ਸਹੀ ਮਾਇਨਿਆਂ ਵਿੱਚ ਸੁਤੰਤਰ ਹੋਣਾ - ਸੰਤ ਰਾਜਿੰਦਰ ਸਿੰਘ ਜੀ ਮਹਾਰਾਜ

ਸੁਤੰਤਰਤਾ  ਦਿਵਸ  15  ਅਗਸਤ  ਨੂੰ  ਪੂਰੇ  ਭਾਰਤ  ਵਿੱਚ  ਮਨਾਇਆ  ਜਾਂਦਾ  ਹੈ। ਹੋਰਨਾਂ  ਦੇਸ਼ਾਂ  ਦੇ  ਵੀ  ਸੁਤੰਤਰਤਾ  ਦਿਵਸ  ਹੋਣਗੇ।  ਵਿਸ਼ਵ ਵਿੱਚ  ਕੋਈ ਦੇਸ਼  ਆਪਣੇ  ਆਪ ਨੂੰ  ਸੁਤੰਤਰ  ਉਦੋਂ  ਕਹਿੰਦਾ  ਹੈ  ਜਦੋਂ  ਉਸ  ਦੇਸ਼  ਦੀ  ਆਪਣੀ  ਪ੍ਰਭੂਸਤ੍ਹਾ  ਹੁੰਦੀ  ਹੈ  । ਆਤਮਿਕ ਤੌਰ ‘ਤੇ ਸੁਤੰਤਰ ਹੋਣ ਤੋਂ ਭਾਵ ਹੈ ਆਤਮਾ ਦਾ ਆਜ਼ਾਦ ਹੋਣਾ। ਅਸੀਂ  ਆਪਣੀ  ਅਸਲੀਅਤ  ਵਿੱਚ  ਇੱਕ  ਆਤਮਾ  ਹਾਂ  ।  ਆਤਮਾ  ,ਜਿਹੜੀ  ਕਿ ਪੂਰਨ  ਰੂਪ  ਵਿੱਚ  ਰੋਸ਼ਨ  ਹੈ,  ਸ਼ਾਂਤ  ਹੈ  ਅਤੇ  ਰੱਬੀ  ਪ੍ਰੇਮ  ਨਾਲ  ਭਰਪੂਰ  ਹੈ।  ਆਤਮਿਕ ਖਜ਼ਾਨੇ  ਮਨ-ਮਾਇਆ  ਦੇ  ਪਰਦਿਆਂ  ਕਾਰਨ  ਛਿਪੇ  ਹੋਏ  ਹਨ।  ਸਾਡਾ  ਸਾਰਾ  ਧਿਆਨ ਅੰਤਰੀਵ  ਦੁਨੀਆਂ  ਵਿੱਚ  ਹੋਣ  ਦੀ  ਥਾਂ  ਬਾਹਰੀ  ਦੁਨੀਆਂ  ਵਿੱਚ  ਹੈ।  ਅਸੀਂ  ਮਨ  ਦੀਆਂ ਇੱਛਾਵਾਂ  ਨਾਲ    ਆਪਣਾ  ਧਿਆਨ  ਜਿੰਨਾ  ਜ਼ਿਆਦਾ  ਬਾਹਰੀ  ਦੁਨੀਆਂ  ਵਿੱਚ  ਲਗਾਉਂਦੇ ਹਾਂ  ਅਸੀਂ  ਉਨਾ  ਹੀ  ਜ਼ਿਆਦਾ  ਧੋਖੇ,  ਫ਼ਰੇਬ,  ਹਿੰਸਾ,  ਹਉਮੈ  ,  ਕ੍ਰੋਧ  ਦਾ  ਸ਼ਿਕਾਰ  ਹੁੰਦੇ ਜਾਂਦੇ ਹਾਂ। 
ਕੀ  ਕੋਈ  ਤਰੀਕਾ  ਹੈ  ਜਿਹੜਾ  ਇਹਨਾਂ  ਰੁਕਾਵਟਾਂ  ਨੂੰ  ਹਟਾ  ਕੇ  ਆਤਮਾ  ਨੂੰ  ਉਸਦੇ ਹਿੱਸੇ ਆਉਂਦੇ ਰੱਬੀ ਖ਼ਜਾਨਿਆਂ ਤੱਕ ਪਹੁੰਚਾਵੇ?
