ਵਿਧਾਇਕ ਡਾ: ਹਰਜੋਤ ਕਮਲ ਅਤੇ ਡਾ. ਰੀਤੂ ਜੈਨ ਦਰਮਿਆਨ ਤਕਰਾਰ ਉਪਰੰਤ ਪੈਦਾ ਹੋਏ ਤਲਖ ਹਾਲਾਤਾਂ ‘ਚੋਂ ਹਸਪਤਾਲ ਅਤੇ ਲੋਕ ਮੁੱਦੇ ਉੱਭਰ ਕੇ ਆਏ ਸਾਹਮਣੇ

ਮੋਗਾ,16 ਅਗਸਤ (ਜਸ਼ਨ): ਸਿਵਲ ਹਸਪਤਾਲ ਮੋਗਾ ਵਿੱਚ ਸਹੂਲਤਾਂ ਨਾ ਮਿਲਣ ਅਤੇ ਆਮ ਲੋਕਾਂ ਦੀ ਹੋ ਰਹੀ ਖੱਜਲ ਖੁਆਰੀ ਬਾਰੇ ਮੀਡੀਆ ਵਿਚ ਆਏ ਦਿਨ ਲੱਗ ਰਹੀਆਂ ਖਬਰਾਂ ਬਾਰੇ ‘ਸਾਡਾ ਮੋਗਾ ਡੌਟ ਕੌਮ ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਸਮਾਜ ਸੇਵੀ ਅਤੇ ਸਰਕਾਰੀ ਹਸਪਤਾਲ ਦੇ ਹੈਲਥ ਸੁਪਰਵਾਈਜ਼ਰ ਮਹਿੰਦਰਪਾਲ ਲੂੰਬਾ ਨੇ ਆਖਿਆ ਕਿ  ਉਹ ਨਿੱਜੀ ਤੌਰ ਤੇ ਇਹਨਾਂ ਮੀਡੀਆ ਰਿਪੋਰਟਾਂ ਨਾਲ ਸਹਿਮਤ ਹਨ। ਉਹਨਾਂ ਆਖਿਆ ਕਿ ਜਿਲ੍ਹੇ ਦੀ ਅਬਾਦੀ ਚਾਰ ਲੱਖ ਤੋਂ ਉਪਰ ਹੈ ਤੇ ਇਨ੍ਹਾਂ ਚਾਰ ਲੱਖ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਇਹ ਇੱਕੋ ਇੱਕ ਹਸਪਤਾਲ ਹੈ, ਜਿਸ ਦੇ ਅੰਦਰੂਨੀ ਹਾਲਾਤ ਅਤਿ ਤਰਸਯੋਗ ਹਨ। ਉਹਨਾਂ ਆਖਿਆ ਕਿ ਉਹ ਸਰਕਾਰ ਦੇ ਨੁਮਾਇੰਦੇ ਡਾ ਹਰਜੋਤ ਕਮਲ ਦੇ ਧਿਆਨ ਵਿੱਚ ਆਮ ਲੋਕਾਂ ਅਤੇ ਮੁਲਾਜ਼ਮਾਂ ਦੀਆਂ ਕੁੱਝ ਸਮੱਸਿਆਵਾਂ ਲਿਆਉਣਾ ਚਾਹੰੁਦੇ ਹਨ ਤਾਂ ਕਿ ਉਹਨਾਂ ਕੋਲ ਜੋ ਇੱਕ ਸਾਲ ਤੋਂ ਜਿਆਦਾ ਸਮਾਂ ਉਹ ਇਹਨਾਂ ਸਮੱਸਿਆਵਾਂ ਦਾ ਹੱਲ ਕਰਵਾ ਸਕਣ। 
