ਕੇਜਰੀਵਾਲ,ਕੀ ਤਹਾਨੂੰ ਕੋਈ ਲੱਜ-ਸ਼ਰਮ ਹੈ ? ਕੈਪਟਨ ਅਮਰਿੰਦਰ ਸਿੰਘ ,‘‘ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਤੇ ਤੁਸੀਂ ਇਸ ਘਟਨਾ ਤੋਂ ਸਿਆਸੀ ਲਾਹਾ ਖੱਟਣਾ ਚਾਹੁੰਦੇ ਹੋ, ’’ ਕੇਜਰੀਵਾਲ ਵੱਲੋਂ ਨਕਲੀ ਸ਼ਰਾਬ ਦੀ ਜਾਂਚ ਸੀ.ਬੀ.ਆਈ. ਨੂੰ ਦੇਣ ਦੀ ਮੰਗ ’ਤੇ ਕੈਪਟਨ ਨੇ ਦਿੱਤਾ ਸਖ਼ਤ ਜਵਾਬ

ਚੰਡੀਗੜ੍ਹ, 2 ਅਗਸਤ (ਇੰਟਰਨੈਸ਼ਨਲ  ਪੰਜਾਬੀ  ਨਿਊਜ਼  ਬਿਊਰੋ) :ਨਕਲ ਸ਼ਰਾਬ ਨਾਲ ਵਾਪਰੀ ਦੁਖਦਾਇਕ ਘਟਨਾ ਦੀ ਸੀ.ਬੀ.ਆਈ. ਜਾਂਚ ਕਰਵਾਉਣ ਬਾਰੇ ਅਰਵਿੰਦ ਕੇਜਰੀਵਾਲ ਦੀ ਮੰਗ ’ਤੇ ਸਖ਼ਤ ਪ੍ਰਤੀਕਰਮ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਆਪਣੇ ਕੰਮ ਨਾਲ ਵਾਸਤਾ ਰੱਖਣ ਲਈ ਆਖਿਆ। ਉਨ੍ਹਾਂ ਨੇ ਕੇਜਰੀਵਾਲ ਨੂੰ ਪੰਜਾਬ ਵਿੱਚ ਮੂਧੇ ਮੰੂਹ ਡਿੱਗ ਚੁੱਕੀ ਆਮ ਆਦਮੀ ਪਾਰਟੀ ਨੂੰ ਮੁੜ ਪੈਰਾਂ ’ਤੇ ਖੜ੍ਹਾ ਕਰਨ ਲਈ ਇਸ ਦੁਖਾਂਤਕ ਮਾਮਲੇ ’ਤੇ ਸਿਆਸੀ ਰੋਟੀਆਂ ਨਾ ਸੇਕਣ ਲਈ ਆਖਿਆ।
ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਦੀ ਸਖ਼ਤ ਆਲੋਚਨਾ ਕੀਤੀ ਜਿਨ੍ਹਾਂ ਨੇ ਆਪਣੇ ਟਵਿੱਟਰ ’ਤੇ ਟਿੱਪਣੀ ਕੀਤੀ ਕਿ ਇਸ ਮਾਮਲੇ ਨੂੰ ਕੇਂਦਰੀ ਜਾਂਚ ਏਜੰਸੀ ਦੇ ਹੱਥਾਂ ’ਚ ਦੇ ਦੇਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕੇਜਰੀਵਾਲ ਨੂੰ ਆਖਿਆ,‘‘ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਅਤੇ ਤੁਸੀਂ ਇਸ ਦੁਖਦਾਇਕ ਘਟਨਾ ਤੋਂ ਸਿਆਸੀ ਲਾਹਾ ਖੱਟਣਾ ਚਾਹੁੰਦੇ ਹੋ। ਕੀ ਤਹਾਨੂੰ ਕੋਈ ਸ਼ਰਮ-ਹਯਾ ਹੈ? ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਆਪਣੇ ਸੂਬੇ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ’ਤੇ ਧਿਆਨ ਦੇਣ ਲਈ ਕਿਹਾ ਜਿੱਥੇ ਅਪਰਾਧੀ ਅਤੇ ਗੈਂਗਸਟਰ ਬੇਖੌਫ਼ ਹੋ ਕੇ ਉਥੋਂ ਦੀਆਂ ਗਲੀਆਂ ਵਿੱਚ ਦਨਦਨਾਉਂਦੇ ਫਿਰਦੇ ਹਨ।
