ਹੱਸਣਾ ਬਹੁਤ ਜ਼ਰੂਰੀ ਹੈ,ਹਸੂੰ-ਹਸੂੰ ਕਰਦੇ ਚਿਹਰਿਆਂ 'ਤੇ ਹਮੇਸ਼ਾ ਰਹਿੰਦੀ ਏ ਐ 'ਗਲੋ',ਮਹਿੰਗੀਆਂ ਕਰੀਮਾਂ ਦੀ ਬਜਾਏ ਖੁਲ੍ਹ ਕੇ ਹੱਸੋ -ਡਾ. ਅਮਨਦੀਪ ਸਿੰਘ ਟੱਲੇਵਾਲੀਆ

ਮੋਗਾ, 9 ਜੁਲਾਈ (ਇੰਟਰਨੈਸ਼ਨਲ  ਪੰਜਾਬੀ  ਨਿਊਜ਼  ) :'ਨਚਣੁ ਕੁਦਣੁ ਮਨ ਕਾ ਚਾਉ' ਦੇ ਕਥਨ ਮੁਤਾਬਿਕ ਨੱਚਣਾ, ਕੁੱਦਣਾ ਅਤੇ ਹੱਸਣਾ ਵੀ ਜ਼ਿੰਦਗੀ ਦਾ ਇਕ ਜ਼ਰੂਰੀ ਅੰਗ ਹੈ। ਹੱਸਣਾ ਜਾਂ ਖ਼ੁਸ਼ ਰਹਿਣਾ ਹੀ ਜ਼ਿੰਦਗੀ ਹੈ। 

ਇਹ ਦੁਨੀਆਂ ਮੰਡੀ ਪੈਸੇ ਦੀ ਹਰ ਚੀਜ਼ ਵਿਕੇਂਦੀ ਭਾਅ ਸੱਜਣਾ।

ਇਥੇ ਰੋਂਦੇ ਚਿਹਰੇ ਨਹੀਂ ਵਿਕਦੇ ਹੱਸਣ ਦੀ ਆਦਤ ਪਾ ਸੱਜਣਾ।
ਸੋ ਕਹਿਣ ਤੋਂ ਭਾਵ, ਹੱਸਦੇ ਚਿਹਰਿਆਂ ਦੀ ਜਿੰਨੀ ਕਦਰ ਪੈਂਦੀ ਹੈ ਜਾਂ ਹਸੂੰ-ਹਸੂੰ ਕਰਦੇ ਚਿਹਰੇ ਜਿੰਨੇ ਸੋਹਣੇ ਲੱਗਦੇ ਹਨ, ਉਨਾਂ ਰੋਂਦੇ ਚਿਹਰੇ ਨਹੀਂ। ਇਥੇ ਇਹ ਗੱਲ ਵੀ ਧਿਆਨ ਦੇਣ ਵਾਲੀ ਹੈ ਕਿ ਹਾਸਾ ਕਿਸ ਨੂੰ ਆਉਂਦਾ ਹੈ ਜਾਂ ਖ਼ੁਸ਼ ਕੌਣ ਰਹਿੰਦਾ ਹੈ।
ਬਿਨਾਂ ਖ਼ੁਸ਼ੀ ਦੇ ਹੱਸਿਆ ਨਹੀਂ ਜਾਂਦਾ
ਰੋਣੇ ਗ਼ਮਾਂ ਦੇ ਬਾਝ ਨਹੀਂ ਰੋਏ ਜਾਂਦੇ
ਦਰਦਾਂ ਬਾਝ ਨਾ ਸੀਨੇ ਵਿਚ ਛੇਕ ਪੈਂਦੇ
ਛੇਕਾਂ ਬਾਝ ਨਾ ਮੋਤੀ ਪਰੋਏ ਜਾਂਦੇ