ਲੂੰਬਾ ਨੇ ਆਖਿਆ ਕਿ ਸਿਵਲ ਹਸਪਤਾਲ ਮੋਗਾ ਵਿੱਚ ਸਭ ਤੋਂ ਜਿਆਦਾ ਖੱਜਲ ਖੁਆਰੀ ਉਨ੍ਹਾਂ ਮਰੀਜ਼ਾਂ ਦੀ ਹੋ ਰਹੀ ਹੈ, ਜਿਨ੍ਹਾਂ ਕੋਲ ਆਯੂਸ਼ਮਾਨ ਕਾਰਡ ਹਨ ਤੇ ਉਹ ਆਪਣੀ ਸਰਜਰੀ ਕਰਵਾਉਣਾ ਚਾਹੁੰਦੇ ਹਨ। ਸਰਕਾਰੀ ਹਸਪਤਾਲ ਵਿੱਚ ਇੱਕੋ ਸਰਜਨ ਹੈ, ਜਿਸ ਕਾਰਨ ਲੋਕਾਂ ਨੂੰ ਦੋ ਦੋ ਮਹੀਨੇ ਸਰਜਰੀ ਲਈ ਇੰਤਜਾਰ ਕਰਨਾ ਪੈ ਰਿਹਾ ਹੈ ਜਦਕਿ ਕੇਂਦਰ ਸਰਕਾਰ ਨੇ ਬਹੁਤ ਸਾਰੇ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਇਸ ਵਿੱਚ ਇੰਪੈਨਲ ਕੀਤਾ ਹੈ ਪਰ ਸਿਵਲ ਹਸਪਤਾਲ ਵੱਲੋਂ ਉਨ੍ਹਾਂ ਨੂੰ ਪ੍ਰਾਈਵੇਟ ਹਸਪਤਾਲ ਰੈਫਰ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਭਿ੍ਰਸ਼ਟਾਚਾਰ ਦੇ ਵੀ ਦੋਸ਼ ਲੱਗ ਰਹੇ ਹਨ। ਇਸ ਕਰਕੇ ਐਮਰਜੰਸੀ ਮਰੀਜਾਂ ਦਾ ਤੁਰੰਤ ਅਤੇ ਸਧਾਰਨ ਸਰਜਰੀ ਵਾਲੇ ਮਰੀਜ਼ਾਂ ਦਾ ਜੇਕਰ ਇੱਕ ਹਫਤੇ ਵਿੱਚ ਅਪ੍ਰੇਸ਼ਨ ਸਿਵਲ ਹਸਪਤਾਲ ਨਹੀਂ ਕਰ ਸਕਦਾ ਤਾਂ ਉਨ੍ਹਾਂ ਨੂੰ ਪ੍ਰਾਈਵੇਟ ਹਸਪਤਾਲ ਰੈਫਰ ਕਰਨ ਦੀ ਨੀਤੀ ਬਣਾਈ ਜਾਵੇ।
ਉਹਨਾਂ ਕਿਹਾ ਕਿ ਸਕੈਨਿੰਗ ਵਾਲੇ ਮਰੀਜ਼ਾਂ ਦੀ ਖੱਜਲ ਖੁਆਰੀ ਹੋ ਰਹੀ ਹੈ। ਸਿਵਲ ਹਸਪਤਾਲ ਵਿੱਚ ਇੱਕ ਰੇਡੀਓਲੋਜਿਸਟ ਤੇ ਇੱਕ ਹੀ ਪੁਰਾਣੀ ਸਕੈਨ ਮਸ਼ੀਨ ਹੈ, ਜਿਸ ਤੇ ਇੱਕ ਦਿਨ ਵਿੱਚ 40 ਤੋਂ ਵੱਧ ਸਕੈਨਾਂ ਨਹੀਂ ਹੋ ਸਕਦੀਆਂ। 