰ ਆਈ ਵੀਰਾਂ ਭੈਣਾਂ ਨੂੰ ਟਰੂਨਾਟ ਮਸ਼ੀਨ ਤੇ ਟੈਸਟ ਕਰਵਾਉਣ ਦਾ ਅਧਿਕਾਰ ਮਿਲ ਗਿਆ ਭਾਵੇਂ ਉਸ ਮਸ਼ੀਨ ਦੀ ਸਮਰੱਥਾ ਵਧਾਉਣ ਬਾਰੇ ਹਾਲੇ ਤੱਕ ਕਿਸੇ ਸਰਕਾਰੀ ਨੁਮਾਇੰਦੇ ਨੇ ਹਾਮੀ ਨਹੀਂ ਭਰੀ। ਉਨ੍ਹਾਂ ਕਿਹਾ ਕਿ ਰਿਸ਼ਵਤ ਕਾਂਡ ਦੀਆਂ ਸਾਰੀਆਂ ਆਡੀਓ ਵੀਡਿਓ ਪ੍ਰੈਸ ਕੋਲ ਪਹੁੰਚ ਚੁੱਕੀਆਂ ਹਨ। ਹੁਣ ਵੇਖਣ ਵਾਲੀ ਗੱਲ ਹੋਵੇਗੀ ਕਿ ਇਸ ਕਾਂਡ ਨਾਲ ਜੁੜੇ ਸਭ ਲੋਕਾਂ ਨੂੰ ਸਜ਼ਾ ਮਿਲਦੀ ਹੈ ਜਾਂ ਫਿਰ ਇੱਕ ਬਲੀ ਦੇ ਕੇ ਸਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ? ਕੀ ਰਿਸ਼ਵਤ ਦੇ ਦੋਸ਼ੀ ਲੋਕਾਂ ਤੋਂ ਸਨਮਾਨ ਵਾਪਸ ਲਏ ਜਾਂਦੇ ਹਨ ਜਾਂ ਨਹੀਂ?  ਡਾ ਰੀਤੂ ਜੈਨ ਤੋਂ ਕੌਣ ਕੌਣ ਆਪਣੀ ਗਲਤੀ ਲਈ ਮੁਆਫੀ ਮੰਗਦਾ ਹੈ? ਡਾ ਰੀਤੂ ਜੈਨ ਨੂੰ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਬਦਲੇ ਸਨਮਾਨਿਤ ਕੀਤਾ ਜਾਂਦਾ ਹੈ ਜਾਂ ਨਹੀ?  ਇਹ ਸਭ ਸਵਾਲ ਭਵਿੱਖ ਦੇ ਗਰਭ ਵਿੱਚ ਹਨ, ਜਿਨ੍ਹਾਂ ਦੇ ਜਵਾਬ ਜੇਕਰ ਜਵਾਬ ਹਾਂ ਪੱਖੀ ਆਉਣ ਤਾਂ ਮੋਗਾ ਵਾਸੀਆਂ ਲਈ ਸੁਖਦ ਅਹਿਸਾਸ ਹੋਵੇਗਾ। ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਮੁਲਜ਼ਮ ਜੱਥੇਬੰਦੀਆਂ ਉਨੀਂ ਦੇਰ ਹੀ ਕਿਸੇ ਰਾਜਨੀਤਕ ਆਗੂ ਬਾਰੇ ਦੂਸ਼ਣਬਾਜ਼ੀ ਕਰਦੀਆਂ ਹਨ, ਜਿੰਨੀ ਦੇਰ ਚਲਦੇ ਸੰਘਰਸ਼ ਵਿੱਚ ਜਿੱਤ ਨਹੀਂ ਮਿਲ ਜਾਂਦੀ, ਉਸ ਤੋਂ ਬਾਅਦ ਫਿਰ ਇੱਕ ਸੁਧਾਰਵਾਦੀ ਆਸ ਨਾਲ ਉਸੇ ਆਗੂ ਨਾਲ ਆਮ ਵਾਂਗ ਰਿਸ਼ਤੇ ਰੱਖਦੀ ਹੈ। ਇਸ ਲਈ ਅਸੀਂ ਹੁਣ ਆਮ ਵਾਂਗ ਰਿਸ਼ਤੇ ਰੱਖ ਕੇ ਅੱਗੇ ਵਧਣਾ ਚਾਹੁੰਦੇ ਹਾਂ ਅਤੇ ਅਸੀਂ ਐਨ ਆਰ ਆਈਜ਼ ਨੂੰ ਸਰਕਾਰ ਵੱਲੋਂ ਮਿਲਣ ਵਾਲੀ ਕਿਸੇ ਵੀ ਸਹੂਲਤ ਦੇ ਵਿਰੁੱਧ ਨਹੀਂ ਬਲਕਿ ਹੱਕ ਵਿੱਚ ਹਾਂ। ਇਸ ਮੌਕੇ ਡਾ ਗਗਨਦੀਪ ਸਿੰਘ, ਡਾ. ਇੰਦਰਵੀਰ ਸਿੰਘ, ਡਾ ਮੁਨੀਸ਼ ਅਰੋੜਾ, ਕੁਲਬੀਰ ਸਿੰਘ ਢਿੱਲੋਂ, ਮਹਿੰਦਰ ਪਾਲ ਲੂੰਬਾ, ਗੁਰਬਚਨ ਸਿੰਘ ਕੰਗ, ਪਰਮਿੰਦਰ ਸਿੰਘ, ਚਮਨ ਲਾਲ ਸੰਗੇਲੀਆ, ਜਸਵਿੰਦਰ ਸਿੰਘ ਮਟਵਾਣੀ ਅਤੇ ਅਨਮੋਲ ਸਿੰਘ ਭੱਟੀ ਹਾਜਰ ਸਨ।