ਕਮਿਸ਼ਨਰ ਨਗਰ ਨਿਗਮ ਅਨੀਤਾ ਦਰਸ਼ੀ ਨੇ ਮਿਸ਼ਨ ਤੰਦਰੁਸਤ ਨੂੰ ਸਫ਼ਲ ਬਣਾਉਣ ਲਈ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਔਸ਼ਧੀ ਯੁਕਤ ਪੌਦੇ ਲਗਾਉਣ ਦੀ ਕੀਤੀ ਸ਼ੁਰੂਆਤ
ਮੋਗਾ,5 ਅਗਸਤ (ਜਸ਼ਨ) ‘ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਅਤੇ ਮਿਸ਼ਨ ਫਤਿਹ ਨੂੰ ਸਫ਼ਲ ਬਣਾਉਣ ਲਈ ਫਰੰਟ ਲਾਈਨ ਯੋਧਿਆਂ ਦੇ ਨਾਲ ਨਾਲ ਪ੍ਰਵਾਸੀ ਪੰਜਾਬੀ ਵੀ ਇਸ ਮੁਹਿੰਮ ਵਿਚ ਸ਼ਾਮਲ ਹੋ ਕੇ ਪੰਜਾਬ ਦੇ ਵਾਤਾਵਰਨ ਨੂੰ ਸ਼ੁੱਧ ਬਣਾਉਂਦਿਆਂ ਸ਼ੂਗਰ ,ਕੈਂਸਰ ਅਤੇ ਬਲੱਡ ਪ੍ਰੈਸ਼ਰ ਆਦਿ ਬੀਮਾਰੀਆਂ ਤੋਂ ਲੋਕਾਂ ਦੀ ਹਿਫ਼ਾਜ਼ਤ ਕਰਨ ਲਈ ਔਸ਼ਧੀ ਯੁਕਤ ਪੌਦੇ ਲਗਾਉਣ ਲਈ ਅੱਗੇ ਆਏ ਹਨ । ’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਐਡੀਸ਼ਨਲ ਡਿਪਟੀ ਕਮਿਸ਼ਨਰ ਅਤੇ ਕਮਿਸ਼ਨਰ ਨਗਰ ਨਿਗਮ ਮੈਡਮ ਅਨੀਤਾ ਦਰਸ਼ੀ ਨੇ ਕਮਿਸ਼ਨਰ ਰੈਸੀਡੈਂਸ ਪਾਰਕ ਵਿਚ ਮੈਡੀਸਨਲ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕਰਦਿਆਂ ਕੀਤਾ । ਉਹਨਾਂ ਆਖਿਆ ਕਿ ਮੋਗਾ ਸ਼ਹਿਰ ਦੇ ਪੰਜ ਪਾਰਕਾਂ ਦੀ ਰੂਪ ਰੇਖਾ ਬਦਲ ਕੇ ਇਨ੍ਹਾਂ ਨੂੰ ਸਮਾਰਟ ਪਾਰਕਾਂ ਦਾ ਰੂਪ ਦਿੰਦਿਆਂ ਇਹਨਾਂ ਵਿਚ ਜੈਵ ਵਿਭਿੰਨਤਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ ਅਤੇ ਇਸੇ ਮਕਸਦ ਲਈ ਫ਼ਲਦਾਰ ਪੌਦੇ ਲਗਾਏ ਜਾਣਗੇ ਤਾਂ ਕਿ ਇਹ ਪਾਰਕ ਬੱਚਿਆਂ ਨੂੰ ਵੀ ਆਕਰਸ਼ਿਤ ਕਰਨ ਅਤੇ ਪੰਛੀਆਂ ਲਈ ਵੀ ਆਹਾਰ ਮੁਹੱਈਆ ਕਰਵਾਉਣ । ਉਹਨਾਂ ਆਖਿਆ ਕਿ ਇਸ ਪਰਿਕਿਰਿਆ ਦੌਰਾਨ ਪ੍ਰਵਾਸੀ ਪੰਜਾਬੀ ਗੁਰਦੇਵ ਸਿੰਘ ਸਿੱਧੂ ਕਨੇਡਾ ਵੱਲੋਂ ਇਹਨਾਂ ਪੰਜਾਂ ਪਾਰਕਾਂ ਵਿਚ ਮੈਡੀਸਨਲ ਪੌਦੇ ਲਗਾਉਣ ਦੀ ਪੇਸ਼ਕਸ਼ ਕੀਤੀ ਗਈ ਹੈ ਅਤੇ ਅੱਜ ਇਸ ਦੀ ਸ਼ੁਰੂਆਤ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੇ ਨਿਯੰਤਰਣ ਵਿਚ ਸਹਾਈ ਹੋਣ ਵਾਲੇ ਪੌਦੇ ਲਗਾ ਕੇ ਕੀਤੀ ਗਈ ਹੈ। ਉਹਨਾਂ ਕਿਹਾ ਕਿ ਭਾਰਤੀ ਸੰਸਿਤੀ ਵਿਚ ਵੇਦਾਂ ਅਤੇ ਗ੍ਰੰਥਾਂ ਵਿਚ ਜਿੱਥੇ ਪੌਦਿਆਂ ਦੇ ਔਸ਼ਧੀ ਗੁਣ ਬਿਆਨ ਕੀਤੇ ਗਏ ਹਨ ਉੱਥੇ ਇਹਨਾਂ ਪੌਦਿਆਂ ਦੇ ਵੱਖ ਵੱਖ ਹਿੱਸਿਆਂ ਦੇ ਸੇਵਨ ਨਾਲ ਸਾਡੇ ਸਰੀਰ ਵਿਚ ਰੋਗ ਰਹਿਤਤਾ ਦਾ ਵਾਧਾ ਹੋਣ ਬਾਰੇ ਵੀ ਜ਼ਿਕਰ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਕੁਝ ਸੰਸਥਾਵਾਂ ਵੱਲੋਂ ਅਜੋਕੇ ਸਮੇਂ ਅਜਿਹੇ ਪੌਦਿਆਂ ਨੂੰ ਮੁੜ ਤੋਂ ਲੋਕਾਂ ਵਿਚ ਪ੍ਰਚਾਰਿਤ ਕਰਨ ਨਾਲ ਹੁਣ ਲੋਕ ਦਵਾਈ ਦੀ ਬਜਾਏ ਕੁਦਰਤੀ ਇਲਾਜ ਪ੍ਰਣਾਲੀ ਵੱਲ ਪਰਤ ਰਹੇ ਹਨ ਅਤੇ ਕੇਂਦਰ ਸਰਕਾਰ ਵੱਲੋਂ ਵੀ ਆਯੂਸ਼ ਮੰਤਰਾਲੇ ਤਹਿਤ ਇਹਨਾਂ ਔਸ਼ਧੀ ਯੁਕਤ ਪੌਦਿਆਂ ਨੂੰ ਲੋਕਾਂ ਦੇ ਘਰ ਘਰ ਤੱਕ ਪਹੰੁਚਾਉਣ ਦੇ ਯਤਨ ਕੀਤੇ ਜਾ ਰਹੇ ਹਨ। ਉਹਨਾਂ ਆਖਿਆ ਕਿ ਕਰੋਨਾ ਖਿਲਾਫ਼ ਜੰਗ ਦੌਰਾਨ ਜੰਗਲਾਤ ਵਿਭਾਗ ਵੱਲੋਂ ਕਾੜ੍ਹਾ ਤਿਆਰ ਕਰਕੇ ਪੁਲਿਸ ਕਰਮੀਆਂ ਨੂੰ ਲਗਾਤਾਰ ਪਿਆਉਣ ਦੇ ਸਾਰਥਕ ਸਿੱਟੇ ਸਾਹਮਣੇ ਆਉਣ ਨਾਲ ਹੁਣ ਆਮ ਲੋਕ ਵੀ ਕਾੜ੍ਹੇ ਦਾ ਸੇਵਨ ਕਰ ਰਹੇ ਹਨ। ਪੌਦੇ ਲਗਾਉਣ ਮੌਕੇ ਵਾਤਾਵਰਨ ਸ਼ਾਸਤਰੀ ਤੇਜਿੰਦਰ ਸਿੰਘ ਜਸ਼ਨ ,ਰਵਿੰਦਰ ਸਿੰਘ,ਗੁਲਜ਼ਾਰ ਸਿੰਘ, ਕੁਲਦੀਪ ਸਿੰਘ,ਜਸਵੀਰ ਸਿੰਘ ਅਤੇ ਸੰਜੇ ਕੁਮਾਰ ਆਦਿ ਹਾਜ਼ਰ ਸਨ।