ਜਿਹੜੇ ਇਨਸਾਨ ਜ਼ਿੰਦਗੀ ਵਿਚ ਸੰਤੁਸ਼ਟ ਹਨ, ਉਹੀ ਖ਼ੁਸ਼ ਰਹਿੰਦੇ ਹਨ ਅਤੇ ਹਾਸਾ ਉਸ ਖ਼ੁਸ਼ੀ ਦਾ ਬਾਹਰੀ ਪ੍ਰਗਟਾਵਾ ਹੁੰਦਾ ਹੈ, ਜੋ ਅੰਦਰਲੇ ਹਾਵ-ਭਾਵ ਨੂੰ ਉਜਾਗਰ ਕਰਦਾ ਹੈ। ਖ਼ੁਸ਼ੀ ਤੋਂ ਅੱਗੇ ਵੀ ਇਕ ਅਵਸਥਾ ਹੈ, ਜਿਸ ਨੂੰ ਆਨੰਦ ਦੀ ਅਵਸਥਾ ਆਖਿਆ ਜਾਂਦਾ ਹੈ। 'ਆਨੰਦ' ਦੀ ਅਵਸਥਾ ਤਾਂ ਸਿਰਫ਼ ਉਨ੍ਹਾਂ ਮਹਾਂਪੁਰਸ਼ਾਂ ਨੂੰ ਹੀ ਨਸੀਬ ਹੁੰਦੀ ਹੈ, ਜੋ ਇਸ ਮਾਇਆ ਅਤੇ ਮੋਹ ਦੇ ਜਾਲ 'ਚੋਂ ਨਿਕਲ ਕੇ ਆਪਣੇ ਮਨ ਨੂੰ 'ਸਾਧ' ਕੇ ਸੰਤੁਸ਼ਟ ਹੋ ਜਾਂਦੇ ਹਨ ਅਤੇ ਉਨ੍ਹਾਂ ਦੇ ਅੰਦਰ ਦੀਆਂ ਇੱਛਾਵਾਂ ਖ਼ਤਮ ਹੋ ਜਾਂਦੀਆਂ ਹਨ। 'ਨਾ ਉਹਨਾਂ ਨੂੰ ਚੜ੍ਹੀ ਦੀ, ਨਾ ਲੱਥੀ ਦੀ' ਫਿਰ ਉਹ ਸੁਥਰਿਆਂ ਵਾਲੀ ਜ਼ਿੰਦਗੀ ਵਿਚ ਪ੍ਰਵੇਸ਼ ਕਰ ਜਾਂਦੇ ਹਨ ਅਤੇ ਇਸ ਨੂੰ ਆਨੰਦ ਦੀ ਅਵਸਥਾ ਆਖਿਆ ਜਾਂਦਾ ਹੈ।
ਗੱਲ ਕਰ ਰਹੇ ਹਾਂ ਹੱਸਣ ਦੀ। ਆਨੰਦ ਦੀ ਪ੍ਰਾਪਤੀ ਕਰਨੀ ਤਾਂ ਬਹੁਤ ਵੱਡੀ ਗੱਲ ਹੈ। ਐਨਾ ਹੀ ਬਹੁਤ ਹੈ ਕਿ ਅਸੀਂ ਹੱਸਣ ਦੀ ਆਦਤ ਪਾ ਲਈਏ। ਅੱਜ ਦਾ ਸਮਾਂ ਐਨਾ ਕੁ ਬਿਜ਼ੀ ਹੋ ਗਿਆ ਹੈ ਕਿ ਲੋਕਾਂ ਕੋਲ ਹੱਸਣ ਲਈ ਸਮਾਂ ਹੀ ਨਹੀਂ ਰਿਹਾ। ਪਹਿਲੀ ਗੱਲ ਤਾਂ ਹਾਸਾ ਮਜ਼ਾਕ ਕੋਈ ਪਸੰਦ ਹੀ ਨਹੀਂ ਕਰਦਾ। ਜੇਕਰ ਕਿਸੇ ਨੂੰ ਹਾਸੇ-ਹਾਸੇ ਵਿਚ ਕੁੱਝ ਕਹਿ ਦਿਓ ਤਾਂ ਅਗਲਾ ਵੱਢ ਖਾਣ ਨੂੰ ਪੈਂਦਾ। ਦੂਸਰਾ ਅਸੀਂ ਹੱਸਣਾ ਭੁੱਲਦੇ ਜਾ ਰਹੇ ਹਾਂ। ਮਨੋਵਿਗਿਆਨੀਆਂ ਦਾ ਮੰਨਣਾ ਹੈ ਕਿ ਜਿੰਨਾ ਲੋਕ ਹਾਸੇ ਠੱਠਿਆਂ ਤੋਂ ਦੂਰ ਹੁੰਦੇ ਜਾ ਰਹੇ ਹਨ, ਉਨਾਂ ਹੀ ਬਿਮਾਰੀਆਂ ਵਿਚ ਗ੍ਰਸੇ ਜਾ ਰਹੇ ਹਨ।
