ਸ਼ੂਗਰ :ਇਲਾਜ ਨਾਲੋਂ ਪ੍ਰਹੇਜ਼ ਚੰਗਾ -- ਡਾ ਅਮਨਦੀਪ ਸਿੰਘ ਟੱਲੇਵਾਲੀਆ,ਕੀ ਨੇ ਸ਼ੂਗਰ ਦੇ ਕਾਰਨ ,ਸ਼ੂਗਰ ਦੇ ਲੱਛਣ ,ਸ਼ੂਗਰ ਦੇ ਸਰੀਰ ਉੱਪਰ ਅਸਰ,ਸ਼ੂਗਰ ਅਤੇ ਨੁਸਖੇ ,ਦਵਾਈਆਂ ਅਤੇ ਪਰਹੇਜ਼

ਮੋਗਾ, 19 ਅਗਸਤ (ਇੰਟਰਨੈਸ਼ਨਲ  ਪੰਜਾਬੀ  ਨਿਊਜ਼ ) :ਜਦੋਂ ਖ਼ੂਨ ਅੰਦਰ ਗਲੂਕੋਜ ਦੀ ਮਾਤਰਾ ਵਧ ਜਾਂਦੀ ਹੈ ਤਾਂ ਉਸ ਨੂੰ ਸ਼ੂਗਰ ਜਾਂ ਸ਼ੱਕਰ ਰੋਗ ਕਿਹਾ ਜਾਂਦਾ ਹੈ। ਇਨਸੁਲਿਨ( insulin)ਹਾਰਮੋਨ ਜੋ ਕਿ ਪੈਨਕ੍ਰਿਆਸ (pancreas) ਦੁਆਰਾ ਪੈਦਾ ਕੀਤਾ ਜਾਂਦਾ ਹੈ ਉਸ ਦੀ ਘਾਟ ਜਾਂ ਅਸੰਤੁਲਿਨ ਹੀ ਸ਼ੂਗਰ ਦਾ ਮੁੱਖ ਕਾਰਨ ਬਣਦਾ ਹੈ ਕਿਉਂਕਿ ਇਨਸੁਲਿਨ ਹਾਰਮੋਨ ਹੀ  ਖੂਨ ਵਿਚਲੀ ਸ਼ੂਗਰ ਨੂੰ ਕੰਟਰੋਲ ਕਰਦਾ ਹੈ ।

ਸ਼ੂਗਰ ਦੀਆਂ ਕਿਸਮਾਂ :
੧ ਕਿਸਮ ਪਹਿਲੀ ਸ਼ੂਗਰ
(type1diabetes mellitus)
੨ਕਿਸਮ ਦੂਜੀ ਸ਼ੂਗਰ(type 2 diabetes mellitus)
੩ਗਰਭ ਦੌਰਾਨ ਪੈਦਾ ਹੋਣ ਵਾਲੀ ਸ਼ੂਗਰ  
ਟਾਇਪ ਇੱਕ ਡਾਇਬਿਟੀਜ਼ ਮੈਲਾਇਟਸ ਨੂੰ ਇਨਸੁਲਿਨ ਡਿਪੈਂਡੈਂਟ ਸ਼ੂਗਰ ਵੀ ਕਿਹਾ ਜਾਂਦਾ ਹੈ ਇਸ ਕਿਸਮ ਦੀ ਸ਼ੂਗਰ ਪੰਜ ਤੋਂ ਦਸ ਪ੍ਰਤੀਸ਼ਤ ਲੋਕਾਂ ਨੂੰ ਹੁੰਦੀ  ਹੈ । ਅਜਿਹੇ  ਮਰੀਜ਼ਾਂ ਨੂੰ ਰੋਜ਼ਾਨਾ ਇੰਸੁਲਿਨ ਟੀਕਿਆਂ ਦੇ ਰੂਪ ਵਿੱਚ ਲੈਣੀ ਪੈਂਦੀ ਹੈ ਇਹ ਕਿਸਮ ਆਮ ਤੌਰ ਤੇ  ਬੱਚਿਆਂ ਵਿੱਚ ਜਾਂ ਕੁਝ ਹਦ ਤਕ ਨੌਜਵਾਨਾਂ ਵਿੱਚ ਵੀ ਪਾਈ ਜਾਂਦੀ ਹੈ ਇਹ ਤੇਜ਼ੀ ਨਾਲ ਹੁੰਦੀ ਹੈ  ਪਤਲੇ ਜਾਂ ਸਹੀ ਵਜ਼ਨ ਵਾਲੇ ਲੋਕ ਇਸ ਦਾ ਸ਼ਿਕਾਰ ਜਿਆਦਾ ਹੁੰਦੇ ਹਨ ।
ਟਾਈਪ ਦੋ ਡਾਇਬਟੀਜ਼ ਮੈਲਾਈਟਸ ਜਾਂ ਨਾਨ ਇਨਸੁਲਿਨ ਡਿਪੈਂਡੈਂਟ ਡਾਇਬਟਿਜ
ਇਸ ਤਰ੍ਹਾਂ ਦੀ ਸ਼ੂਗਰ ਵਿੱਚ ਸਰੀਰ ਅੰਦਰ ਇਨਸੂਲਿਨ ਪੈਦਾ ਤਾਂ ਹੁੰਦੀ ਹੈ ਪਰ ਉਨੀ ਮਾਤਰਾ ਵਿੱਚ ਨਹੀਂ ਜਿਹੜੀ ਖੂਨ ਵਿਚਲੇ  ਸ਼ੂਗਰ ਨੂੰ ਕੰਟਰੋਲ ਕਰ ਸਕੇ ।ਨੱਬੇ ਤੋਂ ਪਚਾਨਵੇਂ ਪ੍ਰਤੀਸ਼ਤ ਲੋਕ ਟਾਈਪ ਟੂ ਡਾਇਬਿਟੀਜ਼ ਮੈਲਾਈਟਸ  ਦਾ ਸ਼ਿਕਾਰ ਹੁੰਦੇ ਹਨ ਇਸ ਪ੍ਰਕਾਰ ਦੀ ਸ਼ੂਗਰ ਆਮ ਤੌਰ ਤੇ ਚਾਲੀ ਸਾਲ ਤੋਂ ਵੱਡੀ ਉਮਰ ਦੇ ਲੋਕਾਂ ਵਿਚ ਪਾਈ ਜਾਂਦੀ ਹੈ ।