ਵਿਧਾਇਕ ਡਾ: ਹਰਜੋਤ ਕਮਲ ਆਏ ਕਰੋਨਾ ਦੀ ਜ਼ਦ ਵਿਚ, ਡਾ: ਹਰਜੋਤ ਦੀ ਸੁਪਤਨੀ ਡਾ: ਰਜਿੰਦਰ ਕੌਰ ਨੇ ਡਾ: ਹਰਜੋਤ ਦੇ ਕਰੋਨਾ ਪੌਜ਼ਿਟਿਵ ਹੋਣ ਦੀ ਕੀਤੀ ਪੁਸ਼ਟੀ

Tags: 

ਮੋਗਾ, 11 ਅਗਸਤ (ਜਸ਼ਨ) :  ਮੋਗਾ ਵਾਸੀਆਂ ਦੀ ਹਿਫ਼ਾਜ਼ਤ ਕਰਦਿਆਂ ਕਰਦਿਆਂ ਵਿਧਾਇਕ ਡਾ: ਹਰਜੋਤ ਕਮਲ ਅੱਜ ਖੁਦ ਕਰੋਨਾ ਦੀ ਜ਼ਦ ਵਿਚ ਆ ਗਏ। ਪਿਛਲੇ ਇਕ ਦੋ ਦਿਨ ਤੋਂ ਉਹਨਾਂ ਦੀ ਤਬੀਅਤ ਨਾਸਾਜ਼ ਸੀ ਅਤੇ ਅਹਿਤਿਆਤਨ ਉਹਨਾਂ ਅੱਜ ਸਰਕਾਰੀ ਹਸਪਤਾਲ ਵਿਖੇ ਆਪਣੇ ਸੈਂਪਲ ਦਿੱਤੇ ਅਤੇ ਸ਼ਾਮ ਨੂੰ ਆਈ ਰਿਪੋਰਟ ਮੁਤਾਬਕ ਉਹ ਕਰੋਨਾ ਪੌਜ਼ਿਟਿਵ ਪਾਏ ਗਏ। ਇਸ ਸਬੰਧੀ ਕੋਵਿਡ 19 ਦੇ ਨੋਡਲ ਅਫਸਰ ਡਾ: ਨਰੇਸ਼ ਨੇ ਰਾਤ 9.30 ਵਜੇ ਫ਼ੋਨ ’ਤੇ ਇਹ ਦੱਸਿਆ ਕਿ ਉਹਨਾਂ ਕੋਲ ਵਿਧਾਇਕ ਡਾ: ਹਰਜੋਤ ਦੇ ਪੌਜ਼ਿਟਿਵ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ।  ਮੋਗਾ ਦੇ ਸਹਾਇਕ ਸਿਵਲ ਸਰਜਨ ਡਾ: ਜਸਵੰਤ ਸਿੰਘ ਅਤੇ ਐੱਸ ਐੱਮ ਓ ਰਾਜੇਸ਼ ਅੱਤਰੀ ਨੇ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ ।   

ਇਸ ਸਬੰਧੀ ਜਦੋਂ ਇਕਾਂਤਵਾਸ ਹੋਏ ਡਾ: ਹਰਜੋਤ ਕਮਲ ਸਿੰਘ ਦੀ ਸੁਪਤਨੀ ਡਾ: ਰਜਿੰਦਰ ਕੌਰ ਨਾਲ ਫੋਨ ’ਤੇ ਸੰਪਰਕ ਕੀਤਾ ਗਿਆ ਤਾਂ ਉਹਨਾਂ ਵਿਧਾਇਕ ਡਾ: ਹਰਜੋਤ ਦੇ ਕਰੋਨਾ ਪੌਜ਼ਿਟਿਵ ਹੋਣ ਦੀ ਪੁਸ਼ਟੀ ਕੀਤੀ। ਉਹਨਾਂ  'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਕਿਹਾ ਕਿ ਹਾਲ ਦੀ ਘੜੀ ਉਹਨਾਂ ਦੀ ਸਿਹਤ ਸਥਿਰ ਹੈ ਅਤੇ ਉਹਨਾਂ ਨੇ ਆਪਣੇ ਆਪ ਨੂੰ ਘਰ ਵਿਚ ਹੀ ਇਕਾਂਤਵਾਸ ਕਰ ਲਿਆ ਹੈ। 

ਇਸ ਉਪਰੰਤ ਲਗਾਤਾਰ ਯਤਨ ਕਰਨ ’ਤੇ ਵਿਧਾਇਕ ਡਾ: ਹਰਜੋਤ ਕਮਲ ਨਾਲ ਹੋਈ ਸੰਖੇਪ ਗੱਲਬਾਤ ਦੌਰਾਨ ਉਹ ਚੜ੍ਹਦੀ ਕਲਾ ‘ਚ ਨਜ਼ਰ ਆਏ । ਜਦੋਂ ਉਹਨਾਂ ਤੋਂ ਪੁਛਿਆ ਗਿਆ ਕਿ ਕਰੋਨਾ ਦੀ ਰਿਪੋਰਟ ਪੌਜ਼ਿਟਿਵ ਆਉਣ ‘ਤੇ ਉਹ ਕੀ ਮਹਿਸੂਸ ਕਰਦੇ ਨੇ ,ਦੇ ਜਵਾਬ ਵਿਚ ਡਾ: ਹਰਜੋਤ ਨੇ ਆਖਿਆ ‘‘ਬਾਈ ਕਾਟੋ ਫੁੱਲਾਂ ’ਤੇ ਖੇਡਦੀ ਐ’’ ਪਰ ਉਹਨਾਂ ਇਹ ਵੀ ਆਖਿਆ ਕਿ ਉਹ ਮਾਰਚ ਮਹੀਨੇ ਤੋਂ ਕਰੋਨਾ ਕਾਰਨ ਲੱਗੇ ਕਰਫਿਊ ਅਤੇ ਉਪਰੰਤ ਲੌਕਡਾਊਨ ਖੁਲ੍ਹਣ ਤੱਕ ਲੋਕਾਂ ਦੇ ਸੰਪਰਕ ਵਿਚ ਰਹੇ ਤਾਂ ਕਿ ਉਹਨਾਂ ਦੀ ਹਿਫ਼ਾਜ਼ਤ ਵੀ ਹੋ ਸਕੇ ਅਤੇ ਉਹਨਾਂ ਦਾ ਮਨੋਬਲ ਵੀ ਬਣਿਆ ਰਹੇ ਤੇ ਮੈਨੂੰ ਅਹਿਸਾਸ ਸੀ ਕਿ ਇਕ ਦਿਨ ਇਹ ਕਰੋਨਾ ਮੈਨੂੰ ਆਪਣੀ ਜ਼ਦ ਵਿਚ ਜ਼ਰੂਰ ਲੈ ਲਵੇਗਾ , ਇੰਜ ਜੇ ਆਪਣੇ ਵੱਡੇ ਪਰਿਵਾਰ ਦੇ ਮੈਂਬਰਾਂ ਦੀ ਰਾਖੀ ਕਰਦਿਆਂ ਅੱਜ ਮੇਰੀ ਰਿਪੋਰਟ ਕਰੋਨਾ ਪੌਜ਼ਿਟਿਵ ਆਉਣ ਨਾਲ ਬੇਸ਼ੱਕ ਮੇਰੇ ਚਾਹੁਣ ਵਾਲਿਆਂ ਨੂੰ ਚਿੰਤਾ ਹੋ ਰਹੀ ਹੈ ਪਰ ਮੈਂ ਪੂਰੀ ਤਰਾਂ ਤੰਦਰੁਸਤ ਹਾਂ ਅਤੇ ਮੈਂ ਛੇਤੀ ਹੀ ਤੰਦਰੁਸਤ ਹੋ ਕੇ ਦੁਬਾਰਾ ਆਪਣੇ ਫਰਜ਼ਾਂ ਦੀ ਪੂਰਤੀ ਲਈ ਆਪਣਿਆਂ ਦੇ ਵਿਚਕਾਰ ਖੜ੍ਹਾ ਨਜ਼ਰ ਆਵਾਂਗਾ।  ਜ਼ਿਕਰਯੋਗ ਹੈ ਕਿ ਦੇਸ਼ ਵਿਚ ਕਰੋਨਾ ਦੀ ਆਮਦ ’ਤੇ ਡਾ: ਹਰਜੋਤ ਅਕਸਰ ਅੱਧੀ ਅੱਧੀ ਰਾਤ ਨੂੰ ਸਿਵਲ ਹਸਪਤਾਲ ਦਾ ਦੌਰਾ ਕਰਿਆ ਕਰਦੇ ਸਨ ਤਾਂ ਕਿ ਲੋਕਾਂ ਨੂੰ ਵਧੀਆ ਸਿਹਤ ਸਹੂਲਤ ਮਿਲ ਸਕੇ ਤੇ ਫਿਰ ਉਹਨਾਂ ਚਾਰ ਵੈਂਟੀਲੈਟਰ ਅਤੇ ਮੌਨੀਟਰ ਵੀ ਹਸਪਤਾਲ ‘ਚ ਲਿਆਂਦੇ ਤਾਂ ਕਿ ਕਿਸੇ ਵੀ ਤਰਾਂ ਦੇ ਹਾਲਾਤ ਨਾਲ ਨਿਪਟਿਆ ਜਾ ਸਕੇ।  ਤਬਲੀਗੀ ਜਮਾਤ ਦੇ ਕਰੋਨਾ ਪੌਜ਼ਿਟਿਵ ਵਿਅਕਤੀਆਂ ਦੇ ਮੋਗਾ ਹਸਪਤਾਲ ‘ਚ ਆਉਣ ’ਤੇ ਜਦ ਡਾ: ਹਰਜੋਤ ਫਿਰ ਹਸਪਤਾਲ ਪਹੰੁਚੇ ਤਾਂ ਡਿਪਟੀ ਕਮਿਸ਼ਨਰ ਨੇ ਉਹਨਾਂ ਨੂੰ ਹਸਪਤਾਲ ‘ਚ ਆਉਣ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਤਾਂ ਡਾ: ਹਰਜੋਤ ਕਮਲ ਨੇ ਆਖਿਆ ਸੀ ਕਿ ਮੈਂ ਲੋਕਾਂ ਦਾ ਆਗੂ ਹਾਂ ਅਤੇ ਲੋਕਾਂ ਵਿਚ ਹੀ ਰਹਾਂਗਾ। ਪਿਛਲੀ 7 ਅਗਸਤ ਨੂੰ ਰਾਮ ਜਨਮ ਭੂਮੀ ਵਿਖੇ ਭਗਵਾਨ ਰਾਮਚੰਦਰ ਜੀ ਦੇ ਉਸਾਰੇ ਜਾ ਰਹੇ ਮੰਦਿਰ ਦੀ ਖੁਸ਼ੀ ਵਿਚ ਗਊਸ਼ਾਲਾ ਵਿਖੇ ਅਗਰਵਾਲ ਸਭਾ ਵੱਲੋਂ ਵਿਸ਼ੇਸ਼ ਸਮਾਗਮ ਦੌਰਾਨ ਜਦ ਵਿਧਾਇਕ ਡਾ: ਹਰਜੋਤ ਕਮਲ ਮੰਦਿਰ ਵਿਚ ਪਹੰੁਚੇ ਤਾਂ ਉਥੇ ਮੌਜੂਦ ਸ਼ਹਿਰਵਾਸੀਆਂ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਕਈਆਂ ਨੇ ਤਾਂ ਖੁਸ਼ੀ ਵਿਚ ਖੀਵੇ ਹੁੰਦਿਆਂ ਸਮਾਜਿਕ ਦੂਰੀ ਵਾਲੀਆਂ ਹਦਾਇਤਾਂ ਨੂੰ ਵਿਸਾਰਦਿਆਂ ਡਾ: ਹਰਜੋਤ ਕਮਲ ਨੂੰ ਆਪਣੇ ਕਲਾਵੇ ਵਿਚ ਲੈਂਦਿਆਂ ਵਧਾਈਆਂ ਦਿੱਤੀਆਂ ।  ਲੋਕਾਂ ਦੇ ਇਸ ਵਰਤਾਰੇ ’ਤੇ ਜਦੋਂ ਡਾ: ਹਰਜੋਤ ਨੂੰ ਪੁਛਿਆ ਗਿਆ ਕਿ ਕੀ ਉਹਨਾਂ ਨੂੰ ਡਰ ਨਹੀਂ ਲੱਗਦਾ ਕਿ ਕਿਸੇ ਕਰੋਨਾ ਪੌਜ਼ਿਟਿਵ ਵਿਅਕਤੀ ਦੇ ਉਹਨਾਂ ਨੂੰ ਜੱਫੀ ਪਾਉਣ ਨਾਲ ਉਹਨਾਂ ਨੂੰ ਕਰੋਨਾ ਹੋ ਸਕਦਾ ਹੈ, ਦੇ ਜਵਾਬ ਵਿਚ ਡਾ: ਹਰਜੋਤ ਕਮਲ ਨੇ ਆਖਿਆ ‘‘ਬਾਈ ਲੋਕ ਪਿਆਰ ਹੀ ਐਨਾ ਕਰਦੇ ਨੇ, ਮੈਂ ਉਹਨਾਂ ਨੂੰ ਕਿਵੇਂ ਰੋਕਾਂ ਪਰ ਹਾਂ ਮੈਨੂੰ ਕਰੋਨਾ ਹੋਣ ਤੋਂ ਡਰ ਨਹੀਂ ਲੱਗਦਾ ਪਰ ਇਸ ਗੱਲੋਂ ਡਰ ਜ਼ਰੂਰ ਲੱਗਦਾ ਹੈ ਕਿ ਮੈਂ ਸਾਰਾ ਦਿਨ ਵੱਖ ਵੱਖ ਸਮਾਗਮਾਂ ਵਿਚ ਵਿਚਰਦਾ ਹਾਂ ਅਤੇ ਜੇ ਮੈਂ ਕਰੋਨਾ ਪੌਜ਼ਿਟਿਵ ਹੋਇਆ ਤਾਂ ਜੱਫੀ ਪਾਉਣ ਵਾਲਿਆਂ ਨੂੰ ਮੇਰੇ ਤੋਂ ਕਰੋਨਾ ਨਾ ਹੋ ਜਾਵੇ।  ਤੇ ਅੱਜ ਸੱਚਮੁੱਚ ਲੋਕਾਂ ਦਾ ਆਗੂ ਅਤੇ ਧਰਤੀ ਨਾਲ ਜੁੜਿਆ ਇਨਸਾਨ ਜਦੋਂ ਕਰੋਨਾ ਸੰਕਰਮਿਤ ਹੋਇਆ ਹੈ ਤਾਂ ਮੋਗਾ ਹਲਕੇ ਹੀ ਨਹੀਂ ਸਗੋਂ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੇ ਵੱਸਦੇ ਪੰਜਾਬੀਆਂ ਦੇ ਫੋਨ ਮੋਗਾ ਵੱਲ ਨੂੰ ਡਾਇਲ ਹੋ ਰਹੇ ਨੇ । ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