ਬਾਹਰਲੇ ਮੁਲਕਾਂ ਵਿਚ (ਹੁਣ ਤਾਂ ਇਧਰ ਵੀ) 'ਲਾਫਟਰ ਕਲੱਬ' ਬਣਾਏ ਜਾ ਰਹੇ ਹਨ, ਜਿੱਥੇ ਲੋਕ ਬਣਾਉਟੀ ਹਾਸਾ ਹੱਸਦੇ ਹਨ ਜਾਂ ਲੋਕਾਂ ਦੇ ਮਨੋਰੰਜਨ ਲਈ ਫ਼ਿਲਮਾਂ ਰਾਹੀਂ, ਟੈਲੀਵਿਯਨ ਰਾਹੀਂ ਕਾਮੇਡੀ ਸ਼ੋਅ ਕਰਵਾਏ ਜਾ ਰਹੇ ਹਨ ਤਾਂ ਕਿ 'ਬਿਜ਼ੀ ਲਾਈਫ' ਨੂੰ ਥੋੜਾ ਜਿਹਾ ਹਾਸੇ-ਠੱਠੇ ਨਾਲ ਰੰਗੀਨ ਬਣਾਇਆ ਜਾ ਸਕੇ ਪਰ ਇਹ ਹਾਸਾ ਉਨਾਂ ਲਾਭਕਾਰੀ ਸਿੱਧ ਨਹੀਂ ਹੁੰਦਾ, ਜਿੰਨਾ ਅੰਦਰੋਂ ਆਪ-ਮੁਹਾਰੇ ਹੱਸਣਾ। ਇਕ ਸਮਾਂ ਸੀ, ਜਦੋਂ ਲੋਕ ਇਕੱਠੇ ਜੁੜ ਬੈਠ ਕੇ ਇਕ-ਦੂਜੇ ਨੂੰ ਮਜ਼ਾਕ ਕਰਦੇ, ਕੁੜੀਆਂ-ਕੱਤਰੀਆਂ ਇਕ-ਦੂਜੀ ਨੂੰ ਛੇੜਦੀਆਂ ਜਾਂ ਜੀਜਾ-ਸਾਲੀ, ਦਿਓਰ-ਭਰਜਾਈ ਆਪਸ ਵਿਚ ਹਾਸਾ-ਠੱਠਾ ਕਰਦੇੇ ਪਰ ਸਮੇਂ ਦੀ ਚਾਲ ਨੇ ਸਭ ਕੁੱਝ ਬਦਲ ਦਿੱਤਾ ਹੈ। ਰਿਸ਼ਤਿਆਂ ਨੂੰ ਬਦਨਾਮ ਕਰ ਦਿੱਤਾ ਹੈ। ਪਵਿੱਤਰ ਰਿਸ਼ਤਿਆਂ ਨੂੰ ਅਸ਼ਲੀਲਤਾ ਦੀ ਪਾਣ ਚੜ੍ਹਾ ਦਿੱਤੀ। ਹੁਣ ਸਭ ਕੁੱਝ ਬਣਾਉਟੀ ਹੋ ਕੇ ਰਹਿ ਗਿਆ। ਗੱਲ ਕੀ ਮਨੁੱਖ ਵੀ ਸਿਰਫ ਪੈਸੇ ਵਾਲੀ ਮਸ਼ੀਨ ਬਣ ਗਿਆ। ਮਸ਼ੀਨਾਂ ਦੇ ਦਿਲ ਨਹੀਂ ਹੁੰਦਾ ਅਤੇ ਦਿਲਾਂ ਬਿਨਾਂ ਹਾਸੇ ਨਹੀਂ ਉਗਦੇ। ਕਈ ਤਾਂ ਵਿਚਾਰੇ ਅਜਿਹੇ ਹਨ ਕਿ ਉਹਨਾਂ ਕੋਲ ਖ਼ੁਸ਼ੀ ਨਹੀਂ ਹੁੰਦੀ ਉਹ ਤਾਂ ਨਹੀਂ ਹੱਸਦੇ ਪਰ ਕਈ ਬਦਕਿਸਮਤ ਅਜਿਹੇ ਵੀ ਹਨ ਕਿ ਜਿੰਨਾਂ ਕੋਲ ਖ਼ੁਸ਼ੀਆਂ ਤਾਂ ਬਥੇਰੀਆਂ ਹਨ ਪਰ ਹੱਸਣਾ ਨਹੀਂ ਆਉਂਦਾ ਭਾਵ ਖ਼ੁਸ਼ੀ ਦਾ ਪ੍ਰਗਟਾਵਾ ਨਹੀਂ ਕਰਨਾ ਆਉਂਦਾ ਜਾਂ ਕਹਿ ਲਵੋ ਜਾਣ-ਬੁੱਝ ਕੇ ਖ਼ੁਸ਼ ਨਹੀਂ ਹੁੰਦੇ।
ਜਦੋਂ ਅਸੀਂ ਹੱਸਦੇ ਹਾਂ ਤਾਂ ਸਾਡੇ ਚਿਹਰੇ ਦੀਆਂ ਮਾਸਪੇਸ਼ੀਆਂ ਦੀ ਕਸਰਤ ਹੁੰਦੀ ਹੈ। ਚਿਹਰੇ ਦੀਆਂ ਬਹੁਤ ਸਾਰੀਆਂ ਮਾਸਪੇਸ਼ੀਆਂ ਅਜਿਹੀਆਂ ਹਨ, ਜੋ ਹੱਸਣ ਨਾਲ ਮਜ਼ਬੂਤ ਹੁੰਦੀਆਂ ਹਨ ਅਤੇ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਹਸੂੰ-ਹਸੂੰ ਕਰਦੇ ਚਿਹਰਿਆਂ 'ਤੇ ਹਮੇਸ਼ਾ 'ਗਲੋ' ਰਹਿੰਦੀ ਹੈ। ਫਿਰ ਕਿਸੇ ਬਾਹਰੀ ਕਰੀਮ ਜਾਂ ਮਹਿੰਗੇ ਪਾਊਡਰ ਦੀ ਜ਼ਰੂਰਤ ਨਹੀਂ ਰਹਿੰਦੀ। ਜਿਸਦੇ ਦਿਲ ਵਿਚ ਖ਼ੁਸ਼ੀ, ਉਸਦੇ ਬੁੱਲ੍ਹਾਂ 'ਤੇ ਹਾਸੇ ਅਤੇ ਚਿਹਰੇ 'ਤੇ ਰੌਣਕ ਰਹਿੰਦੀ ਹੈ। ਹਾਸੇ ਦੀਆਂ ਵੀ ਅੱਗੇ ਵੱਖ-ਵੱਖ ਕਿਸਮਾਂ ਹਨ।
1. ਸੰਗਾਊ ਹਾਸਾ (Smiling) : ਕਈ ਲੋਕ ਹੱਸਦੇ ਤਾਂ ਹਨ, ਭਾਵ ਮਨ ਵਿਚ ਖ਼ੁਸ਼ੀ ਤਾਂ ਹੁੰਦੀ ਹੈ ਪਰ ਉਹ ਸੰਗਾਊ ਬਿਰਤੀ ਦੇ ਮਾਲਕ ਹੁੰਦੇ ਹਨ। ਸਿਰਫ਼ ਬੁੱਲ੍ਹਾਂ ਵਿਚ ਮੁਸਕਰਾ ਕੇ ਆਪਣੇ ਹਾਸੇ ਦਾ ਪ੍ਰਗਟਾਅ ਕਰਦੇ ਹਨ। 
