ਜੱਥੇਦਾਰ ਹਰੀ ਸਿੰਘ ਜ਼ੀਰਾ ਦੇ ਇਸ ਫ਼ਾਨੀ ਦੁਨੀਆਂ ਤੋਂ ਜਾਣ ਨਾਲ ਇਕ ਯੁੱਗ ਦਾ ਹੋਇਆ ਅੰਤ : ਚੇਅਰਮੈਨ ਖਣਮੁੱਖ ਭਾਰਤੀ ਪੱਤੋ

ਜ਼ੀਰਾ,7 ਅਗਸਤ(ਜਸ਼ਨ) : ਜੱਥੇਦਾਰ ਹਰੀ ਸਿੰਘ ਜ਼ੀਰਾ ਅਜਿਹੀ ਬਹੁਪੱਖੀ ਸ਼ਖਸੀਅਤ ਸਨ ਜਿਹਨਾਂ ਦੇ ਇਸ ਫ਼ਾਨੀ ਦੁਨੀਆਂ ਤੋਂ ਜਾਣ ਨਾਲ ਇਕ ਯੁੱਗ ਅੰਤ ਹੋ ਗਿਆ ਹੈ।’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਚੇਅਰਮੈਨ ਖਣਮੁੱਖ ਭਾਰਤੀ ਪੱਤੋ ਨੇ ਸਵਰਗੀ ਹਰੀ ਸਿੰਘ ਜ਼ੀਰਾ ਦੇ ਗ੍ਰਹਿ ਵਿਖੇ ਉਹਨਾਂ ਦੇ ਸਪੁੱਤਰ ਅਵਤਾਰ ਸਿੰਘ ਮਿੰਨਾ ਨਾਲ ਹਮਦਰਦੀ ਦਾ ਇਜ਼ਹਾਰ ਕਰਨ ਉਪਰੰਤ ਪੱਤਰਕਾਰਾਂ ਨਾਲ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਵਿਧਾਇਕ ਦੇ ਫਰਜ਼ ਨਿਭਾਉਂਦਿਆਂ ਉਹਨਾਂ ਜ਼ੀਰਾ ਹਲਕੇ ਦੇ ਹਰ ਵਿਅਕਤੀ ਨੂੰ ਅਪਣੱਤ ਦਾ ਅਹਿਸਾਸ ਕਰਵਾਇਆ ਅਤੇ ਪੰਜਾਬ ਦੇ ਸਿੰਚਾਈ ਮੰਤਰੀ ਵਜੋਂ ਉਹਨਾਂ ਕਿਸਾਨਾਂ ਲਈ ਨਿੱਠ ਕੇ ਕੰਮ ਕੀਤਾ।ਭਾਰਤੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਿਧੱੜਕ ਆਗੂ ਵਜੋਂ ਜਾਣੇ ਜਾਂਦੇ ਹਰੀ ਸਿੰਘ ਜ਼ੀਰਾ ਨੇ ਹਮੇਸ਼ਾ ਪੰਥ ਦੇ ਵਫ਼ਾਦਾਰ ਸਿਪਾਹੀ ਵਜੋਂ ਦਿ੍ਰੜਤਾ ਨਾਲ ਵਿਚਰਦਿਆਂ ਪਾਰਟੀ ਦਾ ਝੰਡਾ ਬੁਲੰਦ ਰੱਖਿਆ ।

ਚੇਅਰਮੈਨ ਖਣਮੁੱਖ ਭਾਰਤੀ ਪੱਤੋ ਨੇ  ਕਿਹਾ ਕਿ ਬੇਸ਼ੱਕ ਜਥੇਦਾਰ ਨੇ ਕਦੇ ਅਹੁਦਿਆਂ ਪ੍ਰਤੀ ਭੁੱਖ ਨਹੀਂ ਦਿਖਾਈ ਅਤੇ ਹਮੇਸ਼ਾ ਪੰਥਕ ਸੇਵਾ ਨੂੰ ਪ੍ਰਣਾਏ ਰਹੇ ,ਇਸੇ ਕਰਕੇ ਜ਼ੀਰਾ ਵਾਸੀਆਂ ਨੇ ਉਹਨਾਂ ਨੂੰ ਆਪਣੇ ਸਿਰਮੌਰ ਆਗੂ ਵਜੋਂ ਪ੍ਰਵਾਨਦਿਆਂ ਪੰਜ ਵਾਰ ਵਿਧਾਇਕ ਚੁਣ ਕੇ ਸਤਿਕਾਰ ਦਿੱਤਾ, ਹੋਰ ਤਾਂ ਹੋਰ ਸਿਆਸਤ ਵਿਚ ਵੱਡੇ ਕੱਦ ਵਾਲੇ ਆਗੂ ਵਜੋਂ ਜਾਣੇ ਜਾਂਦੇ ਸ. ਹਰੀ ਸਿੰਘ ਜ਼ੀਰਾ ਦੀ ਸ਼ਖਸੀਅਤ ਤੋਂ ਸ. ਪ੍ਰਕਾਸ਼ ਸਿੰਘ ਬਾਦਲ ਵੀ ਪ੍ਰਭਾਵਿਤ ਸਨ ।  ਉਹਨਾਂ ਕਿਹਾ ਕਿ ਜੱਥੇਦਾਰ ਹਰੀ ਸਿੰਘ ਜ਼ੀਰਾ ਦੇ ਅਕਾਲ ਚਲਾਣੇ ਨਾਲ ਜ਼ੀਰਾ ਹੀ ਨਹੀਂ ਸਗੋਂ ਸਮੁੱਚੇ ਪੰਜਾਬ ਵਿਚ ਸਿਆਸੀ ਖਲਾਅ ਪੈਦਾ ਹੋ ਗਿਆ ਹੈ ਜਿਸ ਦੀ ਪੂਰਤੀ ਸ਼ਾਇਦ ਕਦੇ ਨਾ ਹੋ ਸਕੇ।