ਇਸ ਤਰ੍ਹਾਂ ਦੀ ਸ਼ੂਗਰ ਦੇ ਮਰੀਜ਼ਾਂ ਵਿੱਚ ਅਲਾਮਤਾਂ ਹੌਲੀ ਹੌਲੀ ਉਜਾਗਰ ਹੁੰਦੀਆਂ ਹਨ ਇਸੇ ਕਰਕੇ ਸ਼ੂਗਰ ਨੂੰ ਸਾਈਲੈਂਟ ਕਿੱਲਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ।
ਗਰਭ ਅਵਸਥਾ ਦੀ ਸ਼ੂਗਰ :ਕੁਝ ਔਰਤਾਂ ਵਿੱਚ ਗਰਭ ਅਵਸਥਾ ਦੌਰਾਨ ਬਲੱਡ ਗੁਲੂਕੋਜ਼ ਲੈਵਲ ਦਾ ਵਾਧਾ ਹੋ ਜਾਂਦਾ ਹੈ ਇਸ ਨੂੰ ਗਰਭ ਅਵਸਥਾ  ਦੀ ਸ਼ੂਗਰ ਕਿਹਾ ਜਾਂਦਾ ਹੈ ਪਰ ਬੱਚਾ ਹੋਣ ਤੋਂ ਬਾਅਦ ਸ਼ੂਗਰ ਆਪਣੇ ਆਪ ਠੀਕ ਹੋ  ਜਾਂਦੀ ਹੈ ਪਰ ਫਿਰ ਵੀ ਸ਼ੂਗਰ ਹੋਣ ਦਾ ਖਤਰਾ ਸਿਰ ਉੱਤੇ ਮੰਡਰਾਉਂਦਾ ਰਹਿੰਦਾ ਹੈ ।

ਸ਼ੂਗਰ ਦੇ ਕਾਰਨ :

ਜੱਦੀ ਪੁਸ਼ਤੀ 
ਮੋਟਾਪਾ
 ਮਾਨਸਿਕ ਤਣਾਅ 
 ਕਸਰਤ ਦੀ ਘਾਟ 
ਕਾਰਬੋਹਾਈਡ੍ਰੇਟ ਯੁਕਤ ਭੋਜਨ ਅਤੇ ਫਾਸਟ ਫੂਡ ਦਾ ਜ਼ਿਆਦਾ ਇਸਤੇਮਾਲ  
ਸ਼ਰਾਬ ਅਤੇ ਹੋਰ ਨਸ਼ੇ 

ਸ਼ੂਗਰ ਦੇ ਲੱਛਣ :
ਜਿਵੇਂ ਕਿ ਪਹਿਲਾਂ ਤੋਂ ਸੁਣਦੇ ਅਤੇ ਪੜ੍ਹਦੇ ਆ ਰਹੇ ਹਾਂ ਕਿ ਜਦੋਂ ਕਿਸੇ ਨੂੰ ਭੁੱਖ ਵੱਧ ਲੱਗਣ ਲੱਗ ਜਾਵੇ ਪਿਆਸ ਵੱਧ ਲੱਗਣ ਲੱਗ ਜਾਵੇ ਅਤੇ ਪਿਸ਼ਾਬ ਵੱਧ ਆਵੇ ਤਾਂ ਉਸ ਨੂੰ ਸ਼ੂਗਰ ਹੋ ਸਕਦੀ ਹੈ ਪਰ ਅੱਜ ਕੱਲ੍ਹ ਦੇਖਣ ਵਿਚ ਆ ਰਿਹਾ ਹੈ ਕਿ ਬਹੁਤ ਸਾਰੇ ਮਰੀਜ਼ ਜਿਨ੍ਹਾਂ ਨੂੰ ਇਸ ਤਰ੍ਹਾਂ ਦਾ ਕੋਈ ਵੀ ਲੱਛਣ ਨਹੀਂ ਹੁੰਦਾ ਸਿਰਫ ਚੈੱਕ ਕਰਵਾਉਣ ਤੇ ਪਤਾ ਚੱਲਦਾ ਹੈ ਕਿ ਉਹ ਸ਼ੂਗਰ ਦੇ ਮਰੀਜ਼ ਹਨ ਤੇ ਸ਼ੂਗਰ ਵੀ ਉਨ੍ਹਾਂ ਦੀ ਦੋ ਸੌ ਜਾਂ ਤਿੰਨ ਸੌ ਹੁੰਦੀ ਹੈ ਅਜਿਹੇ ਮਰੀਜ਼ਾਂ ਵਿੱਚ ਸ਼ੂਗਰ ਦਾ ਇੱਕ ਵੀ ਲੱਛਣ ਨਹੀਂ ਪਾਇਆ ਜਾਂਦਾ ਜੋ ਕਿ ਬਹੁਤ ਹੀ ਖ਼ਤਰਨਾਕ ਵਰਤਾਰਾ ਹੈ ਤਾਂ ਹੀ ਤਾਂ ਸ਼ੂਗਰ ਨੂੰ ਸਾਈਲੈਂਟ ਕਿੱਲਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ । ਕਈ ਵਾਰ ਮਰੀਜ਼ ਆ ਕੇ ਸ਼ਿਕਾਇਤ ਕਰਦਾ ਹੈ ਕਿ ਉਸ ਦੇ ਪਿਸ਼ਾਬ ਵਾਲੀ ਜਗ੍ਹਾ  ਖੁਰਕ ਹੁੰਦੀ ਹੈ ਜਾਂ ਕਈ ਹਾਲਤਾਂ ਵਿੱਚ ਮਰੀਜ਼ ਦੇ ਪਿਸ਼ਾਬ ਵਾਲੀ ਜਗ੍ਹਾ ਬਿਆਈਆਂ ਖੁਲ੍ਹਣ ਲੱਗ ਜਾਂਦੀਆਂ ਹਨ ਜੋ ਕਿ ਸ਼ੂਗਰ ਦਾ ਹੀ ਲੱਛਣ ਹੁੰਦਾ ਹੈ ।ਇਸ ਤੋਂ ਇਲਾਵਾ ਕਿਸੇ ਵੀ ਜ਼ਖਮ ਦਾ ਛੇਤੀ ਠੀਕ ਨਾ ਹੋਣਾ ਜਾਂ ਚਮੜੀ ਦਾ ਖੁਸ਼ਕ ਹੋਣਾ ਤੇ ਪਿੰਡੇ ਉੱਤੇ ਫਿਨਸੀਆਂ ਨਿਕਲਣੀਆਂ ਵੀ ਸ਼ੂਗਰ ਦਾ ਲੱਛਣ ਹੋ ਸਕਦਾ ਹੈ ।ਕਈ ਮਰੀਜ਼ਾਂ ਵਿੱਚ ਸ਼ੂਗਰ ਦਾ ਉਦੋਂ ਪਤਾ ਲੱਗਦਾ ਹੈ ਜਦ ਨਿਗ੍ਹਾ ਕਮਜ਼ੋਰ ਹੋ ਜਾਂਦੀ ਹੈ ।ਹੱਥਾਂ ਪੈਰਾਂ ਵਿੱਚ ਸੁੰਨਾਪਣ, ਖੱਲੀਆਂ ਪੈਣੀਆਂ ,ਤਾਓਣੀਆਂ ਆਉਣੀਆਂ ਜ਼ਿਆਦਾ ਪਸੀਨਾ ਆਉਣਾ ,ਹੱਥਾਂ ਪੈਰਾਂ ਚੋਂ ਸੇਕ ਨਿਕਲਣਾ ਵੀ ਸ਼ੂਗਰ ਦੇ ਲੱਛਣ ਹੁੰਦੇ ਹਨ ।ਸਰੀਰ ਦਾ ਥੱਕਿਆ ਥੱਕਿਆ ਰਹਿਣਾ ਕੰਮ ਕਰਨ ਨੂੰ ਜੀਅ ਨਾ ਕਰਨਾ ਅਤੇ ਵਜ਼ਨ ਦਾ ਲਗਾਤਾਰ ਘਟਦੇ ਜਾਣਾ ਨਿਗ੍ਹਾ ਵਿੱਚ ਧੁੰਦਲਾਪਣ ਸਿਰ ਚਕਰਾਉਣਾ ਇਹ ਸ਼ੂਗਰ ਦੇ ਪੱਕੇ ਲੱਛਣ ਹਨ ।
ਸ਼ੂਗਰ ਦੇ ਸਰੀਰ ਉੱਪਰ ਅਸਰ:
ਸ਼ੂਗਰ ਨੂੰ  'ਘੁਣ 'ਕਹਿ ਲਈਏ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ ਜਿਸ ਤਰ੍ਹਾਂ ਘੁਣ ਲੱਕੜ ਨੂੰ ਖਾ ਜਾਂਦਾ ਹੈ ਤੇ ਇਸੇ ਤਰ੍ਹਾਂ ਸ਼ੂਗਰ ਸਾਡੇ ਸਰੀਰ ਨੂੰ ਅੰਦਰੇ ਅੰਦਰ ਖਤਮ ਕਰ ਦਿੰਦੀ ਹੈ ਜਿਵੇਂ ਕਿ ਅਸੀਂ ਦੇਖਦੇ ਹਾਂ ਸਾਡੇ ਘਰਾਂ ਵਿੱਚ ਤਖਤਿਆਂ, ਅਲਮਾਰੀਆਂ ਜਾਂ ਲੱਕੜ ਦੇ  ਕਿਸੇ ਸਮਾਨ ਨੂੰ ਜਦ ਘੁਣ ਲੱਗ ਜਾਂਦਾ ਹੈ ਤਾਂ ਉਹ ਖੜ੍ਹੇ ਖੜ੍ਹੇ ਡਿੱਗ ਪੈਂਦੇ ਹਨ ਇਸੇ ਤਰ੍ਹਾਂ ਮਨੁੱਖੀ ਸਰੀਰ ਨੂੰ ਸ਼ੂਗਰ ਘੁਣ ਵਾਂਗ ਖਾ ਜਾਂਦੀ ਹੈ ਤੇ ਕਿੰਨੇ ਹੀ ਸ਼ਤੀਰਾਂ ਵਰਗੇ ਗੱਭਰੂ ਤੇ ਜਵਾਨ ਔਰਤਾਂ ਸ਼ੂਗਰ ਦਾ  ਸ਼ਿਕਾਰ ਹੋ ਕੇ ਸਦਾ ਲਈ ਨਕਾਰਾ ਹੋ ਜਾਂਦੇ  ਹਨ ਸ਼ੂਗਰ ਸਰੀਰ ਦੇ ਵੱਖ ਵੱਖ ਅੰਗਾਂ ਉੱਤੇ ਅਸਰ ਪਾਉਂਦੀ ਹੈ ਕਈ ਮਰੀਜ਼ਾਂ ਵਿੱਚ ਤਾਂ ਸਾਰੇ ਅੰਗ ਹੀ ਸ਼ੂਗਰ ਦੀ ਲਪੇਟ ਵਿੱਚ ਆ ਜਾਂਦੇ ਹਨ ਪਰ  ਵੇਖਣ ਵਿੱਚ ਆਇਆ ਹੈ ਕਿ ਹਰੇਕ ਮਰੀਜ਼ ਉੱਤੇ ਸ਼ੂਗਰ ਦਾ ਵੱਖ ਵੱਖ ਅੰਗਾਂ ਤੇ ਅਸਰ ਹੁੰਦਾ ਹੈ ਦਿਲ ,ਦਿਮਾਗ ,ਗੁਰਦੇ ,ਅੱਖਾਂ ਪੈਰ, ਨਸਾਂ ਚਮੜੀ ਅਤੇ ਜਨਣ ਕਿਰਿਆ ਦੇ ਅੰਗ ਇਸ ਦਾ ਸ਼ਿਕਾਰ ਛੇਤੀ ਹੁੰਦੇ ਹਨ ।