ਸਾਬਕਾ ਸਰਪੰਚ ਨੂੰ ਸ਼ਰਾਬ ਦੀ ਚਾਲੂ ਭੱਠੀ ਸਮੇਤ ਸੀ.ਆਈ.ਏ ਸਟਾਫ਼ ਪੁਲਿਸ ਜੈਤੋ ਨੇ ਕੀਤਾ ਕਾਬੂ ,ਦੋਸ਼ੀ ਦਾ ਲੜਕਾ ਮੌਕੇ ਤੋਂ ਫਰਾਰ,100 ਲੀਟਰ ਲਾਹਣ ਤੇ 20 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ

Tags: 

ਜੈਤੋ, 2 ਅਗਸਤ (ਮਨਜੀਤ ਸਿੰਘ ਢੱਲਾ) - ਪਿਛਲੇ ਦੋ ਦਿਨ ਪਹਿਲਾਂ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਪੰਜਾਬ ਵਿੱਚ ਮੌਤਾਂ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹੁਣ ਹਰਕਤ ਵਿੱਚ ਆਇਆ ਹੈ । ਅੱਜ ਜਿਲ੍ਹਾ ਫ਼ਰੀਦਕੋਟ ਦੇ ਸੀਨੀਅਰ ਪੁਲਿਸ ਕਪਤਾਨ ਸਵਰਨਜੀਤ ਸਿੰਘ ਤੇ ਡੀ.ਐਸ.ਪੀ ਜੈਤੋ ਪਰਮਿੰਦਰ ਸਿੰਘ ਵਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਸੀ.ਆਈ.ਏ ਸਟਾਫ਼ ਜੈਤੋ ਨੂੰ ਉਸ ਵਕਤ ਸਫਲਤਾ ਮਿਲੀ ਜਦ ਪਿੰਡ ਅਜਿੱਤ ਗਿੱਲ ਦੇ ਸਾਬਕਾ ਸਰਪੰਚ ਨੂੰ ਸ਼ਰਾਬ ਦੀ ਚਾਲੂ ਭੱਠੀ ਦੌਰਾਨ ਨਾਜਾਇਜ਼ 20 ਬੋਤਲਾਂ ਸ਼ਰਾਬ ਤੇ 100 ਲੀਟਰ ਲਾਹਣ ਬਰਾਮਦ ਹੋਣ 'ਤੇ ਕਥਿਤ ਦੋਸ਼ੀ ਨੂੰ ਕਾਬੂ ਕਰ ਲਿਆ ਜਦ ਕਿ ਉਸ ਦਾ ਲੜਕਾ ਮੌਕੇ ਤੋਂ ਫ਼ਰਾਰ ਹੋਣ ਵਿਚ ਸਫਲ ਰਿਹਾ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੀ.ਆਈ.ਏ.ਸਟਾਫ਼ ਜੈਤੋ ਦੇ ਇੰਚਾਰਜ ਕੁਲਵੀਰ ਚੰਦ ਸ਼ਰਮਾ ਨੇ ਦੱਸਿਆ ਕਿ ਨਜਾਇਜ਼ ਸ਼ਰਾਬ ਕੱਢਣ ਦੇ ਜੁਰਮ ਵਿੱਚ ਫੜੇ ਗਏ ਦੋਸ਼ੀ ਦੀ ਪਹਿਚਾਣ ਸਾਬਕਾ ਸਰਪੰਚ ਸੁਖਦੇਵ ਸਿੰਘ ਵਾਸੀ ਪਿੰਡ ਅਜਿੱਤ ਗਿੱਲ ਵਜੋਂ ਹੋਈ ਹੈ ਇਸ ਵਿਅਕਤੀ ਦੇ ਖਿਲਾਫ਼ ਥਾਣਾ ਜੈਤੋ ਵਿਖੇ ਮੁਕੱਦਮਾ ਨੰਬਰ-107/ਧਾਰਾ 61/1/14 ਐਕਸਾਈਜ਼ ਐਕਟ ਦਰਜ ਕਰ ਕੇ ਅਗਲੇਰੀ ਪੁੱਛਗਿੱਛ ਕੀਤੀ ਜਾ ਰਹੀ ਹੈ । ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਨਾਜਾਇਜ਼ ਸ਼ਰਾਬ ਕੱਢਣ ਦਾ ਕੰਮ ਕਰ ਰਹੇ ਸੀ ਮੌਕੇ ਤੇ ਪੁਲਿਸ ਟੀਮ ਬਣਾ ਕੇ ਗੁਪਤ ਸੂਚਨਾ ਦੌਰਾਨ ਰੇਡ ਮਾਰੀ ਤਾਂ ਘਰ ਦੀ ਰਸੋਈ ਵਿਚ ਸ਼ਰਾਬ ਕੱਢਣ ਵਾਲੀ ਸਮੱਗਰੀ ਦਾ ਸਮਾਨ ਵੀ ਬਰਾਮਦ ਹੋਇਆ ਤੇ ਘਰ ਦੀ ਕੱਢੀ ਸ਼ਰਾਬ ਵੀ । ਜੈਤੋ ਸੀ.ਆਈ.ਏ.ਸਟਾਫ਼ ਦੇ ਪੁਲਿਸ ਅਧਿਕਾਰੀ ਏ.ਐਸ.ਆਈ ਰਾਜ ਕੁਮਾਰ, ਐਚ.ਸੀ ਹਰਜਿੰਦਰ ਸਿੰਘ,ਖੁਸ਼ਵਿੰਦਰ ਸਿੰਘ, ਰਣਦੀਪ ਸਿੰਘ, ਜਤਿੰਦਰ ਸਿੰਘ, ਜਗਮੇਲ ਸਿੰਘ ਆਦਿ ਹਾਜ਼ਰ ਸਨ ।