ਬੱਚੇ ਲਈ ਸਰਵੋਤਮ ਖੁਰਾਕ ਹੈ ਮਾਂ ਦਾ ਦੁੱਧ :ਡਾ: ਭਾਟੀਆ

ਅਜੀਤਵਾਲ,6 ਅਗਸਤ (ਜਸ਼ਨ):  ਸਿਹਤ ਵਿਭਾਗ ਵੱਲੋਂ ਮਾਂ ਦੇ ਦੁੱਧ ਦੀ ਮਹੱਤਤਾ ਲਈ ਮਨਾਏ ਜਾ ਰਹੇ ਵਿਸ਼ੇਸ ਹਫ਼ਤੇ ਦੇ ਸਬੰਧ ਵਿੱਚ ਬਲਾਕ ਢੁੱਡੀਕੇ ਵਿੱਚ ਸਮਾਗਮਾਂ ਦਾ ਸਿਲਸਿਲਾ ਜਾਰੀ ਹੈ।ਇੰਨ੍ਹਾਂ ਸਮਾਗਮਾਂ ਦੀ ਲੜੀ ਦੀ ਸ਼ੁਰੂਆਤ ਲਈ ਕਰਵਾਏ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਸੀ.ਐਚ.ਸੀ. ਢੁੱਡੀਕੇ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਨੀਲਮ ਭਾਟੀਆ ਨੇ ਕਿਹਾ ਕਿ ਮਾਂ ਦਾ ਦੁੱਧ ਨਵਜੰਮੇ ਬੱਚੇ ਲਈ ਸਰਵੋਤਮ ਖੁਰਾਕ ਹੈ। ਉਨ੍ਹਾਂ ਕਿਹਾ ਮਾਂ ਦਾ ਦੁੱਧ ਬੱਚੇ ਲਈ ਅੰਮਿ੍ਰਤ ਦੇ ਬਰਾਬਰ ਹੈ, ਜਿਹੜਾ ਨਾ ਸਿਰਫ਼ ਬੱਚੇ ਦੇ ਪੇਟ ਦੀ ਭੁੱਖ ਨੂੰ ਮਿਟਾਉਂਦਾ ਹੈ ਬਲਕਿ ਬੱਚੇ ਦੇ ਸਰੀਰ ਨੂੰ ਬਿਮਾਰੀਆਂ ਦਾ ਟਾਕਰਾ ਕਰਨ ਦੇ ਯੋਗ ਵੀ ਬਣਾਉਂਦਾ ਹੈ।ਉਨ੍ਹਾਂ ਕਿਹਾ ਕਿ ਬੱਚੇ ਨੂੰ ਦੁੱਧ ਪਿਲਾਉਣ ਦਾ ਫਾਇਦਾ ਮਾਂ ਨੂੰ ਵੀ ਪੁੱਜਦਾ ਹੈ। ਉਸ ਨੂੰ ਛਾਤੀ ਦੇ ਕੈਂਸਰ ਆਦਿ ਦੀ ਸਮੱਸਿਆ ਹੋਣ ਦਾ ਖਤਰਾ ਵੀ ਘਟਦਾ ਹੈ। ਉਨ੍ਹਾਂ ਹਾਜ਼ਰ ਮਾਵਾਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਬੱਚੇ ਨੂੰ ਦੁੱਧ ਪਿਲਾਉਣ ਸਮੇਂ ਉਸ ਦਾ ਸਿਰ ਉੱਚਾ ਰੱਖਿਆ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਦੁੱਧ ਪਿਲਾਉਣ ਤੋਂ ਬਾਅਦ ਬੱਚੇ ਨੂੰ ਮੋਢੇ ਨਾਲ ਲਗਾ ਕੇ ਉਸ ਦੀ ਪਿੱਠ ਨੂੰ ਥਾਪੜਣਾ ਚਾਹੀਦਾ ਹੈ ਤਾਂ ਜੋ ਉਸ ਨੂੰ ਦੁੱਧ ਹਜ਼ਮ ਹੋ ਸਕੇ।ਇਸ ਮੌਕੇ ਬੋਲਦਿਆਂ ਆਰ.ਬੀ.ਐਸ.ਕੇ. ਦੇ ਮੈਡੀਕਲ ਅਫ਼ਸਰ ਡਾ: ਸਿਮਰਪਾਲ ਸਿੰਘ ਨੇ ਕਿਹਾ ਕਿ ਨਵਜੰਮੇ ਬੱਚੇ ਨੂੰ ਬਜ਼ਾਰੀ ਦੁੱਧ ਜਾਂ ਹੋਰ ਪਦਾਰਥ ਦੇਣ ਤੋਂ ਗੁਰੇਜ਼ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੁੱਧ ਤੋਂ ਇਲਾਵਾ ਦਿੱਤੇ ਹੋਰ ਪਦਾਰਥ ਬੱਚੇ ਨੂੰ ਬਿਮਾਰ ਕਰ ਸਕਦੇ ਹਨ।ਬਲਾਕ ਐਜੂਕੇਟਰ ਮਹੇਸ਼ ਸ਼ਰਮਾ ਨੇ ਇਸ ਮੌਕੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਮਾਨਯੋਗ ਸਿਵਲ ਸਰਜਨ ਡਾ: ਅਮਰਪ੍ਰੀਤ ਕੌਰ ਬਾਜਵਾ ਦੀਆਂ ਹਦਾਇਤਾਂ ਮੁਤਾਬਿਕ ਇਸ ਹਫ਼ਤੇ ਦੌਰਾਨ ਵੱਖ-ਵੱਖ ਥਾਵਾਂ ਤੇ ਜਾਗਰੂਕਤਾ ਕੈਂਪ  ਲਗਾ ਕੇ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾਹੈ।ਫਾਰਮੇਸੀ ਅਫ਼ਸਰ ਰਾਜ ਕੁਮਾਰ ਨੇ ਕਿਹਾ ਕਿ ਬੱਚੇ ਨੂੰ ਗੁੜ੍ਹਤੀ ਆਦਿ ਦੇਣ ਦੀ ਪ੍ਰਥਾ ਤੋਂ ਪੂਰੀ ਤਰ੍ਹਾਂ ਕਿਨਾਰਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੁੜ੍ਹਤੀ ਬੱਚੇ ਨੂੰ ਸਰੀਰਕ ਨੁਕਸਾਨ ਪਹੁੰਚਾ ਸਕਦੀ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਫਾਰਮੇਸੀ ਅਫ਼ਸਰ ਚਮਕੌਰ ਸਿੰਘ, ਸੀਨੀਅਰ ਸਹਾਇਕ ਜਸਵਿੰਦਰ ਸਿੰਘ, ਐਮ.ਐਲ.ਟੀ. ਪਰਮਜੀਤ ਸਿੰਘ, ਐਲ.ਐਚ.ਵੀ. ਜਗਜੀਤ ਕੌਰ,ਸੀ.ਐਚ.ਓ. ਸੰਦੀਪ ਕੌਰ ਸਮੇਤ ਸਮੂਹ ਸਟਾਫ਼ ਮੈਂਬਰ ਅਤੇ ਨਵਜੰਮੇ ਬੱਚਿਆਂ ਦੀਆਂ ਮਾਵਾਂ ਹਾਜ਼ਰ ਸਨ।