8 ਵਜੇ ਹਸਪਤਾਲ ਖੁਲਦਾ ਹੈ ਤੇ ਪੰਜ ਮਿੰਟ ਵਿੱਚ 40 ਪਰਚੀਆਂ ਜਮ੍ਹਾ ਹੋ ਜਾਂਦੀਆਂ ਹਨ ਬਾਕੀ ਮਰੀਜ਼ ਸਾਰਾ ਦਿਨ ਖੱਜਲ ਹੁੰਦੇ ਹਨ ਤੇ ਪ੍ਰਾਈਵੇਟ ਸਕੈਨ ਕਰਵਾਉਣ ਲਈ ਮਜਬੂਰ ਹੁੰਦੇ ਹਨ। 
ਲੂੰਬਾ ਨੇ ਕਿਹਾ ਕਿ ਲੈਬ ਟੈਸਟਾਂ ਵਾਲੇ ਮਰੀਜ਼ ਖੱਜਲ ਹੁੰਦੇ ਹਨ ਕਿਉੰਕਿ ਸਟਾਫ ਦੀ ਘਾਟ ਕਾਰਨ ਇੱਕ ਸ਼ਿਫਟ ਵਿੱਚ ਹੀ ਸੈਂਪਲ ਲਏ ਜਾਂਦੇ ਹਨ। 10.30 ਤੋਂ ਬਾਅਦ ਕਿਸੇ ਦਾ ਸੈਂਪਲ ਨਹੀਂ ਲਿਆ ਜਾਂਦਾ ਕਿਉੰਕਿ ਰਿਪੋਰਟਾਂ ਬਣਾਉਣ ਤੇ ਵੀ ਸਮਾਂ ਲੱਗਦਾ ਹੈ ਤੇ ਮਰੀਜ਼ ਨੇ ਦੋ ਵਜੇ ਤੋਂ ਪਹਿਲਾਂ ਡਾ. ਨੂੰ ਰਿਪੋਰਟ ਦਿਖਾਉਣੀ ਹੁੰਦੀ ਹੈ। ਆਊਟ ਸੋਰਸ ਤੇ ਘੱਟ ਤਨਖਾਹ ਤੇ ਐਲ ਟੀ ਰੱਖੇ ਗਏ ਸਨ ਤਾਂ ਸਾਰਾ ਦਿਨ ਸੈਂਪਲ ਲਏ ਜਾਂਦੇ ਸਨ ਪਰ ਉਨ੍ਹਾਂ ਨੂੰ ਤਨਖਾਹ ਨਾ ਦੇ ਸਕਣ ਕਾਰਨ ਹਟਾਉਣਾ ਪਿਆ। ਰੈਗੂਲਰ 10 ਐਲ ਟੀ ਲੈਬ ਨੂੰ ਹੋਰ ਦਿੱਤੇ ਜਾਣ ਤਾਂ ਜੋ ਸਾਰਾ ਦਿਨ ਸੈਂਪਲ ਲਏ ਜਾ ਸਕਣ।
ਉਹਨਾਂ ਕਿਹਾ ਕਿ  ਜੱਚਾ ਬੱਚਾ ਇਮਾਰਤ ਜ਼ਿਲ੍ਹੇ ਦੀਆਂ ਲੋੜਾਂ ਨੂੰ ਪੂਰਾ ਨਹੀਂ ਕਰਦੀ, ਜਿਸ ਕਾਰਨ ਆਏ ਦਿਨ ਅਖਬਾਰਾਂ ਵਿੱਚ ਖਬਰਾਂ ਲੱਗਦੀਆਂ ਹਨ ਤੇ ਲੋਕ ਭੁੰਜੇ ਸੌਣ ਲਈ ਮਜਬੂਰ ਹੁੰਦੇ ਹਨ।
ਲੂੰਬਾ ਨੇ ਮੰਨਿਆ ਕਿ ਖੱਜਲ ਖੁਆਰੀ ਐਨ ਆਰ ਆਈ ਦੀ ਵੀ ਹੋ ਰਹੀ ਹੈ। ਸਿਵਲ ਹਸਪਤਾਲ ਮੋਗਾ ਵਿੱਚ ਸਿਰਫ ਟੂ ਸਲਾਟ ਮਸ਼ੀਨ ਹੈ ਜੋ ਡੇਢ ਘੰਟੇ ਵਿੱਚ ਸਿਰਫ ਦੋ ਟੈਸਟ ਕਰਦੀ ਹੈ। ਅੱਠ ਸਲਾਟ ਮਸ਼ੀਨ ਲਗਾਈ ਜਾਵੇ ਤਾਂ ਜੋ ਐਨ ਆਰ ਆਈ ਅਤੇ ਲੋਕਲ ਲੋਕਾਂ ਨੂੰ ਕਰੋਨਾ ਟੈਸਟ ਕਰਾਉਣ ਵਿੱਚ ਕੋਈ ਸਮੱਸਿਆ ਨਾ ਆਵੇ।
ਉਹਨਾਂ ਕਿਹਾ ਕਿ ਆਮ ਲੋਕਾਂ ਨੂੰ ਸਸਤੀਆਂ ਦਵਾਈਆਂ ਉਪਲਬਧ ਕਰਵਾਉਣ ਲਈ ਕੇਂਦਰ ਸਰਕਾਰ ਵੱਲੋਂ ਜਨ ਔਸ਼ਧੀ ਕੇਂਦਰ ਖੋਲਿਆ ਗਿਆ ਸੀ ਜੋ ਅਫਸਰਾਂ ਦੀ ਮਿਲੀਭੁਗਤ ਕਾਰਨ ਬੰਦ ਪਿਆ ਹੈ, ਇਸ ਨੂੰ ਦੁਬਾਰਾ ਚਾਲੂ ਕਰਵਾਇਆ ਜਾਵੇ ਤੇ ਸਾਰੀਆਂ ਦਵਾਈਆਂ ਦੀ ਉਪਲਬਧਤਾ ਯਕੀਨੀ ਬਣਾਈ ਜਾਵੇ।
ਉਹਨਾਂ ਦੱਸਿਆ ਕਿ ਸਿਵਲ ਹਸਪਤਾਲ ਮੋਗਾ ਵਿੱਚ ਚੱਲ ਰਿਹਾ ਫਿਜਿਓਥਰੈਪੀ ਸੈਂਟਰ ਦੋ ਮਹੀਨੇ ਪਹਿਲਾਂ ਕਰੋਨਾ ਦੀ ਆੜ ਵਿੱਚ ਫੰਡਾਂ ਦੀ ਘਾਟ ਦੱਸ ਕੇ ਪੱਕੇ ਤੌਰ ਤੇ ਬੰਦ ਕਰ ਦਿੱਤਾ ਗਿਆ ਤੇ ਉਸਦਾ ਲੱਖਾਂ ਰੁਪਏ ਦਾ ਸਮਾਨ ਕਬਾੜ ਬਣ ਰਿਹਾ ਹੈ ਤੇ ਲੋਕਾਂ ਹੱਥੋਂ ਸਹੂਲਤ ਵੀ ਖੁੱਸ ਗਈ। ਇਸ ਫਿਜਿਓਥਰੈਪੀ ਸੈਂਟਰ ਨੂੰ ਦੁਬਾਰਾ ਚਾਲੂ ਕੀਤਾ ਜਾਵੇ।
ਉਹਨਾਂ ਆਖਿਆ ਕਿ ਸਿਵਲ ਹਸਪਤਾਲ ਦਾ ਸਾਈਕਲ ਸਕੂਟਰ ਸਟੈਂਡ ਦਾ ਠੇਕਾ 10 ਲੱਖ 32 ਹਜਾਰ ਤੇ ਪਹੁੰਚ ਗਿਆ ਹੈ। ਠੇਕੇਦਾਰ ਆਪਣੇ ਪੈਸੇ ਅਤੇ ਮੁਲਾਜ਼ਮਾਂ ਦੀ ਤਨਖਾਹ ਪੂਰੀ ਕਰਨ ਲਈ 24 ਘੰਟੇ ਕਿਰਾਇਆ ਲੈ ਰਿਹਾ ਹੈ। ਮਰੀਜ਼ ਦੀ ਪਰਚੀ 10 ਰੁਪਏ ਤੇ ਸਕੂਟਰ ਦੀ ਪਰਚੀ 20 ਰੁਪਏ ਰੋਜ਼ਾਨਾ ਗਰੀਬਾਂ ਨੂੰ ਦੇਣੇ ਮੁਸ਼ਕਿਲ ਹਨ, ਬਾਵਜੂਦ ਇਸਦੇ ਉਥੇ ਅਕਸਰ ਸਕੂਟਰ ਚੋਰੀ ਹੋ ਰਹੇ ਹਨ ਤੇ ਜੇਬ ਕਤਰੇ ਲੋਕਾਂ ਦੀਆਂ ਜੇਬਾਂ ਕੱਟ ਰਹੇ ਹਨ। ਜਿਸ ਕਾਰਨ ਆਏ ਦਿਨ ਲੜਾਈਆਂ ਹੁੰਦੀਆਂ ਰਹਿੰਦੀਆਂ ਹਨ। 
ਉਹਨਾਂ ਦੱਸਿਆ ਕਿ ਓ. ਪੀ. ਡੀ. ਬਿਲਡਿੰਗ ਬਹੁਤ ਨੀਵੀਂ ਹੋ ਚੁੱਕੀ ਹੈ ਤੇ ਇੱਕ ਇੱਕ ਕਮਰੇ ਵਿੱਚ ਕਈ ਕਈ ਦਫਤਰ ਅਤੇ ਲੈਬਾਂ ਚੱਲ ਰਹੀਆਂ ਹਨ। ਬਿਲਡਿੰਗ ਢਾਹ ਕੇ ਦੁਬਾਰਾ ਸਹੂਲਤਾਂ ਮੁਤਾਬਕ ਬਣਾਉਣ ਦੀ ਲੋੜ ਹੈ। ਉਹਨਾਂ ਕਿਹਾ ਕਿ ਸਿਵਲ ਹਸਪਤਾਲ ਵਿੱਚ 26 ਕਰਮਚਾਰੀ ਆਊਟ ਸੋਰਸ ਤੇ ਬਹੁਤ ਘੱਟ ਤਨਖਾਹਾਂ ਤੇ ਕੰਮ ਕਰ ਰਹੇ ਹਨ ਜਿਨ੍ਹਾਂ ਵਿੱਚ ਸਟਾਫ ਨਰਸ, ਲੈਬ ਟੈਕਨੀਸ਼ਨ, ਈ ਸੀ ਜੀ ਟੈਕਨੀਸ਼ਨ, ਓ ਟੀ ਟੈਕਨੀਸ਼ਨ ਆਦਿ ਹਨ। ਉਹਨਾਂ ਨੂੰ ਛੇ ਛੇ ਮਹੀਨੇ ਤਨਖਾਹ ਨਹੀਂ ਦਿੱਤੀ ਜਾ ਰਹੀ ਹਰ ਵਾਰ ਲੜ ਕੇ ਤਨਖਾਹ ਜਾਰੀ ਕਰਵਾਉਣੀ ਪੈਂਦੀ ਹੈ ਹੁਣ ਵੀ ਇਹਨਾਂ ਦੀ ਪੰਜ ਮਹੀਨੇ ਦੀ ਤਨਖਾਹ ਪੈਂਡਿੰਗ ਹੈ। ਮਹਿੰਦਰਪਾਲ ਲੂੰਬਾ ਨੇ  ਵਿਧਾਇਕ ਡਾ: ਹਰਜੋਤ ਕਮਲ ਨੂੰ ਅਪੀਲ ਕੀਤੀ ਕਿ ਕਰਮਚਾਰੀਆਂ ਦੀ ਤਨਖਾਹ ਜਾਰੀ ਕਰਵਾਈ ਜਾਵੇ ਤਾਂ ਜੋ ਉਹ ਦਿਲ ਲਗਾ ਕੇ ਕੰਮ ਕਰ ਸਕਣ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