ਸਾਨੂੰ  ਧਰਤੀ  ਦੀਆਂ  ਚਾਰੇ  ਦਿਸ਼ਾਵਾਂ  ਖੋਜਣ  ਦੀ  ਜ਼ਰੂਰਤ  ਨਹੀਂ  ।    ਸੰਤ   ਮਹਾਂਪੁਰਸ਼,  ਰਿਸ਼ੀ-ਮੁਨੀ  ਯੁਗਾਂ-ਯੁਗਾਂ  ਤੋਂ  ਆਤਮਾ  ਲਈ  ਪ੍ਰਾਪਤ  ਰੱਬੀ  ਖਜ਼ਾਨਿਆਂ  ਤੱਕ ਪਹੁੰਚ  ਕਰਦੇ  ਆ  ਰਹੇ  ਹਨ।ਉਹਨਾਂ  ਨੇ  ਇਹ  ਰੱਬੀ  ਖ਼ਜਾਨੇ  ਪ੍ਰਾਪਤ  ਕਰਨ  ਲਈ  ਆਪਣੇ ਧਿਆਨ  ਨੂੰ  ਅੰਤਰਮੁੱਖ  ਕੀਤਾ।  ਧਿਆਨ  ਅੰਤਰਮੁੱਖ  ਕਰਨ  ਨੂੰ  ਪ੍ਰਾਰਥਨਾ  ਕਰਨਾ, ਅੰਤਰਮੁਖੀ  ਹੋਣਾ,  ਧਿਆਨ-ਅਭਿਆਸ  ਕਰਨਾ  ਆਦਿ  ਨਾਵਾਂ  ਨਾਲ  ਜਾਣਿਆ  ਜਾਂਦਾ ਹੈ। ਉਹ  ਸਾਨੂੰ  ਦਸਦੇ  ਹਨ  ਕਿ  ਸਹੀ  ਮਾਇਨਿਆਂ  ਵਿੱਚ  ਸੁਤੰਤਰਤਾ  ਉਦੋਂ  ਮਿਲਦੀ  ਹੈ ਜਦੋਂ ਅਸੀਂ ਸ਼ਾਂਤ-ਚਿਤ ਹੋ ਕੇ, ਅੱਖਾਂ ਬੰਦ ਕਰਕੇ ਆਪਣੇ ਧਿਆਨ ਨਾਲ ਅੰਤਰਮੁਖੀ ਹੋ ਕੇ   ਰੱਬੀ ਰੋਸ਼ਨੀ   ਅਤੇ ਰੱਬੀ ਸੰਗੀਤ ਦਾ ਅਨੁਭਾਵ ਕਰਦੇ ਹਾਂ। ਉਹ ਆਪਣੀ ਆਤਮਾ ‘ਤੇ  ਪਏ  ਮਨ-ਮਾਇਆ  ਦੇ  ਪਰਦਿਆਂ  ਨੂੰ  ਹਟਾ  ਕੇ  ਆਪਣੇ  ਸਹੀ  ਰੂਪ  ਯਾਨਿ  ਕਿ ਆਤਮਾ  ਦਾ  ਅਨੁਭਵ  ਕਰ  ਸਕੇ  ਅਤੇ  ਉਹਨਾਂ  ਦੀ  ਆਤਮਾ  ਰੱਬੀ  ਨੂਰ  ਦੀ  ਪਵਿੱਤਰ ਚਮਕ ਨਾਲ ਭਰਪੂਰ ਹੋ ਉੱਠੀ।
 ਜਦੋਂ  ਸਾਡੀ  ਆਤਮਾ  ਮੋਹ-ਮਾਇਆ  ਦੇ  ਬੰਧਨਾਂ  ਤੋਂ  ਛੁਟਕਾਰਾ  ਪਾਉਂਦੀ  ਹੈ  ਤਾਂ ਇਹ  ਅੰਤਰੀਵ  ਆਤਮਿਕ  ਮੰਡਲਾਂ ਵਿੱਚ ਉਡਾਰੀ  ਭਰਦੀ  ਹੈ।  ਸਮੇਂ ਅਤੇ  ਸਥਾਨ  ਦੀਆਂ ਸੀਮਾਵਾਂ   ਦੀ   ਪਕੜ   ਤੋਂ   ਮੁਕਤ   ਆਤਮਾ   ਆਪਣੇ   ਲਈ   ਉਪਲੱਬਧ   ਬੇਅੰਤ   ਰੱਬੀ ਖ਼ਜ਼ਾਨਿਆਂ ਦਾ ਅਨੁਭਵ ਕਰਦੀ ਹੈ।