2. ਖਿੜ-ਖਿੜ ਹੱਸਣਾ (Vivacious) : ਬਹੁਤ ਥੋੜ੍ਹੇ ਲੋਕਾਂ ਦੇ ਹਿੱਸੇ ਆਉਂਦਾ ਹੈ ਖਿੜ-ਖਿੜ ਹੱਸਣਾ, ਜੋ ਬਿਨਾਂ ਕਿਸੇ ਸੰਗ-ਸ਼ਰਮ ਦੇ ਤਾੜੀ ਮਾਰ ਕੇ ਖਿੜ-ਖਿੜ ਹੱਸਦੇ ਹਨ ਭਾਵ ਆਪਣੀ ਖੁਸ਼ੀ ਦਾ ਪ੍ਰਗਟਾਅ ਇਸ ਤਰਾਂ ਕਰਦੇ ਹਨ, ਜਿਵੇਂ ਦੀਵਾਲੀ ਦੇ ਦਿਨ ਪਟਾਖੇ ਚਲਦੇ ਹਨ। 
3. ਦਿਖਾਵੇ ਵਾਲਾ ਹਾਸਾ (Formal Laughing) : ਇਹ ਲੋਕ ਅਜਿਹੇ ਹਨ, ਜੋ ਕਿਸੇ ਦੂਸਰੇ ਦੀ ਖ਼ੁਸ਼ੀ ਵਿਚ ਸ਼ਾਮਿਲ ਤਾਂ ਹੁੰਦੇ ਹਨ ਪਰ ਅੰਦਰੋਂ ਦੁਖੀ ਹਨ। ਸਿਰਫ਼ ਬਾਹਰੀ ਦਿਖਾਵੇ ਦੇ ਤੌਰ 'ਤੇ ਹੱਸਦੇ ਹਨ। ਅਜਿਹੇ ਲੋਕਾਂ ਦੀ ਪਹਿਚਾਣ ਕਰਨੀ ਬੜੀ ਔਖੀ ਹੁੰਦੀ ਹੈ। ਇਕ ਮਨੋਵਿਗਿਆਨੀ ਅਜਿਹੀ 'ਸਖ਼ਸ਼ੀਅਤ' ਦੀ ਪਛਾਣ ਕਰਨ ਵਿਚ ਬਹੁਤੀ ਦੇਰ ਨਹੀਂ ਲਾਉਂਦਾ। 
4. ਅੱਖਾਂ ਵਿਚ ਹੱਸਣਾ (Laughing Eyes) : ਖ਼ਾਸ ਕਰਕੇ ਸ਼ਰਾਰਤੀ ਦਿਮਾਗ ਜਾਂ ਅੱਲੜ੍ਹ ਉਮਰ ਦੇ ਮੁੰਡੇ-ਕੁੜੀਆਂ ਸਿਰਫ ਅੱਖਾਂ ਵਿਚ ਦਿਲ ਦੀ ਖੁਸ਼ੀ ਦਾ ਇਜ਼ਹਾਰ ਕਰਦੇ ਹਨ ਪਰ ਆਪਣੇ ਬੁੱਲ੍ਹ ਮੀਚ ਕੇ, ਦੰਦ ਲੁਕਾ ਕੇ ਦੁਨੀਆਂ ਤੋਂ ਇਸ ਗੱਲ ਦਾ ਓਹਲਾ ਰੱਖਦੇ ਹਨ। 
5. ਕਾਮ ਭੜਕਾਊ ਹਾਸਾ : ਅਜਿਹੀ ਹਾਸੀ ਵਾਲੇ ਬਹੁਤ ਥੋੜ੍ਹੇ ਕੁੜੀਆਂ-ਮੁੰਡੇ ਹੁੰਦੇ ਹਨ, ਜੋ ਸਿਰਫ 'ਹੱਸ ਕੇ' ਹੀ ਦੂਸਰਿਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹਨ। ਫਿਲਮਾਂ ਦੇ ਮਾਡਲਾਂ ਦੀ ਤਰ੍ਹਾਂ ਇਹ ਆਪਣੇ 'ਸੈਕਸੀ ਲਿਪਸ' ਦੇ ਸਹਾਰੇ ਹੀ ਦੁਨੀਆਂ ਜਿੱਤ ਲੈਂਦੇ ਹਨ।
6. ਮੁਸਕਰਾਉਣਾ (Cheerful) : ਕਈ ਮਨੁੱਖ ਅਜਿਹੇ ਹੁੰਦੇ ਹਨ, ਜਿਨ੍ਹਾਂ ਦੇ ਚਿਹਰੇ ਹਰ ਵੇਲੇ ਹਸੂੰ-ਹਸੂੰ ਕਰਦੇ ਹਨ। ਉਹ ਜਿਥੇ ਵੀ ਜਾਂਦੇ ਹਨ, ਉਥੇ ਆਪਣੀ 'ਮਹਿਕ' ਖਿੰਡਾ ਕੇ ਆਲੇ-ਦੁਆਲੇ ਨੂੰ ਨਸ਼ਿਆ ਦਿੰਦੇ ਹਨ। 
7. ਹਾਸਾ ਮਜ਼ਾਕ (Jesting) : ਇਹ ਹਾਸੇ ਦਾ ਉਹ ਰੂਪ ਹੈ, ਜਿਥੇ ਕੋਈ ਅੰਦਰੂਨੀ ਖ਼ੁਸ਼ੀ ਜਾਂ ਖੇੜਾ ਤਾਂ ਨਹੀਂ ਹੁੰਦਾ ਪਰ ਕਿਸੇ ਇਕ ਵੱਲੋਂ ਦੂਸਰੇ ਨੂੰ ਕੋਈ ਮੌਕੇ ਅਨੁਸਾਰ ਅਜਿਹੀ ਗੱਲ ਕੱਢ ਮਾਰਨੀ, ਜਿਸ ਨਾਲ 'ਢਿੱਡੀਂ ਪੀੜਾਂ' ਪੈ ਜਾਂਦੀਆਂ ਹਨ। ਬੇਸ਼ੱਕ ਇਹ ਇਕ ਕਿਸਮ ਦਾ ਬਣਾਉਟੀ ਹਾਸਾ ਹੀ ਹੁੰਦਾ ਹੈ ਪਰ ਇਸ ਨਾਲ ਚਿਹਰੇ ਦੀਆਂ ਮਾਸਪੇਸ਼ੀਆਂ ਉਤੇ ਇਕਦਮ ਨਿਖ਼ਾਰ ਆ ਜਾਂਦਾ ਹੈ। ਸਾਰੇ ਕਾਮੇਡੀਅਨ, ਭੰਡ ਜਾਂ ਹਾਸਾ-ਠੱਠਾ ਕਰਨ ਵਾਲੇ ਲੋਕ ਦੂਸਰਿਆਂ ਨੂੰ ਹਸਾਉਣ ਲਈ ਆਪਣੀ ਕਲਾ ਦਾ ਪੂਰਾ-ਪੂਰਾ ਪ੍ਰਦਰਸ਼ਨ ਕਰਦੇ ਹਨ। ਇਹ ਜ਼ਰੂਰੀ ਨਹੀਂ ਹੁੰਦਾ ਕਿ ਦੂਸਰਿਆਂ ਨੂੰ ਹਸਾਉਣ ਵਾਲਾ ਆਪ ਸੱਚਮੁੱਚ ਖ਼ੁਸ਼ ਹੀ ਰਹਿੰਦਾ ਹੋਵੇ। ਇਹ ਉਸਦਾ ਕਿੱਤਾ (ਪ੍ਰੋਫੈਸ਼ਨ), ਕਲਾ ਜਾਂ ਦੂਸਰਿਆਂ ਉਪਰ ਆਪਣਾ ਪ੍ਰਭਾਵ ਪਾਉਣ ਦਾ ਹੀ ਇਕ ਤਰੀਕਾ ਹੋਵੇ। ਜਿਵੇਂ ਕਿ ਕਿਸੇ ਸ਼ਾਇਰ ਨੇ ਲਿਖਿਆ ਹੈ : 
ਹੋਠੋਂ ਪੇ ਮੁਸਕਰਾਹਟੇਂ ਸੀਨੇ ਮੇਂ ਗ਼ਮ ਲੀਏ
ਜੀਤਾ ਹੈ ਕੌਨ ਯਾਰੋ ਜੈਸੇ ਕਿ ਹਮ ਜੀਏ।
ਕੁੱਝ ਵੀ ਹੋਵੇ, ਕਾਮੇਡੀਅਨ ਕਲਾਕਾਰ ਭਾਵੇਂ ਕਿਸੇ ਵੀ ਸਥਿਤੀ ਵਿਚ ਹੋਵੇ ਪਰ ਉਸਦਾ ਕੰਮ ਤਾਂ ਦੂਸਰਿਆਂ ਨੂੰ ਹਸਾਉਣਾ ਹੀ ਹੁੰਦਾ ਹੈ। ਕਿਸੇ ਨੂੰ ਖ਼ੁਸ਼ੀ ਦੇਣੀ ਜਾਂ ਕਿਸੇ ਰੋਂਦੇ ਚਿਹਰੇ ਨੂੰ ਹਸਾਉਣਾ ਆਪਣੇ ਆਪ ਵਿਚ ਇਕ ਬਹੁਤ ਵੱਡਾ ਪੁੰਨ ਹੈ। ਇਸ ਤਰ੍ਹਾਂ ਭਾਵੇਂ ਕੁੱਝ ਵੀ ਹੋਵੇ, ਇਨਸਾਨ ਨੂੰ ਹਰ ਵੇਲੇ ਖ਼ੁਸ਼ ਰਹਿਣਾ ਚਾਹੀਦਾ ਹੈ ਅਤੇ ਇਹੀ ਖ਼ੁਸ਼ੀ ਚਿਹਰੇ ਉਤੇ ਹਾਸੇ ਦੇ ਰੂਪ ਵਿਚ ਡੁੱਲ੍ਹ-ਡੁੱਲ੍ਹ ਪੈਂਦੀ ਹੈ, ਸਿਆਣਿਆਂ ਠੀਕ ਹੀ ਕਿਹਾ ਹੈ 'ਹੱਸਦਿਆਂ ਦੇ ਘਰ ਵੱਸਦੇ।'
ਬੇਸ਼ੱਕ ਇਨਸਾਨ ਦੀ ਜ਼ਿੰਦਗੀ ਵਿਚ ਕਈ ਵਾਰ ਦੁੱਖਾਂ ਦੀਆਂ ਹਨੇਰੀਆਂ ਝੁੱਲ ਜਾਂਦੀਆਂ ਹਨ ਪਰ ਫਿਰ ਵੀ ਕਈ ਗੱਲਾਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਦਾ ਹੱਲ ਦੁਖੀ ਹੋ ਕੇ ਜਾਂ ਰੋ-ਕੁਰਲਾ ਕੇ ਵੀ ਨਹੀਂ ਨਿਕਲਦਾ। ਸੋ ਅਜਿਹੀਆਂ ਸਥਿਤੀਆਂ ਵਿਚ ਇਹ ਤਾਂ ਨਹੀਂ ਕਿ ਖਿੜ-ਖਿੜ ਹੱਸਣਾ ਚਾਹੀਦਾ ਹੈ ਪਰ ਜਿੱਥੋਂ ਤੱਕ ਹੋ ਸਕੇ ਮਨ 'ਤੇ ਕਾਬੂ ਪਾ ਕੇ ਰੱਖਣਾ ਚਾਹੀਦਾ ਹੈ ਅਤੇ ਦੁੱਖ ਨੂੰ ਭੁੱਲ ਕੇ ਖ਼ੁਸ਼ੀ ਦੀ ਤਲਾਸ਼ ਕਰਨੀ ਚਾਹੀਦੀ ਹੈ। ਹਮੇਸ਼ਾ ਆਸ਼ਾਵਾਦੀ ਹੋ ਕੇ ਚੱਲਣਾ ਚਾਹੀਦਾ ਹੈ।
ਮਾਡਰਨ ਸ਼ੈਲੀ ਵਿਚ 'ਫਨ' ਕਰਨਾ ਅੱਜਕੱਲ੍ਹ ਮੁੰਡੇ-ਕੁੜੀਆਂ ਦਾ ਸ਼ੌਕ ਬਣਦਾ ਜਾ ਰਿਹਾ ਹੈ। ਇਹ ਫਨ ਹੱਸਣ-ਖੇਡਣ ਤੋਂ ਸ਼ੁਰੂ ਹੋ ਕੇ ਕਿਸੇ ਵੀ ਹੱਦ ਤੱਕ ਹੋ ਸਕਦਾ ਹੈ। ਭਾਵ ਇਸ ਵਿਚ ਜ਼ਿੰਦਗੀ ਦੀ ਸੁੱਚਮਤਾ ਤੋਂ ਲੈ ਕੇ ਅਸ਼ਲੀਲਤਾ ਦੀ ਹੱਦ ਵੀ ਪਾਰ ਹੋ ਸਕਦੀ ਹੈ ਪਰ ਅਸਲੀ 'ਫਨ' ਉਹੀ ਹੁੰਦਾ ਹੈ, ਜਿਸ ਵਿਚ ਖ਼ੁਸ਼ੀ ਢਿੱਡੋਂ ਉਪਜਦੀ ਹੈ ਅਤੇ ਮਨੁੱਖ ਖ਼ੁਸ਼ੀ ਵਿਚ ਖੀਵਾ ਹੋਇਆ ਜ਼ਿੰਦਗੀ ਦੇ ਪਲ-ਪਲ ਨੂੰ ਮਾਣਦਾ ਹੈ। ਫਿਰ ਉਸਦੇ ਦਿਲ-ਦਿਮਾਗ ਵਿਚ ਗਿੱਧੇ-ਭੰਗੜੇ ਪੈਂਦੇ ਹਨ ਅਤੇ ਚਿਹਰੇ 'ਤੇ ਹਾਸੇ ਦੀ ਮੁਸਕਰਾਹਟ ਇਉਂ ਨੱਚਦੀ ਹੈ ਜਿਵੇਂ ਗੁਲਾਬ ਦੇ ਫੁੱਲਾਂ 'ਤੇ ਤਿਤਲੀ। ਸੋ, ਹੱਸਣ ਦੀ ਆਦਤ ਪਾਓ ਕਿਉਂਕਿ ਜ਼ਿੰਦਗੀ ਬਹੁਤ ਥੋੜ੍ਹੀ ਹੈ। ਜੋ ਅੱਜ ਬੀਤ ਗਿਆ, ਉਹ ਕੱਲ੍ਹ ਨਹੀਂ ਹੋਣਾ। ਜੋ ਕੱਲ੍ਹ ਸੀ, ਉਹ ਅੱਜ ਨਹੀਂ।
 
ਡਾ. ਅਮਨਦੀਪ ਸਿੰਘ ਟੱਲੇਵਾਲੀਆ
ਬਾਬਾ ਫ਼ਰੀਦ ਨਗਰ, ਕਚਹਿਰੀ ਚੌਕ,
ਬਰਨਾਲਾ
98146-99446