ਮਿਸ਼ਨ ਫਤਹਿ, ਕਰੋਨਾ ਵਾਈਰਸ, ਕੋਵਾ ਐਪ, ਐਚ.ਆਈ.ਵੀ. ਏਡਜ਼, ਖੂਨਦਾਨ ਵਿਸ਼ਿਆਂ ਉੱਪਰ ਕਰਵਾਇਆ ਆਨਲਾਈਨ ਕੁਵਿਜ਼ ਮੁਕਾਬਲਾ

ਮੋਗਾ 6 ਅਗਸਤ:(ਜਸ਼ਨ): ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ, ਮੋਗਾ ਵੱਲੋਂ ਐਚ.ਆਈ.ਵੀ. ਏਡਜ਼, ਕਰੋਨਾ ਵਾਇਰਸ ਅਤੇ ਇਸ ਦੇ ਸੰਕਰਮਣ ਨੂੰ ਖਤਮ ਕਰਨ ਲਈ ਵਿੱਢੇ ਗਏ ਮਿਸ਼ਨ ਫਤਹਿ,  ਖੂਨਦਾਨ ਅਤੇ ਕੋਵਾ ਐਪ ਪ੍ਰਤੀ ਜਾਗਰੂਕਤਾ ਲਈ ਰੈੱਡ ਰਿਬਨ ਕਲੱਬਾਂ, ਕੌਮੀ ਸੇਵਾ ਯੋਜਨਾ ਇਕਾਈਆਂ ਅਤੇ ਆਮ ਨਾਗਰਿਕਾਂ ਵਿਚਕਾਰ ਆਨਲਾਈਨ ਕੁਵਿੱਜ ਮੁਕਾਬਲਾ ਕਰਵਾਇਆ ਗਿਆ। ਇਸ ਕੁਇਜ਼ ਮੁਕਾਬਲੇ ਵਿੱਚ ਐਚ.ਆਈ.ਵੀ. ਏਡਜ਼, ਕਰੋਨਾ ਵਾਇਰਸ, ਮਿਸ਼ਨ ਫਤਹਿ, ਖੂਨਦਾਨ ਅਤੇ ਕੋਵਾ ਐਪ ਬਾਰੇ 32 ਆਨਲਾਇਨ ਪ੍ਰਸ਼ਨ ਪੁੱਛੇ ਗਏ ਅਤੇ ਲਗਭਗ 1466 ਪ੍ਰਤੀਯੋਗੀਆਂ ਨੇ ਇਸ ਕੁਵਿੱਜ਼ ਮੁਕਾਬਲੇ ਵਿੱਚ ਭਾਗ ਲੈ ਕੇ ਪ੍ਰਸ਼ਨਾਂ ਦੇ ਉੱਤਰ ਦਿੱਤੇ। ਇਸ ਮੌਕੇ, ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ, ਮੋਗਾ ਜਗਦੀਸ਼ ਸਿੰਘ ਰਾਹੀ ਨੇ ਭਾਗ ਲੈਣ ਵਾਲੇ ਪ੍ਰਤੀਯੋਗੀਆਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਵਿਭਾਗ ਦੀਆਂ ਹਦਾਇਤਾਂ ਅਤੇ ਕਰੋਨਾ ਵਾਈਰਸ ਦੇ ਸੰਕਰਮਣ ਨੂੰ ਮੁੱਖ ਰੱਖਦਿਆ ਸਮਾਜਿਕ ਦੂਰੀ ਨੂੰ ਕਾਇਮ ਰੱਖਣ ਲਈ  ਇਹ ਕੁਵਿਜ਼ ਮੁਕਾਬਲਾ ਆਨਲਾਇਨ ਕਰਵਾਇਆ ਗਿਆ, ਜਿਸ ਤਹਿਤ ਇੱਕ ਲਿੰਕ ਤਿਆਰ ਕੀਤਾ ਗਿਆ ਜਿਸ ਵਿੱਚ 32 ਪ੍ਰਸ਼ਨ ਪਾਏ ਗਏ ਜਿਨ੍ਹਾਂ ਦੇ ਉੱਤਰ ਵੀ ਉੱਤਰ ਕੂੰਜੀ ਵਿੱਚ ਪਾਏ ਗਏ। ਇਸ ਦੇ ਨਾਲ ਈ-ਸਰਟੀਫਿਕੇਟ ਵੀ ਤਿਆਰ ਕਰਕੇ ਪਾਇਆ ਗਿਆ ਜੋ 55% ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਪ੍ਰਤੀਯੋਗੀਆਂ ਨੂੰ ਉਨ੍ਹਾਂ ਦੀ ਰਜਿਸਟਰਡ ਈ-ਮੇਲ ਆਈ.ਡੀ. ਤੇ ਆਪਣੇ-ਆਪ ਪਹੁੰਚ ਜਾਵੇਗਾ। ਇਸ ਆਨਲਾਇਨ ਕੁਵਿੱਜ ਮੁਕਾਬਲੇ ਦਾ ਮੁੱਖ ਮੰਤਵ ਨਾਗਰਿਕਾਂ ਖਾਸ ਕਰਕੇ ਨੌਜਵਾਨ ਪੀੜੀ ਨੂੰ ਐਚ.ਆਈ.ਵੀ. ਏਡਜ਼, ਕਰੋਨਾ ਵਾਇਰਸ, ਕੋਵਾ ਐਪ ਅਤੇ ਖੂਨਦਾਨ ਕਰਨ ਲਈ ਜਾਗਰੂਕ ਕਰਨਾ ਹੈ।ਇਸ ਸਾਰੇ ਪ੍ਰੋਗਰਾਮ ਨੂੰ ਤਰਨਜੀਤ ਕੌਰ ਨੇ ਤਕਨੀਕੀ ਤੌਰ ਤੇ ਬਾਖੂਬੀ ਨਾਲ ਤਿਆਰ ਕੀਤਾ।