ਆਮ ਲੋਕਾਂ ਨਾਲੋਂ  ਸ਼ੂਗਰ ਦੇ ਮਰੀਜ਼ਾਂ ਵਿਚ ਦਿਲ ਦੀਆਂ ਬਿਮਾਰੀਆਂ ਅਤੇ ਅਧਰੰਗ ਦਾ ਖ਼ਤਰਾ ਵਧ ਜਾਂਦਾ ਹੈ ਦਿਲ ਅਤੇ ਦਿਲ ਦੀਆਂ ਧਮਨੀਆਂ ਵਿਚ ਖੂਨ ਦਾ ਦੌਰਾ ਘੱਟ ਹੋਣ ਕਾਰਨ ਧਮਣੀਆਂ ਵਿੱਚ ਰੁਕਾਵਟ ਆ ਜਾਂਦੀ ਹੈ ਜਿਸ ਨੂੰ ਕਿ ਅਸੀਂ ਨਸਾਂ   ਦੇ ਬੰਦ ਹੋਣ ਦਾ ਨਾਂ ਦਿੰਦੇ ਹਾਂ ਛਾਤੀ  ਵਿੱਚ ਦਰਦ ,ਸਾਹ ਫੁੱਲਣਾ ,ਗਿੱਟਿਆਂ ਉੱਤੇ ਸੋਜ ਇਹ ਸਾਰੇ ਲੱਛਣ ਦਿਲ ਦੀਆਂ ਬਿਮਾਰੀਆਂ ਦੇ ਹੋ ਸਕਦੇ ਹਨ ਦਿਲ ਦੀਆਂ ਧਮਣੀਆਂ ਦੇ ਤੰਗ ਹੋਣ ਕਾਰਨ ਖੂਨ ਦਾ ਦੌਰਾ ਘੱਟ ਜਾਂਦਾ ਹੈ ਜਿਸ ਕਾਰਨ ਦਿਲ ਦਾ ਦੌਰਾ ਪੈ ਜਾਂਦਾ ਹੈ ਇਸੇ ਤਰ੍ਹਾਂ ਜੇਕਰ ਦਿਮਾਗ ਦੀਆਂ ਨਸਾਂ ਵਿਚ ਰੁਕਾਵਟ ਆ ਜਾਵੇ ਤਾਂ ਅਧਰੰਗ ਹੋ ਜਾਂਦਾ ਹੈ ਆਮ ਲੋਕਾਂ ਨਾਲੋਂ ਸ਼ੂਗਰ ਦੇ ਮਰੀਜ਼ਾਂ ਵਿੱਚ ਅਧਰੰਗ ਦਾ ਖ਼ਤਰਾ ਦੋ ਤੋਂ ਚਾਰ ਗੁਣਾ ਵੱਧ ਹੁੰਦਾ ਹੈ ਇਸੇ ਕਰਕੇ ਕਿਹਾ ਜਾਂਦਾ ਹੈ ਤੇ ਸ਼ੂਗਰ ਦਾ ਮਰੀਜ਼ ਕਦੇ ਵੀ ਅਵੇਸਲਾ ਨਾ ਹੋਵੇ ।ਸ਼ੂਗਰ ਅੱਖਾਂ ਉੱਤੇ ਵੀ ਬਹੁਤ ਜ਼ਿਆਦਾ ਅਸਰ ਪਾਉਂਦੀ ਹੈ ਰੈਟੀਨਾ ਦੀਆਂ ਬਿਮਾਰੀਆਂ ਜਿਸ ਨੂੰ ਕੇ  ਡਾਕਟਰੀ ਭਾਸ਼ਾ ਵਿੱਚ ਰੈਟੀਨੋਪੈਥੀ ਕਿਹਾ ਜਾਂਦਾ ਹੈ ਇਹ ਹੋਣਾ ਤਾਂ ਆਮ ਗੱਲ ਹੈ ।ਸ਼ੂਗਰ ਦੇ ਮਰੀਜ਼ ਕਾਲਾ ਮੋਤੀਆ ਇੱਥੋਂ ਤੱਕ ਕਿ ਅੰਨ੍ਹੇਪਣ ਦਾ ਸ਼ਿਕਾਰ ਵੀ ਹੋ ਜਾਂਦੇ ਹਨ ਸੋ ਇਸ ਕਰਕੇ  ਸ਼ੂਗਰ ਦੇ ਮਰੀਜ਼ਾਂ ਨੂੰ ਜਦੋਂ ਵੀ ਅੱਖਾਂ ਬਾਰੇ ਕੋਈ ਤਕਲੀਫ  ਹੋਵੇ  ਤਾਂ ਆਪਣੇ ਡਾਕਟਰ ਨਾਲ ਫੌਰਨ ਮਸ਼ਵਰਾ ਕਰਨਾ ਜ਼ਰੂਰੀ ਹੁੰਦਾ ਹੈ। ਸ਼ੂਗਰ ਦੇ ਮਰੀਜ਼ਾਂ ਵਿੱਚ ਗੁਰਦੇ ਫੇਲ੍ਹ ਹੋਣਾ ਆਮ ਵਰਤਾਰਾ ਹੈ ਵਧੀ ਹੋਈ ਸ਼ੂਗਰ ਹੌਲੀ ਹੌਲੀ ਗੁਰਦਿਆਂ ਨੂੰ ਖਰਾਬ ਕਰ ਦਿੰਦੀ ਹੈ ਜਦੋਂ ਗੁਰਦੇ ਸਰੀਰ ਵਿਚਲੇ ਬਲੱਡ ਯੂਰੀਆ ਅਤੇ ਕਰੀਟੀਨਾਇਨ ਨੂੰ ਪੁਣਨਾ ਹਟ ਜਾਂਦੇ ਹਨ ਤਾਂ ਇਹ  ਖ਼ੂਨ ਵਿੱਚ ਵਧਣਾ ਸ਼ੁਰੂ ਹੋ ਜਾਂਦਾ ਹੈ ਤੇ ਪਿਸ਼ਾਬ ਵਿੱਚ ਪ੍ਰੋਟੀਨ ਆਉਣ ਲੱਗ ਜਾਂਦੀ ਹੈ ਜਿਸ ਨੂੰ  ਗੁਰਦੇ ਫੇਲ੍ਹ ਹੋਣਾ ਆਖਿਆ ਜਾਂਦਾ ਹੈ। ਸ਼ੂਗਰ ਦੇ ਮਰੀਜ਼ ਦੀਆਂ ਨਸਾਂ ਬਹੁਤ ਛੇਤੀ ਕਮਜ਼ੋਰ ਹੁੰਦੀਆਂ ਹਨ ਜਿਸ ਨੂੰ ਮੈਡੀਕਲ ਭਾਸ਼ਾ ਵਿੱਚ ਨਿਊਰੋਪੈਥੀ ਕਿਹਾ ਜਾਂਦਾ ਹੈ  । ਖਾਸ ਕਰਕੇ ਪੈਰਾਂ ਅਤੇ ਹੱਥਾਂ ਦੀਆਂ ਨਸਾਂ ਜ਼ਿਆਦਾ ਸੁੰਨ  ਹੁੰਦੀਆਂ ਹਨ ਪੈਰਾਂ ਅਤੇ ਹੱਥਾਂ ਵਿੱਚ ਸੁੰਨਾਪਣ ਅਤੇ ਖੱਲੀਆਂ ਪੈਣੀਆਂ ਇਸ ਦੀ ਨਿਸ਼ਾਨੀ ਹੁੰਦੀ ਹੈ ਸ਼ੂਗਰ ਦੇ ਮਰੀਜ਼ ਨੂੰ ਆਪਣੇ ਪੈਰਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ਕਿਉਂਕਿ ਜਿਸ ਤਰ੍ਹਾਂ ਅਸੀਂ ਦੇਖਦੇ ਅਤੇ ਸੁਣਦੇ ਹਾਂ ਕਿ ਸ਼ੂਗਰ ਦੇ ਮਰੀਜ਼ ਦੇ ਪੈਰ ਜਾਂ ਲੱਤਾਂ ਅਕਸਰ ਕੱਟਣੀਆਂ ਪੈਂਦੀਆਂ ਹਨ ਉਸ ਦਾ ਕਾਰਨ ਇਹੀ ਹੈ ਕਿ ਪੈਰਾਂ ਦੀਆਂ ਨਸਾਂ ਸੁੰਨ ਹੋ ਜਾਂਦੀਆਂ ਹਨ , ਚੂੰਢੀ ਵੱਡੇ ਦਾ ਵੀ ਪਤਾ ਨਹੀਂ ਲੱਗਦਾ ਨਸਾਂ ਬਿਲਕੁਲ ਮਰ ਜਾਂਦੀਆਂ ਹਨ ਸ਼ੂਗਰ ਦੇ ਮਰੀਜ਼ ਨੂੰ ਆਪਣੇ ਪੈਰਾਂ ਦਾ ਬਹੁਤ ਖਿਆਲ ਰੱਖਣਾ ਚਾਹੀਦਾ ਹੈ ਰਾਤ ਨੂੰ ਸੌਣ ਲੱਗੇ ਗਰਮ ਪਾਣੀ ਨਾਲ ਪੈਰ ਧੋ ਕੇ ਤੇਲ ਲਗਾਉਣਾ ਚਾਹੀਦਾ ਹੈ ਪੈਰਾਂ ਵਿੱਚ ਚੱਪਲ ਨਹੀਂ ਸਗੋਂ ਬੂਟ ਜਾਂ ਫਲੀਟ ਪਾ ਕੇ ਰੱਖਣੇ ਚਾਹੀਦੇ ਹਨ ਕਿਉਂਕਿ ਛੋਟੀ ਜਿਹੀ ਠੋਕਰ ਹੀ  ਵੱਡੇ ਜ਼ਖਮ ਦਾ ਕਾਰਨ ਬਣ ਸਕਦੀ ਹੈ। ਸ਼ੂਗਰ ਦੇ ਮਰੀਜ਼ ਨੂੰ ਰਾਤ ਨੂੰ ਸੌਣ ਵੇਲੇ ਪੈਰਾਂ ਦਾ ਖਾਸ ਖਿਆਲ ਕਰਨਾ ਚਾਹੀਦਾ ਹੈ ਕਈ ਵਾਰ ਪੈਰਾਂ ਉੱਪਰ ਕੀੜੀਆਂ ਚਿੰਬੜ  ਜਾਂਦੀਆਂ ਹਨ ਜਾਂ ਕੋਈ ਛੋਟੀ ਮੋਟੀ  ਕਿੱਲ ਪੈਰ ਵਿੱਚ ਖੁਭ ਜਾਂਦੀ ਹੈ ਜਿਸ ਦਾ ਕਿ ਸ਼ੂਗਰ ਦੇ ਮਰੀਜ਼ ਨੂੰ ਪਤਾ ਨਹੀਂ ਲੱਗਦਾ ਇਸ ਕਰਕੇ ਪੈਰਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ। ਸ਼ੂਗਰ ਦੇ ਰੋਗੀ ਨੂੰ ਦੰਦਾਂ ਅਤੇ ਮਸੂੜਿਆਂ ਦੀਆਂ ਵੀ ਤਕਲੀਫਾਂ ਪੈਦਾ ਹੋਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ ਦੰਦਾਂ ਤੇ ਬੁੱਟਾਂ ਵਿੱਚੋਂ ਖ਼ੂਨ ਆਉਣਾ ਸ਼ੂਗਰ ਦੀ ਅਲਾਮਤ ਹੈ ਜਿਸ ਨੂੰ ਕਿ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ ਇਸ ਤੋਂ ਇਲਾਵਾ ਚਮੜੀ ਦੀਆਂ ਸਮੱਸਿਆਵਾਂ ਜਿਨ੍ਹਾਂ ਵਿੱਚ ਚਮੜੀ ਦਾ ਖੁਸ਼ਕ ਹੋਣਾ  ,ਪੈਰਾਂ ਵਿੱਚ ਅੱਟਣ ਬਣਨੇ ,ਪੈਰਾਂ ਦੀਆਂ ਉਂਗਲੀਆਂ ਦੇ ਸੰਨਾ ਵਿੱਚ ਇਨਫੈਕਸ਼ਨ ਹੋ ਕੇ  ਜਖਮ ਬਣਨੇ ਇਹ ਸ਼ੂਗਰ  ਦੇ ਲੱਛਣ ਹੁੰਦੇ ਹਨ ।ਸ਼ੂਗਰ ਦੇ ਮਰੀਜ਼ ਵਿੱਚ ਔਰਤਾਂ ਵਿੱਚ ਸੈਕਸ ਦੀ ਇੱਛਾ ਦਾ ਘੱਟ ਜਾਣਾ ਅਤੇ ਮਰਦਾਂ ਵਿੱਚ ਕਮਜ਼ੋਰੀ ਤੋਂ ਲੈ ਕੇ ਬਿਲਕੁਲ ਨਿਪੁੰਸਕ ਹੋ ਜਾਣਾ ਆਮ ਵਰਤਾਰਾ ਹੈ ਜਿਸ ਦਾ ਕਿ ਮਰੀਜ਼ ਡਾਕਟਰ ਕੋਲੋਂ ਉਹਲਾ ਰੱਖਦਾ ਹੈ ਤੇ ਆਮ ਜੜ੍ਹੀ ਬੂਟੀਆਂ ਦੇ ਸਹਾਰੇ ਆਪਣਾ ਇਲਾਜ ਕਰਦਾ ਰਹਿੰਦਾ ਹੈ ਜਿਸ ਨਾਲ ਉਸ ਦੀ ਸ਼ੂਗਰ ਹੋਰ ਵਧਦੀ ਜਾਂਦੀ ਹੈ ਤੇ ਤਕਲੀਫ਼ਾਂ ਘਟਣ ਦੀ ਬਜਾਏ ਵਧਦੀਆਂ ਜਾਂਦੀਆਂ ਹਨ। 

ਸ਼ੂਗਰ ਅਤੇ ਨੁਸਖੇ 
ਜਿੰਨੇ ਨੁਸਖੇ ਸ਼ੂਗਰ ਨੂੰ ਠੀਕ ਕਰਨ ਲਈ ਆਏ ਹਨ ਉਨੇ  ਸ਼ਾਇਦ ਹੀ ਕਿਸੇ ਬੀਮਾਰੀ ਨੂੰ ਠੀਕ ਕਰਨ ਲਈ ਆਏ ਹੋਣ ਇਹ ਵੀ ਧਾਰਨਾ ਬਣੀ ਹੋਈ ਹੈ ਕਿ ਕੋਈ ਵੀ ਕੌੜੀ ਚੀਜ਼ ਸ਼ੂਗਰ ਨੂੰ ਠੀਕ ਕਰਨ ਵਿੱਚ ਬਹੁਤ ਹੀ ਸਹਾਈ ਹੁੰਦੀ ਹੈ ਜਿਵੇਂ ਕਿ ਕਰੇਲੇ ਨਿੰਮ ਜਾਂ  ਇੰਦਰ ਜੌੰ ਜੋ ਕਿ ਜ਼ਹਿਰ ਵਰਗੇ ਕੋੜੇ ਹੁੰਦੇ ਹਨ ਲੋਕਾਂ ਦਾ ਮੰਨਣਾ ਹੈ ਕਿ ਅਜਿਹੀਆਂ  ਕੌੜੀਆਂ ਚੀਜ਼ਾਂ ਸ਼ੂਗਰ ਨੂੰ ਠੀਕ ਕਰ ਦਿੰਦੀਆਂ ਹਨ ਪਰ ਭੋਲੇ ਅਤੇ ਅਣਜਾਣ ਲੋਕਾਂ ਨੂੰ ਇਹ ਨਹੀਂ ਪਤਾ ਕਿ ਸ਼ੂਗਰ ਤਾਂ ਇਨਸੂਲਿਨ ਦੀ ਘਾਟ ਕਾਰਨ  ਹੁੰਦੀ ਹੈ ਜਦੋਂ ਤੱਕ ਸਰੀਰ ਵਿਚਲਾ ਇਨਸੂਲੀਨ ਠੀਕ ਕੰਮ ਨਹੀਂ ਕਰਨ ਲੱਗ ਜਾਂਦਾ ਉਦੋਂ ਤੱਕ ਸ਼ੂਗਰ ਠੀਕ ਹੋ ਹੀ ਨਹੀਂ ਸਕਦੀ ਅਜਿਹੇ ਲੋਕ ਕੌੜੀਆਂ ਚੀਜ਼ਾਂ ਖਾ ਖਾ ਕੇ ਆਪਣੇ ਸਰੀਰ ਨੂੰ ਹੋਰ ਰੋਗ ਸਹੇੜ ਲੈਂਦੇ ਹਨ ।ਬਹੁਤ ਸਾਰੇ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ  ਸ਼ਰਾਬ ਸ਼ੂਗਰ ਨੂੰ ਕੁਝ ਨਹੀਂ ਕਹਿੰਦੀ ਤੇ ਲੋਕ ਆਪਣੇ ਘਰ ਦੀ ਨੁਸਖਿਆਂ ਵਾਲੀ ਸ਼ਰਾਬ ਭਾਵ 'ਦਾਰੂ' ਬਣਾ ਕੇ ਪੀਂਦੇ ਹਨ ।ਸ਼ਰਾਬ ਅਤੇ ਸ਼ੂਗਰ ਸੌਂਕਣਾਂ ਹਨ ਜਾਂ ਸ਼ਰਾਬ ਰਹੇਗੀ ਜਾਂ ਸ਼ੂਗਰ ।ਕਿਉਂਕਿ ਜਿੰਨੀ ਗੁਲੂਕੋਜ਼ ਸ਼ਰਾਬ ਵਿੱਚ ਪਾਈ ਜਾਂਦੀ ਹੈ ਉਨੀ ਸ਼ਾਇਦ ਹੀ ਕਿਸੇ  ਫ਼ਲ ਜਾਂ ਰੋਟੀ ਵਿੱਚ ਪਾਈ ਜਾਂਦੀ ਹੋਵੇ ਇਸ ਕਰਕੇ ਸ਼ੂਗਰ ਦੇ ਮਰੀਜ਼ ਨੂੰ ਸ਼ਰਾਬ ਅਤੇ ਹਰ ਤਰ੍ਹਾਂ ਦਾ ਨਸ਼ਾ ਬਿਲਕੁਲ ਬੰਦ ਕਰ ਦੇਣਾ ਚਾਹੀਦਾ ਹੈ ।
ਸ਼ੂਗਰ ਅਤੇ ਪਰਹੇਜ਼ :
ਸ਼ੂਗਰ ਵਾਲੇ ਮਰੀਜ਼ ਨੂੰ ਜਿੱਥੋਂ ਤੱਕ ਹੋ ਸਕੇ ਮਿੱਠਾ ਬਿਲਕੁਲ ਬੰਦ ਕਰ ਦੇਣਾ ਚਾਹੀਦਾ ਹੈ ਚਾਹੇ ਉਹ ਖੰਡ ਹੋਏ ਜਾਂ ਗੁੜ ਸ਼ੱਕਰ ਇਹ ਧਾਰਨਾ ਬਿਲਕੁਲ ਗਲਤ ਹੈ ਕਿ ਸ਼ੂਗਰ ਵਾਲਾ ਮਰੀਜ਼ ਗੁੜ ਜਾਂ ਸ਼ੱਕਰ ਖਾ ਸਕਦਾ ਹੈ ਇਸ ਤੋਂ ਇਲਾਵਾ ਮਿੱਠੇ ਫਲ ਅਤੇ ਕਣਕ ਵੀ ਬਿਲਕੁਲ ਬੰਦ ਕਰ ਦੇਣੀ ਚਾਹੀਦੀ ਹੈ ਕਿਉਂਕਿ ਕਣਕ, ਚੌਲ ਅਤੇ ਮੱਕੀ ਵਿੱਚ ਵੀ ਸ਼ੂਗਰ ਵੱਧ ਮਾਤਰਾ ਵਿੱਚ ਪਾਈ ਜਾਂਦੀ ਹੈ ਸ਼ੂਗਰ ਦੇ ਮਰੀਜ਼ ਲਈ ਛੋਲੇ ,ਬਾਜਰਾ ,ਜੌਂ, ਜਵਾਰ ,ਕੋਧਰੇ ਦਾ ਰਲਵਾਂ ਆਟਾ ਲਾਹੇਵੰਦ ਹੁੰਦਾ ਹੈ ਮਿੱਠੇ ਫਲ ਸ਼ੂਗਰ ਦੇ ਮਰੀਜ਼ ਲਈ ਬਹੁਤ ਹੀ ਮਾੜੇ ਮੰਨੇ ਗਏ ਹਨ ਸ਼ੂਗਰ ਦਾ ਮਰੀਜ਼ ਸਿਰਫ਼ ਅਮਰੂਦ ,ਜਾਮਣ ਕੀਵੀ ,ਆਲੂ ,ਬੁਖਾਰਾ ਜਾਂ ਆੜੂ ਖਾ ਸਕਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਜਾਮਣਾ ਖਾ ਖਾ ਕੇ  ਢਿੱਡ ਭਰ ਲਿਆ ਜਾਵੇ ਕਿਉਂਕਿ  ਜਾਮਣ ਵੀ ਮਿੱਠੀ ਹੁੰਦੀ ਹੈ ।ਸ਼ਹਿਦ ਗੰਨੇ ਦਾ ਰਸ ਮਠਿਆਈਆਂ ਪੇਸਟ੍ਰੀ ਆਈਸਕ੍ਰੀਮ ਕੇਕ ਬੇਕਰੀ ਬਿਸਕੁਟ ਕਾਸਟਰਡ ਤਲੀਆਂ ਚੀਜ਼ਾਂ ਸਮੋਸਾ ਪੂਰੀ  ਪਕੌੜੇ ਕਚੌਰੀ ਪਰਾਂਠੇ ਪਾਪੜ ਆਦਿ ਸਭ ਚੀਜ਼ਾਂ ਖਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਸੁੱਕੇ ਮੇਵੇ ਦਾਖਾਂ ਖਜੂਰ ਕਾਜੂ ਪਿਸਤਾ ਮੂੰਗਫਲੀ ਕੋਲਡ ਡਰਿੰਕ ਬੋਰਨ ਬੀਟਾ ਡੱਬਾ ਬੰਦ ਵਸਤੂਆਂ ਆਦਿ ਵੀ ਸ਼ੂਗਰ ਦੇ ਮਰੀਜ਼ ਲਈ ਮਾੜੀਆਂ ਮੰਨੀਆਂ ਗਈਆਂ ਹਨ ।ਦੁੱਧ ਵਿੱਚ ਵੀ ਸ਼ੂਗਰ ਜ਼ਿਆਦਾ ਮਾਤਰਾ ਵਿੱਚ ਪਾਈ ਜਾਂਦੀ ਹੈ  ਇਸ ਕਰਕੇ ਦੁੱਧ ਦੀ ਥਾਂ ਦਹੀਂ ਅਤੇ ਲੱਸੀ ਪੀਣੀ ਲਾਹੇਵੰਦ ਰਹਿੰਦੀ ਹੈ ਦੁੱਧ ਪੀਣਾ ਹੋਵੇ ਤਾਂ ਮਲਾਈ ਲਾਹ ਕੇ ਪੀਣਾ ਚਾਹੀਦਾ ਹੈ । 
