ਵਿਧਾਇਕ ਡਾ: ਹਰਜੋਤ ਕਮਲ ਦੇ ਸੁਹਿਰਦ ਯਤਨਾਂ ਸਦਕਾ ਲੌਕਡਾਊਨ ਵਿਚ ਫਸੇ 35 ਹਾਂਗਕਾਂਗ ਵਾਸੀ ਪਹੁੰਚੇ ਆਪਣੇ ਪਰਿਵਾਰਾਂ ਕੋਲ, ਹਾਂਗਕਾਂਗ ਤੋਂ ਡਾ. ਹਰਜੋਤ ਕਮਲ ਦੇ ਨਾਮ ਭੇਜਿਆ ਪ੍ਰਸ਼ੰਸਾ ਪੱਤਰ ਅਤੇ ਕੀਤਾ ਧੰਨਵਾਦ

ਮੋਗਾ,5 ਅਗਸਤ (): ਪੰਜਾਬ ਵਿਚ ਕਰਫਿਊ ਦੌਰਾਨ ਲੌਕਡਾਊਨ ਵਿਚ ਫਸੇ 35 ਹਾਂਗਕਾਂਗ ਵਾਸੀ ਵਿਧਾਇਕ ਡਾ: ਹਰਜੋਤ ਕਮਲ ਦੇ ਸੁਹਿਰਦ ਯਤਨਾਂ ਸਦਕਾ ਆਪਣੇ ਪਰਿਵਾਰਾਂ ਕੋਲ ਹਾਂਕਕਾਂਗ ਪਹੁੰਚਣ ਵਿਚ ਸਫ਼ਲ ਹੋਏ ਹਨ । ਹਾਂਗਕਾਂਗ ਪਹੁੰਚੇ ਪ੍ਰਵਾਸੀ ਪੰਜਾਬੀ ਸੁਖਬੀਰ ਸਿੰਘ ਨੇ ਵਟਸਐੱਪ ਰਾਹੀਂ ਆਡੀਓ ਰਿਕਾਡਿੰਗ ਭੇਜਦਿਆਂ ਵਿਧਾਇਕ ਡਾ: ਹਰਜੋਤ ਕਮਲ ਦਾ ਧੰਨਵਾਦ ਕੀਤਾ ਜਿਹਨਾਂ ਨੇ ਦਿਨ ਰਾਤ ਯਤਨ ਕਰਕੇ ਹਾਂਗਕਾਂਗ ਵਾਸੀਆਂ ਨੂੰ ਭਾਰਤ ਤੋਂ ਹਾਂਗਕਾਂਗ ਪਹੁੰਚਣ ਵਿਚ ਸਹਾਇਤਾ ਕੀਤੀ । ਸੁਖਬੀਰ ਸਿੰਘ ਨੇ ਇਸ ਆਡੀਓ ਵਿਚ ਆਖਿਆ ਹੈ ਕਿ ਹਾਂਗਕਾਂਗ ਵੱਸਦੇ ਸਮੂਹ ਪੰਜਾਬੀ , ਸਿੱਖ ਸੰਗਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਧਾਇਕ ਡਾ: ਹਰਜੋਤ ਕਮਲ ਦੇ ਨਾਮ ਗੁਰਦੁਆਰਾ ਸਾਹਿਬ ਵੱਲੋਂ ਪ੍ਰਸ਼ੰਸਾ ਪੱਤਰ ਭੇਜਿਆ ਹੈ ਕਿਉਂਕਿ ਪੰਜਾਬੀ ਭਾਈਚਾਰਾ ਸਮਝਦਾ ਹੈ ਕਿ ਵਿਧਾਇਕ ਡਾ: ਹਰਜੋਤ ਕਮਲ ਇਕ ਅਜਿਹੇ ਨੇਕ ਸਿਆਸਤਦਾਨ ਵਜੋਂ ਉੱਭਰੇ ਹਨ ਜੋ ਲੋਕਾਂ ਦੇ ਕਾਰਜਾਂ ਨੂੰ ਨਿੱਜੀ ਦਿਲਚਸਪੀ ਲੈ ਕੇ ਤੋੜ ਨਿਭਾਉਣ ਵਿਚ ਵਿਸ਼ਵਾਸ਼ ਰੱਖਦੇ ਹਨ । ਇਸ ਸਬੰਧੀ ਡਾ: ਹਰਜੋਤ ਕਮਲ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੇ ਇਕ ਦੋਸਤ ਸੁਖਜੀਤ ਸਿੰਘ ਧੱਲੇਕੇ ਹਾਂਗਕਾਂਗ ਦੇ ਨਾਗਰਿਕ ਹਨ ਅਤੇ ਉਹਨਾਂ ਨੇ ਪੰਜਾਬ ਵਿਚ ਫਸੇ ਇਹਨਾਂ ਵਿਅਕਤੀਆਂ ਬਾਰੇ ਜਾਣਕਾਰੀ ਦਿੱਤੀ ਸੀ । ਡਾ ਹਰਜੋਤ ਨੇ ਆਖਿਆ ਕਿ ਇਹਨਾਂ ਵਿਅਕਤੀਆਂ ਦੇ ਵਾਪਸ ਜਾਣ ਲਈ ਹਾਂਗਕਾਂਗ ਦੀ ਸਰਕਾਰ ਵੱਲੋਂ ਕਰੋਨਾ ਟੈਸਟ ਕਰਵਾਏ ਜਾਣ ਦੀ ਸ਼ਰਤ ਲਗਾਈ ਗਈ ਸੀ ਪਰ ਇਹ ਪਹਿਲਾਂ ਹੀ ਟਿਕਟਾਂ ਬੁੱਕ ਕਰਵਾ ਚੁੱਕੇ ਸਨ ਅਤੇ ਸਮਾਂ ਘੱਟ ਹੋਣ ਕਰਕੇ ਇਹ ਪਰੇਸ਼ਾਨੀ ਦੇ ਆਲਮ ਵਿਚ ਸਨ। ਡਾ: ਹਰਜੋਤ ਨੇ ਉਹਨਾਂ ਦੇ ਕਰੋਨਾ ਟੈਸਟਾਂ ਲਈ ਸਰਕਾਰੀ ਹਸਪਤਾਲ ਦੇ ਐੱਸ ਐੱਮ ਓ ਡਾ: ਰਾਜੇਸ਼ ਅੱਤਰੀ ਨੂੰ ਆਖ ਕੇ ਸੈਂਪਲ ਲੈਣ ਦੀ ਪਰਿਕਿਰਿਆ ਸ਼ੁਰੂ ਕਰਵਾਈ ਪਰ ਮਸ਼ੀਨ ਦੀ ਖਰਾਬੀ ਹੋਣ ਕਰਕੇ ਇਸ ਪਰਿਕਿਰਿਆ ਲਈ ਫਰੀਦਕੋਟ ਦੇ ਐੱਸ ਐੱਮ ਓ ਚੰਦਰ ਸ਼ੇਖਰ ਦੀ ਸਹਾਇਤਾ ਲਈ ਗਈ। ਉਹਨਾਂ ਆਖਿਆ ਕਿ ਫਰੀਦਕੋਟ ਵਿਖੇ ਵੀ ਟੈਸਟ ਰਿਪੋਰਟਾਂ ਪ੍ਰਾਪਤ ਕਰਨ ਦੀ ਕਿਰਿਆ ਨੂੰ ਤੇਜ਼ ਕਰਨ ਲਈ ਉਹਨਾਂ ਦੀ ਬੇਨਤੀ ’ਤੇ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ ਪੂਰੀ ਮਦਦ ਕੀਤੀ ਤੇ ਇੰਜ ਸਾਰਿਆਂ ਵਿਅਕਤੀਆਂ ਦੀਆਂ ਰਿਪੋਰਟਾਂ ਨੈਗੇਟਿਵ ਆਉਣ ’ਤੇ ਉਹ ਇਕੋ ਜਹਾਜ਼ ਵਿਚ ਸਵਾਰ ਹੋ ਕੇ ਆਪੋ ਆਪਣੇ ਪਰਿਵਾਰਾਂ ਕੋਲ ਹਾਂਗਕਾਂਗ ਪਹੁੰਚਣ ਵਿਚ ਸਫ਼ਲ ਹੋਏ । ਡਾ: ਹਰਜੋਤ ਨੇ   'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਕਿਹਾ ਕਿ ਉਹ ਆਪਣੇ ਦੋਸਤ ਉੱਘੇ ਕਾਰੋਬਾਰੀ ਸੁਖਜੀਤ ਸਿੰਘ ਧੱਲੇਕੇ ਅਤੇ ਗੁਰਦੁਆਰਾ ਸਾਹਿਬ ਹਾਂਗਕਾਂਗ ਕਮੇਟੀ ਦੇ ਰਿਣੀ ਹਨ ਜਿਹਨਾਂ ਨੇ ਉਹਨਾਂ ਨੂੰ ਪ੍ਰਸ਼ੰਸਾ ਪੱਤਰ ਭੇਜ ਕੇ ਸਤਿਕਾਰ ਦਿੱਤਾ ਹੈ। ਉਹਨਾਂ ਆਖਿਆ ਕਿ ਉਹ ਸਿਆਸਤ ਵਿਚ ਲੋਕ ਹਿਤਾਂ ਵਾਸਤੇ ਹੀ ਆਏ ਹਨ ਇਸ ਕਰਕੇ ਇਹ ਉਹਨਾਂ ਦਾ ਫਰਜ਼ ਸੀ ਕਿ ਜਿਵੇਂ ਪ੍ਰਵਾਸੀ ਪੰਜਾਬੀ ਹਮੇਸ਼ਾ ਪੰਜਾਬ ਦਾ ਭਲਾ ਲੋਚਦੇ ਨੇ ਉਸੇ ਤਰਾਂ ਅਸੀਂ ਵੀ ਉਹਨਾਂ ਦੇ ਹਰ ਦੁੱਖ ਸੁਖ ਵੇਲੇ ਉਹਨਾਂ ਦੇ ਨਾਲ ਖੜ੍ਹੀਏ।  ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