ਜ਼ਿਲ੍ਹਾ ਮੋਗਾ ਪੁਲਿਸ ਨੇ ਨਜਾਇਜ਼ ਸ਼ਰਾਬ ਕਾਰੋਬਾਰੀਆਂ ਖਿਲਾਫ਼ ਸ਼ਿਕੰਜਾ ਹੋਰ ਕੱਸਿਆ,6 ਦਿਨਾਂ ‘ਚ 60 ਮਾਮਲੇ ਦਰਜ ਕਰਕੇ 54 ਤਸਕਰਾਂ ਨੂੰ ਕੀਤਾ ਕਾਬੂ

ਮੋਗਾ, 7 ਅਗਸਤ:(ਜਸ਼ਨ): (ਵੀਡੀਓ ਦੇਖਣ ਲਈ ਖ਼ਬਰ ਦੇ ਆਖ਼ੀਰ ਵਿੱਚ ਦਿੱਤਾ ਲਿੰਕ ਕਲਿਕ  ਕਰੋ ਜੀ)  ਬੀਤੇ ਦਿਨੀਂ ਵਾਪਰੇ ਨਕਲੀ ਸ਼ਰਾਬ ਦੁਖਾਂਤ ਉਪਰੰਤ ਜ਼ਿਲ੍ਹਾ ਮੋਗਾ ਪੁਲਿਸ ਨੇ ਨਜਾਇਜ਼ ਸ਼ਰਾਬ ਕਾਰੋਬਾਰੀਆਂ ਖਿਲਾਫ਼ ਸਿਕੰਜਾ ਹੋਰ ਕੱਸ ਦਿੱਤਾ ਹੈ। ਇਸ ਮਾਮਲੇ ਸਬੰਧੀ ਪਿਛਲੇ 6 ਦਿਨਾਂ ਵਿੱਚ 60 ਮਾਮਲੇ ਦਰਜ ਕਰਕੇ 54 ਤਸਕਰਾਂ ਨੂੰ ਕੀਤਾ ਕਾਬੂ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਗੈਰ ਕਾਨੂੰਨੀ ਕਾਰੋਬਾਰੀਆਂ ਬਾਰੇ ਸੂਹ ਲੈਣ ਲਈ ਹੈਲਪ ਲਾਈਨ ਨੰਬਰ ਵੀ ਜਾਰੀ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ੍ਰ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ ਕਿਸੇ ਵੀ ਤਰ੍ਹਾਂ ਦਾ ਨਜਾਇਜ਼ ਕਾਰੋਬਾਰ ਨਹੀਂ ਚੱਲਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤੋਂ ਤਰਨਤਾਰਨ, ਸ਼੍ਰੀ ਅੰਮਿ੍ਰਤਸਰ ਸਾਹਿਬ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚ ਇਹ ਦੁਖਾਂਤ ਵਾਪਰਿਆ ਹੈ, ਉਦੋਂ ਤੋਂ ਜ਼ਿਲ੍ਹਾ ਮੋਗਾ ਵਿੱਚ ਅਜਿਹੇ ਕਾਰੋਬਾਰੀਆਂ ਖਿਲਾਫ਼ ਸ਼ਿਕੰਜਾ ਹੋਰ ਕੱਸਿਆ ਗਿਆ ਹੈ। ਉਹਨਾਂ ਕਿਹਾ ਕਿ ਮਿਤੀ 1 ਅਗਸਤ ਤੋਂ ਲੈ ਕੇ ਹੁਣ ਤੱਕ 60 ਮਾਮਲੇ ਦਰਜ ਕਰਕੇ 54 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਇਹਨਾਂ ਤੋਂ ਠੇਕਿਆਂ ਦੀ ਨਜਾਇਜ਼  531.09 ਲੀਟਰ ਸ਼ਰਾਬ, 370.38 ਲੀਟਰ ਗੈਰ-ਕਾਨੂੰਨੀ ਦੇਸੀ ਸ਼ਰਾਬ ਅਤੇ 2655 ਕਿਲੋ ਗ੍ਰਾਮ ਲਾਹਣ ਬਰਾਮਦ ਕੀਤੀ ਗਈ ਹੈ।ਉਹਨਾਂ ਦੱਸਿਆ ਕਿ ਜਦੋਂ ਤੋਂ ਠੇਕੇ ਖੁੱਲ੍ਹ ਗਏ ਹਨ ਉਦੋਂ ਤੋਂ ਹੀ ਇਸ ਕਾਰੋਬਾਰ ਸਬੰਧੀ 211 ਮਾਮਲੇ ਦਰਜ ਕਰਕੇ 196 ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਜਾ ਚੁੱਕਾ ਹੈ।ਸ੍ਰ ਗਿੱਲ ਨੇ ਇਸ ਮੌਕੇ ਜ਼ਿਲ੍ਹਾ ਮੋਗਾ ਵਾਸੀਆਂ ਲਈ ਦੋ ਹੈਲਪ ਲਾਈਨ ਨੰਬਰ ਵੀ ਜਾਰੀ ਕੀਤੇ ਜਿਨ੍ਹਾਂ ਉਪਰ ਸੰਪਰਕ ਕਰਕੇ ਲੋਕ ਅਜਿਹੇ ਕਾਰੋਬਾਰੀਆਂ ਬਾਰੇ ਸੂਚਨਾ ਦੇ ਸਕਣਗੇ। ਉਹਨਾਂ ਦੱਸਿਆ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਅਜਿਹੇ ਕਿਸੇ ਨਜਾਇਜ਼ ਕਾਰੋਬਾਰ ਬਾਰੇ ਸੂਚਨਾ ਮਿਲਦੀ ਹੈ ਤਾਂ ਉਹ 9780001879 ਅਤੇ 112 ਉਪਰ ਸੰਪਰਕ ਕਰ ਸਕਦਾ ਹੈ। ਸੂਚਨਾ ਦੇਣ ਵਾਲੇ ਦਾ ਵੇਰਵਾ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ। ਉਹਨਾਂ ਉਮੀਦ ਕੀਤੀ ਕਿ ਜਿਸ ਤਰ੍ਹਾਂ ਜ਼ਿਲ੍ਹਾ ਮੋਗਾ ਦੇ ਲੋਕਾਂ ਵੱਲੋਂ ਪੁਲਿਸ ਨੂੰ ਕੋਵਿਡ 19 ਮਹਾਂਮਾਰੀ ਦੌਰਾਨ ਸਹਿਯੋਗ ਦਿੱਤਾ ਗਿਆ ਸੀ ਉਸੇ ਤਰ੍ਹਾਂ ਭਵਿੱਖ ਵਿਚ ਵੀ ਸਹਿਯੋਗ ਜਾਰੀ ਰਹੇਗਾ। ਉਹਨਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਲੋਕਾਂ ਦੀ ਸੇਵਾ ਲਈ ਹਰ ਵੇਲੇ ਹਾਜ਼ਰ ਹੈ।--- ਵੀਡੀਓ ਦੇਖਣ ਅਤੇ ਖ਼ਬਰ ਪੜ੍ਹਨ ਲਈ ਹੇਠ ਦਿੱਤਾ ਲਿੰਕ ਕਲਿੱਕ ਕਰੋ ਜੀ –