ਆਮ ਆਦਮੀ ਪਾਰਟੀ ਨੇ ਐਮ.ਐਲ.ਏ. ਡਾ:ਹਰਜੋਤ ਕਮਲ ਦੇ ਦਫ਼ਤਰ ਦਾ ਕੀਤਾ ਘਿਰਾਓ
ਮੋਗਾ 4 ਅਗਸਤ (ਜਸ਼ਨ): ਮੋਗਾ ਦੀ ਸਿਆਸਤ ਵਿਚ ਅੱਜ ਉਸ ਸਮੇਂ ਗਰਮਾਹਟ ਦੇਖਣ ਨੂੰ ਮਿਲੀ ਜਦੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਸੀਬ ਬਾਵਾ ਅਤੇ ਹਲਕਾ ਇੰਚਾਰਜ ਨਵਦੀਪ ਸੰਘਾ ਦੀ ਅਗਵਾਈ ਵਿਚ ਵਲੰਟੀਅਰਾਂ ਨੇ ਵਿਧਾਇਕ ਡਾ: ਹਰਜੋਤ ਕਮਲ ਦੇ ਦਫਤਰ ਦਾ ਘਿਰਾਓ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨਸੀਬ ਬਾਵਾ ਅਤੇ ਹਲਕਾ ਇੰਚਾਰਜ ਨਵਦੀਪ ਸੰਘਾ ਨੇ ਸੰਬੋਧਨ ਕਰਦਿਆਂ ਆਖਿਆ ਕਿ ਪੰਜਾਬ ਦੀ ਭੋਲੀ ਭਾਲੀ ਜਨਤਾ ਨਾਲ ਝੂਠੇ ਵਾਅਦੇ ਕਰਕੇ ਸੱਤਾ ਵਿਚ ਆਈ ਕਾਂਗਰਸ ਸਰਕਾਰ ਪਿਛਲੇ ਕਰੀਬ 4 ਸਾਲ ਤੋਂ ਹੱਥ ਤੇ ਹੱਥ ਧਰੀ ਬੈਠੀ ਹੈ ਅਤੇ ਕੋਈ ਵਿਕਾਸ ਕਾਰਜ ਨਹੀਂ ਹੋ ਰਿਹਾ। ਉਹਨਾਂ ਕਿਹਾ ਕਿ ਚੋਣ ਮੈਨੀਫੈਸਟੋ ਵਿਚ ਘਰ ਘਰ ਨੌਕਰੀ ਦੇਣ, ਪੰਜਾਬ ਵਿੱਚੋਂ ਰੇਤ ਮਾਫੀਆ, ਲੈਂਡ ਮਾਫੀਆ, ਡਰੱਗ ਮਾਫੀਆ, ਸ਼ਰਾਬ ਮਾਫੀਆ ਖਤਮ ਕਰਨ, ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੀ ਤਫਤੀਸ਼ ਕਰਕੇ ਦੋਸ਼ੀਆਂ ਨੂੰ ਜੇਲ੍ਹ ਵਿੱਚ ਡੱਕਣ ਦੇ ਵਾਅਦੇ ਕੀਤੇ ਗਏ ਸਨ ਪਰ ਇਕ ਵੀ ਵਾਅਦਾ ਵਫ਼ਾ ਨਹੀਂ ਹੋਇਆ। ਉਹਨਾਂ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਨਿਘਾਰ ਵੱਲ ਜਾ ਰਹੀ ਹੈ ਪਰ ਕਰੋਨਾ ਮਹਾਂਮਾਰੀ ਦੀ ਆੜ ਵਿੱਚ ਕੈਪਟਨ ਸਾਹਬ ਪੂਰਨ ਤੌਰ ਤੇ ਇਕਾਂਤਵਾਸ ਵਿੱਚ ਚਲੇ ਗਏ ਹਨ ਅਤੇ ਉਹ ਕੁੱਝ ਦਿਨਾਂ ਬਾਅਦ ਆਪਣੇ ਵੱਟਸਐਪ ਤੇ ਇੱਕ ਦੋ ਵਿਅਕਤੀਆਂ ਨਾਲ ਗੱਲਾਂ ਕਰਕੇ ਲੋਕਾਂ ਦੀਆਂ ਅੱਖਾਂ ਠੰਡੀਆਂ ਕਰਨਾ ਚਾਹੁੰਦੇ ਹਨ ਜਦਕਿ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਿਰੋਧੀ ਲੀਡਰ ਹਰਪਾਲ ਚੀਮਾ ਅਤੇ ਬਾਕੀ ਵਿਧਾਇਕ ਅਸੰਬਲੀ ਅਤੇ ਅਸੰਬਲੀ ਤੋਂ ਬਾਹਰ ਵਾਰ ਵਾਰ ਚੇਤਨ ਕਰ ਰਹੇ ਹਨ ਕਿ ਪੰਜਾਬ ਦੇ ਲੋਕ ਦੁੱਖੀ ਹਨ, ਉਨ੍ਹਾਂ ਦੀ ਸਾਰ ਲਈ ਜਾਵੇ ਪ੍ਰੰਤੂ ਕੈਪਟਨ ਸਾਹਿਬ ਦੇ ਕੰਨ ਤੇ ਜੂੰ ਨਹੀਂ ਸਰਕੀ। ਗੁੱਟਕਾ ਸਾਹਿਬ ਤੇ ਹੱਥ ਰੱਖ ਕੇ ਸਹੁੰ ਖਾਣ ਵਾਲੀ ਕੈਪਟਨ ਸਰਕਾਰ ਨੇ ਨਸ਼ਾ ਤਾਂ ਕੀ ਖਤਮ ਕਰਨਾ ਸੀ ਸਗੋਂ ਇੱਕ ਦਿਨ ਵਿੱਚ 100 ਤੋਂ ਵੱਧ ਮੌਤਾਂ ਨੇ ਪੰਜਾਬ ਨੂੰ ਹਿੱਲਾ ਕੇ ਰੱਖ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਜੱਗ ਜ਼ਾਹਰ ਹੋ ਚੁੱਕਾ ਹੈ ਕਿ ਪੰਜਾਬ ਵਿੱਚ ਸੱਤਾਧਾਰੀ ਰਾਜਨੀਤਿਕ ਲੋਕ ,ਪ੍ਰਸ਼ਾਸਨਿਕ ਅਧਿਕਾਰੀ ਅਤੇ ਮਾਫੀਆ ਤਾਲਮੇਲ ਕਰਕੇ ਲੋਕਾਂ ਦਾ ਖੂਨ ਪੀ ਰਹੇ ਹਨ। ਕੈਪਟਨ ਸਾਹਿਬ ਦੇ ਆਪਣੇ ਇਲਾਕੇ ਵਿੱਚ ਸਰਕਾਰ ਦੇ ਐਮ.ਐਲ.ਏ. ਸ਼ਰਾਬ ਦੀਆਂ ਨਜਾਇਜ ਫੈਕਟਰੀਆਂ ਚਲਾਉਂਦੇ ਫੜ੍ਹੇ ਗਏ ਪ੍ਰੰਤੂ ਕੈਪਟਨ ਸਾਹਿਬ ਨੀਂਦ ਵਿੱਚੋਂ ਨਹੀਂ ਜਾਗੇ ਕਿਉਂਕਿ ਉਨ੍ਹਾਂ ਦਾ ਪਤਾ ਹੀ ਨਹੀਂ ਕਿ ਉਹ ਕਿੱਥੇ ਹਨ। ਇਸ ਲਈ ਅੱਜ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ , ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਸਮੇਤ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ ਇਕੱਠੇ ਹੋ ਕੇ ਕੈਪਟਨ ਸਾਹਿਬ ਨੂੰ ਲੱਭਣ ਲਈ ਕੈਪਟਨ ਸਾਹਿਬ ਦੇ ਫਾਰਮ ਹਾਊਸ ਤੇ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਪੁਲਿਸ ਨੇ ਗਿ੍ਰਫਤਾਰ ਕਰ ਲਿਆ ਜਦੋਂ ਕਿ ਆਮ ਆਦਮੀ ਪਾਰਟੀ ਦੇ ਸਾਰੇ ਲੀਡਰ ਕੈਪਟਨ ਸਾਹਿਬ ਨੂੰ ਪੰਜਾਬ ਦੀਆਂ ਸਮੱਸਿਆਵਾਂ ਦੱਸ ਕੇ ਪੰਜਾਬ ਦੇ ਲੋਕਾਂ ਦੀਆਂ ਤਕਲੀਫਾਂ ਨੂੰ ਦੂਰ ਕਰਨਾ ਚਾਹੁੰਦੇ ਸਨ। ਆਮ ਆਦਮੀ ਪਾਰਟੀ ਜ਼ਿਲ੍ਹਾ ਮੋਗਾ ਨੇ ਇਸ ਗੱਲ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਅਤੇ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਜਿਨ੍ਹਾਂ ਪਾਸ ਗ੍ਰਹਿ ਵਿਭਾਗ ਅਤੇ ਆਬਕਾਰੀ ਮਹਿਕਮਾ ਹੈ, ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਠੀਕ ਨਹੀਂ ਰੱਖ ਸਕੇ। ਇਸ ਲਈ ਉਨ੍ਹਾਂ ਨੂੰ ਕੁਰਸੀ ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ ਅਤੇ ਨਾਂ ਹੀ ਪੰਜਾਬ ਵਿੱਚ ਬੁਰੀ ਤਰ੍ਹਾਂ ਕਰੋਨਾਂ ਪੀੜਤ ਲੋਕ ਇਸ ਤੋਂ ਅੱਗੇ ਸਹਿਣਸ਼ੀਲਤਾ ਦਿਖਾ ਸਕਦੇ ਹਨ। ਉਹਨਾਂ ਕਿਹਾ ਕਿ ਲੀਡਰਾਂ ਦੀ ਗਿ੍ਰਫਤਾਰੀ ਨਾਲ ਆਮ ਆਦਮੀ ਪਾਰਟੀ ਚੁੱਪ ਨਹੀਂ ਬੈਠੇਗੀ, ਸਗੋਂ ਆਪਣਾ ਸੰਘਰਸ਼ ਹੋਰ ਤੇਜ਼ ਕਰੇਗੀ। ਇਸ ਸਮੇਂ ਯੂਥ ਆਗੂ ਅਮਿਤਪੁਰੀ, ਅਮਨ ਰਖੜਾ, ਰਿੰਕੂ, ਜੱਸੀ ਘਾਰੂ, ਮਨਜੋਤ ਕੰਗ, ਵਿਨੈ ਚੌਧਰੀ, ਅਵਤਾਰ ਸਿੰਘ ਬੰਟੀ, ਮਨਪ੍ਰੀਤ ਸਿੰਘ, ਸੁਖਦੀਪ ਧਾਮੀ, ਕਰਮਜੀਤ ਸਿੰਘ, ਬਲਵਿੰਦਰ ਸਿੰਘ ਆਦਿ ਹਾਜਰ ਸਨ।
ਅੱਜ ਦੇ ਇਸ ਘਿਰਾਓ ਬਾਰੇ ਜਦੋਂ ਵਿਧਾਇਕ ਡਾ: ਹਰਜੋਤ ਕਮਲ ਦੇ ਵਿਚਾਰ ਜਾਣਨੇ ਚਾਹੇ ਤਾਂ ਉਹਨਾਂ ਆਖਿਆ ਕਿ ਮੰਗਲਵਾਰ ਅਤੇ ਸ਼ੁੱਕਰਵਾਰ ਉਹ ਵਿਧਾਇਕਾਂ ਦੀਆਂ ਮੀਟਿੰਗਾਂ ਲਈ ਚੰਡੀਗੜ੍ਹ ਵਿਖੇ ਹੁੰਦੇ ਹਨ ਪਰ ਜੇ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਇਸ ਘਿਰਾਓ ਬਾਰੇ ਜਾਣਕਾਰੀ ਹੁੰਦੀ ਤਾਂ ਉਹ ਆਪ ਦੇ ਵਲੰਟੀਅਰਾਂ ਲਈ ਚਾਹ ਪਾਣੀ ਦਾ ਇੰਤਜ਼ਾਮ ਜ਼ਰੂਰ ਕਰਵਾਉਂਦੇ ਕਿਉਂਕਿ ਇਹ ਵਲੰਟੀਅਰ ਬੇਸ਼ੱਕ ਵਿਰੋਧੀ ਪਾਰਟੀ ਨਾਲ ਸਬੰਧਤ ਹਨ ਪਰ ਮੇਰੇ ਮੋਗਾ ਹਲਕੇ ਦੇ ਵੱਡੇ ਪਰਿਵਾਰ ਦੇ ਮੈਂਬਰ ਹੋਣ ਕਰਕੇ ਮੇਰੇ ਆਪਣੇ ਹਨ । ਉਹਨਾਂ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਭਵਿੱਖ ਵਿਚ ਕਿਸੇ ਵੀ ਘਿਰਾਓ ਤੋਂ ਪਹਿਲਾਂ ਉਹਨਾਂ ਨੂੰ ਜਾਣਕਾਰੀ ਜ਼ਰੂਰ ਦੇਣ।