ਇਸ  ਯਾਤਰਾ  ਦੀ  ਸ਼ੁਰੂਆਤ  ਆਤਮਿਕ  ਚੇਤਨਤਾ  ਤੋਂ  ਹੁੰਦੀ  ਹੈ  ਜਿਹੜੀ  ਅੰਤਰ ਵਿੱਚ  ਮੌਜੂਦ  ਰੱਬੀ  ਸੰਗੀਤ  ਅਤੇ    ਰੱਬੀ  ਰੋਸ਼ਨੀ  ਤੱਕ  ਪਹੁੰਚਾਉਂਦੀ  ਹੈ।  ਇਸ  ਯਾਤਰਾ ਵਿੱਚ  ਹੋਰ  ਅੱਗੇ  ਜਾਣ  ‘ਤੇ  ਸਾਨੂੰ  ਸਾਡੀ  ਚੇਤਨਤਾ  ਭੌਤਿਕ  ਸੰਸਾਰ  ਤੋਂ  ਉੱਪਰ  ਉੱਠ  ਕੇ ਬ੍ਰਹਿਮੰਡੀ  ਚੇਤਨਤਾ  ਅਤੇ  ਫ਼ਿਰ  ਇਸਨੂੰ  ਪਾਰ  ਕਰਕੇ  ਆਤਮਾ  ਦੇ  ਅਸਲੀ  ਘਰ  ਤੱਕ  ਲੈ ਜਾਂਦੀ ਹੈ। ਜਦੋਂ ਅਸੀਂ ਆਪਣੇ ਸਹੀ ਰੂਪ ਦੀ ਪਛਾਣ ਕਰਦੇ ਹਾਂ ਜਿਹੜਾ ਕਿ ਸਰੀਰਿਕ ਨਹੀਂ ਸਗੋਂ ਆਤਮਿਕ  ਹੈ ਤਾਂ  ਸਾਨੂੰ  ਮਹਿਸੂਸ ਹੁੰਦਾ  ਹੈ ਕਿ  ਆਤਮਾ  ,  ਪ੍ਰਮਾਤਮਾ ਦਾ ਹੀ ਰੂਪ  ਹੈ।  ਆਤਮਾ  ਅਤੇ  ਪ੍ਰਮਾਤਮਾ  ਦਾ  ਮਿਲਣ  ਹੁੰਦਾ  ਹੈ  ਅਤੇ  ਸਾਨੂੰ  ਬੇਅੰਤ  ਖੁਸ਼ੀ, ਆਨੰਦ ਅਤੇ ਰੱਬੀ ਪ੍ਰੇਮ ਦਾ ਅਨੁਭਵ ਹੁੰਦਾ ਹੈ।
ਜਦੋਂ   ਅਸੀਂ   ਬਾਹਰੀ   ਆਜ਼ਾਦੀ   ਦਾ   ਜਸ਼ਨ   ਮਨਾ   ਰਹੇ   ਹਾਂ,   ਆਉ   ਅਸੀਂ ਆਤਮਿਕ  ਆਜ਼ਾਦੀ  ਲਈ  ਵੀ  ਹਿਰਦੇ  ਦੀਆਂ  ਗਹਿਰਾਈਆਂ  ਤੋਂ  ਕੋਸ਼ਿਸ਼  ਕਰੀਏ  । ਅਜਿਹਾ ਅਸੀਂ ਧਿਆਨ-ਅਭਿਆਸ ਨਾਲ ਕਰ ਸਕਦੇ ਹਾਂ ।  ਸਾਡੇ ਸਾਰਿਆਂ ਦੇ ਅੰਦਰ ਬੇਅੰਤ  ਰੱਬੀ  ਤਾਕਤਾਂ  ਅਤੇ  ਖ਼ਜਾਨਿਆਂ  ਨਾਲ  ਭਰਪੂਰ  ਸਾਡੀ  ਆਤਮਾ  ਮੌਜੂਦ  ਹੈ। ਆਤਮਿਕ  ਗੁਣ  ਜਿਵੇਂ  ਕਿ  ਨਿਡਰਤਾ,  ਸਿਆਣਪ,  ਰੱਬੀ  ਪ੍ਰੇਮ,  ਅਮਰਤਾ,  ਪ੍ਰਮਾਤਮਾ ਨਾਲ  ਜੁੜਨਾ  ਸਾਡੇ  ਸਾਰਿਆਂ  ਅੰਦਰ  ਮੌਜੂਦ  ਹਨ।  ਅੰਤਰਮੁਖੀ  ਹੋਣ  ਨਾਲ  ਇਹਨਾਂ  ਰੱਬੀ ਨੇਮਤਾਂ  ਤੱਕ  ਪਹੁੰਚਿਆ  ਜਾ  ਸਕਦਾ  ਹੈ  ਅਤੇ  ਆਪਣੀਆਂ  ਜ਼ਿੰਦਗੀਆਂ  ਨੂੰ  ਸਮਿ੍ਰੱਧ  ਅਤੇ ਖ਼ੁਸ਼ਹਾਲ ਬਣਾਇਆ ਜਾ ਸਕਦਾ ਹੈ।