ਸ਼ੂਗਰ ਅਤੇ ਦਵਾਈਆਂ :
ਜੇਕਰ ਸੱਚ ਮੰਨਿਆ ਜਾਵੇ ਤਾਂ ਸ਼ੂਗਰ ਦੇ ਮਰੀਜ਼ ਲਈ ਸਭ ਤੋਂ ਵੱਡੀ ਦਵਾਈ ਪਰਹੇਜ਼ ਅਤੇ ਸੈਰ ਹੀ ਹੁੰਦੀ ਹੈ । ਸ਼ੂਗਰ ਦਾ ਮਰੀਜ਼ ਜਿੰਨਾਂ ਵੱਧ ਪ੍ਰਹੇਜ਼ ਕਰੇਗਾ ਉਨਾ ਸ਼ੂਗਰ ਕੰਟਰੋਲ ਵਿੱਚ ਰਹਿੰਦੀ ਹੈ ਅਤੇ ਸ਼ੂਗਰ ਦੇ ਮਰੀਜ਼ ਲਈ ਸੈਰ ਹੀ ਇੱਕੋ ਇੱਕ ਦਵਾਈ ਹੈ ਬਾਕੀ ਦਵਾਈਆਂ ਤਾਂ ਬਾਅਦ ਵਿੱਚ ਹਨ ।
ਕੀ ਸ਼ੂਗਰ ਨੂੰ ਜੜ੍ਹ ਤੋਂ ਠੀਕ ਕੀਤਾ ਜਾ ਸਕਦਾ ਹੈ ?ਇਹ ਇਕ ਬਹੁਤ ਵੱਡਾ ਸਵਾਲ ਹੈ ਜੋ ਕਿ ਹਰ ਮਰੀਜ਼ ਹਰ ਡਾਕਟਰ ਤੋਂ ਜ਼ਰੂਰ ਪੁੱਛਦਾ ਹੈ ਕਿ ਕੀ ਮੇਰੀ ਸ਼ੂਗਰ ਜੜ  ਤੋਂ ਠੀਕ ਹੋ ਸਕਦੀ ਹੈ ਜੇਕਰ ਦੇਖਿਆ ਜਾਵੇ ਤਾਂ ਸ਼ੂਗਰ ਰੋਗ ਨੂੰ ਜੜ੍ਹ ਤੋਂ ਠੀਕ ਕੀਤਾ ਹੀ ਨਹੀਂ ਜਾ ਸਕਦਾ ਭਾਵੇਂ ਉਹ ਕਿਸੇ ਵੀ ਪੈਥੀ ਵਿੱਚ ਹੋਵੇ ।ਬਹੁਤ ਸਾਰੇ ਵੈਦ ਡਾਕਟਰ ਇਹ ਦਾਅਵਾ ਕਰਦੇ ਹਨ ਕਿ ਅਸੀਂ ਸ਼ੂਗਰ ਨੂੰ ਜੜ ਤੋਂ ਠੀਕ ਕਰ ਦਿੰਦੇ ਹਾਂ ਪਰ ਅਸਲੀਅਤ ਤੋਂ ਕੋਹਾਂ ਦੂਰ ਹੈ ਜਦੋਂ ਪੈਨਕਰੀਆਜ਼ ਦੇ ਵਿੱਚੋਂ ਇਨਸੂਲਿਨ ਹਾਰਮੋਨ ਪੈਦਾ ਹੋਣਾ ਹੀ ਹਟ ਜਾਵੇ ਤਾਂ ਉਹ ਬਿਨਾਂ ਦਵਾਈ ਤੋਂ ਠੀਕ ਹੋ ਹੀ ਨਹੀਂ ਸਕਦਾ ਸ਼ੂਗਰ ਨੂੰ ਸਿਰਫ ਤੇ ਸਿਰਫ ਕੰਟਰੋਲ ਕੀਤਾ ਜਾ ਸਕਦਾ ਹੈ।ਜਿਹੜੇ ਪਰਿਵਾਰਾਂ ਵਿੱਚ ਪਹਿਲਾਂ ਤੋਂ ਹੀ ਸ਼ੂਗਰ ਪੀੜ੍ਹੀ ਦਰ ਪੀੜ੍ਹੀ ਚੱਲੀ ਆ ਰਹੀ ਹੋਵੇ ਉਨ੍ਹਾਂ ਨੂੰ ਆਪਣੇ ਬਚਾਅ ਲਈ ਪਹਿਲਾਂ ਤੋਂ ਹੀ ਮਿੱਠੀਆਂ ਚੀਜ਼ਾਂ ਬੰਦ ਕਰ ਦੇਣੀ ਚਾਹੀਦੀਆਂ ਹਨ ਅਤੇ ਵਜ਼ਨ ਨੂੰ ਕੰਟਰੋਲ ਵਿੱਚ ਰੱਖਣਾ ਚਾਹੀਦਾ ਹੈ ਲੋੜ ਅਨੁਸਾਰ ਸੈਰ ਕਰਨੀ ਚਾਹੀਦੀ ਹੈ ਅਤੇ ਜਿੱਥੋਂ ਤੱਕ ਹੋ ਸਕੇ ਤਣਾਅ ਰਹਿਤ ਜੀਵਨ ਜੀਣਾ ਚਾਹੀਦਾ ਹੈ ।
ਬਾਬਾ ਫਰੀਦ ਨਗਰ 
ਕਚਿਹਰੀ ਚੌਂਕ  ਬਰਨਾਲਾ
9814699446