ਭੁੱਖ ਹੜਤਾਲ ਦੇ ਆਖਰੀ ਦਿਨ ਸਿਹਤ ਮੁਲਾਜ਼ਮਾਂ ਨੇ ਮੰਗਾਂ ਦੀ ਪ੍ਰਾਪਤੀ ਦਾ ਕੀਤਾ ਅਹਿਦ

ਮੋਗਾ 6 ਅਗਸਤ (ਜਸ਼ਨ) : ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਮੁਲਾਜ਼ਮ ਮੰਗਾਂ ਦੀ ਪੂਰਤੀ ਲਈ ਸਾਰੇ ਜਿਲ੍ਹਾ ਹੈਡਕੁਆਰਟਰਾਂ ਤੇ ਚੱਲ ਰਹੀ ਭੁੱਖ ਹੜਤਾਲ ਅੱਜ ਆਖਰੀ ਦਿਨ ਵੀ ਪੂਰੇ ਜਲੌਅ ਤੇ ਰਹੀ ਤੇ ਅੱਜ ਆਖਰੀ ਦਿਨ ਸਿਹਤ ਮੁਲਾਜ਼ਮਾਂ ਨੇ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਨੂੰ ਜਾਰੀ ਰੱਖਣ ਤੇ ਇਸ ਨੂੰ ਹੋਰ ਪ੍ਰਚੰਡ ਕਰਨ ਦਾ ਅਹਿਦ ਕੀਤਾ। ਅੱਜ ਬਲਾਕ ਕੋਟ ਈਸੇ ਖਾਂ ਦੇ ਪੰਜ ਮੁਲਾਜ਼ਮ ਭੁੱਖ ਹੜਤਾਲ ਤੇ ਬੈਠੇ ਜਿਨ੍ਹਾਂ ਵਿੱਚ ਪਰਮਜੀਤ ਕੌਰ, ਬਲਵੀਰ ਕੌਰ, ਅਮਨਜੋਤ ਕੌਰ, ਕੁਲਦੀਪ ਕੌਰ ਅਤੇ ਗੁਰਵਿੰਦਰ ਕੌਰ ਸ਼ਾਮਲ ਹਨ। ਇਹਨਾਂ ਸਾਥੀਆਂ ਨੂੰ ਭੁੱਖ ਹੜਤਾਲ ਤੇ ਬਿਠਾਉਣ ਮੌਕੇ ਸੰਘਰਸ਼ ਕਮੇਟੀ ਦੇ ਸੂਬਾ ਕਨਵੀਨਰ ਕੁਲਬੀਰ ਸਿੰਘ ਢਿੱਲੋਂ ਨੇ ਕਿਹਾ ਕਿ ਕਾਂਗਰਸ ਸਰਕਾਰ ਹਰ ਫਰੰਟ ਤੇ ਫੇਲ੍ਹ ਸਾਬਿਤ ਹੋ ਚੁੱਕੀ ਹੈ ਤੇ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਲਈ ਮੁਲਾਜ਼ਮਾਂ ਨੂੰ ਬਲੀ ਦਾ ਬੱਕਰਾ ਬਣਾ ਰਹੀ ਹੈ। ਉਹਨਾਂ ਦੱਸਿਆ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, 1263 ਮਲਟੀਪਰਪਜ ਹੈਲਥ ਵਰਕਰਾਂ ਦਾ ਪ੍ਰੋਬੇਸ਼ਨ ਪੀਰੀਅਡ ਦੋ ਸਾਲ ਕਰਕੇ ਉਨ੍ਹਾਂ ਨੂੰ ਪੂਰਾ ਸਕੇਲ ਦੇਣ ਅਤੇ ਸਮੁੱਚੇ ਕੋਵਿਡ ਫਰੰਟਲਾਈਨ ਸਟਾਫ ਨੂੰ ਸਪੈਸ਼ਲ ਇੰਕਰੀਮੈਂਟ ਦੇਣ ਦੀ ਮੰਗ ਨੂੰ ਲੈ ਕੇ ਕੀਤੇ ਜਾ ਰਹੇ ਸੰਘਰਸ਼ ਨੂੰ ਲੈ ਕੇ ਸਰਕਾਰ ਪੂਰੀ ਤਰ੍ਹਾਂ ਘਬਰਾਹਟ ਵਿੱਚ ਆ ਚੁੱਕੀ ਹੈ ਤੇ ਸੰਘਰਸ਼ ਨੂੰ ਤਾਰਪੀਡੋ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਉਹਨਾਂ ਕਿਹਾ ਕਿ ਕੱਲ੍ਹ ਨੂੰ ਪੰਜਾਬ ਭਰ ਦੇ ਸਿਹਤ ਕਾਮੇ ਪਟਿਆਲਾ ਵਿਖੇ ਮੋਤੀ ਮਹਿਲ ਦਾ ਘਿਰਾਓ ਕਰਨ ਲਈ ਜਾ ਰਹੇ ਹਨ ਤੇ ਸਰਕਾਰ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਆਪਣੇ ਐਕਸ਼ਨ ਨੂੰ ਸਫਲ ਕਰਨਗੇ ਤੇ ਸਰਕਾਰ ਨੂੰ ਸਿਹਤ ਕਾਮਿਆਂ ਦੀਆਂ ਮੰਗਾਂ ਮੰਨਣ ਲਈ ਮਜਬੂਰ ਕਰਨਗੇ। ਇਸ ਮੌਕੇ ਜੱਥੇਬੰਦੀ ਦੇ ਸੀਨੀਅਰ ਆਗੂ ਮਹਿੰਦਰ ਪਾਲ ਲੂੰਬਾ, ਕੰਵਲਜੀਤ ਕੌਰ ਅਤੇ ਰਾਣੀ ਸਿੱਧੂ ਨੇ ਸਾਥੀਆਂ ਨੂੰ ਭੁੱਖ ਹੜਤਾਲ ਤੇ ਬਿਠਾਇਆ ਅਤੇ ਉਨ੍ਹਾਂ ਦੀ ਹੌਂਸਲਾ ਅਫਜਾਈ ਕੀਤੀ।ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਕੱਲ ਦੇ ਘਿਰਾਓ ਨੂੰ ਅਸਫਲ ਬਨਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਸਰਕਾਰ ਵੱਲੋਂ ਜਿੱਥੇ ਕਨਵੀਨਰਾਂ ਖਿਲਾਫ ਪਰਚੇ ਦਰਜ ਕਰਨ ਦਾ ਪੱਤਰ ਜਾਰੀ ਕੀਤਾ ਗਿਆ ਹੈ, ਉਥੇ ਡੀ ਸੀ ਪਟਿਆਲਾ ਦੇ ਰਾਹੀਂ ਧਰਨੇ ਦੀ ਮਨਜੂਰੀ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ ਪਰ ਫਿਰ ਵੀ ਸਰਕਾਰ ਸਿਹਤ ਕਾਮਿਆਂ ਦੇ ਹੌਸਲੇ ਨਹੀਂ ਡੇਗ ਸਕੀ ਤੇ ਕੱਲ੍ਹ ਨੂੰ ਹਜਾਰਾਂ ਦੀ ਗਿਣਤੀ ਵਿੱਚ ਸਿਹਤ ਕਾਮੇ ਪਟਿਆਲਾ ਪਹੁੰਚ ਰਹੇ ਹਨ। ਉਨ੍ਹਾਂ ਮੋਗਾ ਜਿਲ੍ਹੇ ਦੇ ਸਮੂਹ ਸਿਹਤ ਕਰਮਚਾਰੀਆਂ ਨੂੰ ਪਟਿਆਲਾ ਪਹੁੰਚਣ ਦੀ ਅਪੀਲ ਕਰਦਿਆਂ ਦੱਸਿਆ ਕਿ ਕੱਲ ਸਵੇਰੇ ਕੌੜਾ ਹਸਪਤਾਲ ਮੋਗਾ ਕੋਲੋਂ ਠੀਕ 6. 30 ਵਜੇ ਪਟਿਆਲਾ ਲਈ ਬੱਸਾਂ ਚੱਲਣਗੀਆਂ। ਉਹਨਾਂ ਸਭ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਸ਼ਰਨਜੀਤ ਕੌਰ, ਮਲਟੀਪਰਪਜ ਹੈਲਥ ਸੁਪਰਵਾਈਜਰ ਸ਼੍ਰੀਮਤੀ ਜਤਿੰਦਰ ਕੌਰ, ਮਨਦੀਪ ਸਿੰਘ ਭਿੰਡਰ, ਜਸਵੀਰ ਸਿੰਘ, ਵਿੱਕੀ ਆਦਿ ਵੀ ਹਾਜ਼ਰ ਸਨ।