ਕੇਜਰੀਵਾਲ ਦੇ ਦਾਅਵੇ ਕਿ ਸਥਾਨਕ ਪੁਲਿਸ ਵੱਲੋਂ ਪਿਛਲੇ ਕੁਝ ਮਹੀਨਿਆਂ ਦੌਰਾਨ ਨਾਜਾਇਜ਼ ਸ਼ਰਾਬ ਦਾ ਕੋਈ ਵੀ ਕੇਸ ਹੱਲ ਨਹੀਂ ਕੀਤਾ ਗਿਆ, ਨੂੰ ਫਜ਼ੂਲ ਆਖਦਿਆਂ  ਮੁੱਖ ਮੰਤਰੀ ਨੇ ਆਪ ਆਗੂ ਨੂੰ ਕੁਝ ਵੀ ਬੋਲਣ ਤੋਂ ਪਹਿਲਾਂ ਆਪਣੇ ਤੱਥ ਜਾਂਚਣ ਲਈ ਆਖਿਆ। ਹਾਲ ਹੀ ਵਿੱਚ 22 ਅਪਰੈਲ ਨੂੰ ਖੰਨਾ ਵਿਖੇ ਨਾਜਾਇਜ਼ ਸ਼ਰਾਬ ਦੀ ਇੱਕ ਫੈਕਟਰੀ ਦਾ ਪਰਦਾਫਾਸ਼ ਕੀਤੇ ਜਾਣ ਦਾ ਹਵਾਲ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ  ਨੇ ਦੱਸਿਆ ਕਿ ਅੱਠ ਦੋਸ਼ੀਆਂ ਨੂੰ ਗਿ੍ਰਫਤਾਰ ਕੀਤਾ ਜਾ ਚੁੱਕਿਆ ਹੈ ਅਤੇ ਸੱਤ ਹੋਰ ਭਗੌੜੇ ਵਿਅਕਤੀਆਂ ਨੂੰ ਫੜਨ ਲਈ ਛਾਪੇਮਾਰੀ ਜਾਰੀ ਹੈ। ਇਕ ਹੋਰ ਮਾਮਲੇ ਵਿੱਚ ਪਟਿਆਲਾ ਜ਼ਿਲ੍ਹੇ ਵਿੱਚ ਨਾਜਾਇਜ਼ ਸ਼ਰਾਬ ਦੀ ਡਿਸਟਿਲਰੀ ਚਲਾਉਣ ਪਿਛਲੇ ਦੋ ਸਰਗਨਿਆਂ ਨੂੰ 22 ਮਈ ਅਤੇ 13 ਜੂਨ ਨੂੰ ਇਸੇ ਸਾਲ ਗਿ੍ਰਫਤਾਰ ਕੀਤਾ ਗਿਆ ਅਤੇ 10 ਜੁਲਾਈ ਨੂੰ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਗਿਆ। ਮਈ ਮਹੀਨੇ ਵਿੱਚ ਅਜਿਹੇ ਹੀ ਇਕ ਹੋਰ ਮਾਮਲੇ ਦਾ ਮਾਫੀਆ ਸਰਗਨੇ ਨੂੰ ਗਿ੍ਰਫਤਾਰ ਕਰਕੇ  ਪਰਦਾਫਾਸ਼ ਕੀਤਾ ਗਿਆ ਜਿਸ ਖਿਲਾਫ ਅਗਲੀ ਕਾਰਵਾਈ ਲਈ ਰਸਾਇਣ ਅਧਿਐਨ ਰਿਪੋਰਟ ਦਾ ਪੁਲੀਸ ਵੱਲੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ।
ਪੰਜਾਬ ਪੁਲਿਸ, ਜਿਸ ਨੇ ਹਾਲ ਹੀ ਦੇ ਨਾਜਾਇਜ਼ ਸ਼ਰਾਬ ਦੇ ਮਾਮਲਿਆਂ ਵਿੱਚ ਪੂਰੀ ਮੁਸ਼ਤੈਦੀ ਨਾਲ ਮਿਸਾਲੀ ਕਾਰਵਾਈ ਕੀਤੀ ਹੈ, ’ਤੇ ਪੂਰਾ ਭਰੋਸਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੇਜਰੀਵਾਲ ਵੱਲੋਂ ਕੀਤੀ ਸੀ.ਬੀ.ਆਈ ਜਾਂਚ ਦੀ ਮੰਗ ਸਿਆਸੀ ਡਰਾਮੇਬਾਜ਼ੀ ਤੋਂ ਇਲਾਵਾ ਕੁਝ ਨਹੀਂ ਜਿਸ ਪਿਛੇ  ਮਨਸ਼ਾ ਆਪਣੀ ਪਾਰਟੀ ਦੇ ਉਖੜੇ ਪੈਰ ਮੁੜ ਲਗਾਉਣਾ ਹੈ, ਜੋ ਮੁੱਖ ਵਿਰੋਧੀ ਪਾਰਟੀ ਹੋਣ ਦੇ ਬਾਵਜੂਦ ਪੰਜਾਬ ਅੰਦਰ ਆਪਣਾ ਵਜੂਦ ਪੂਰੀ ਤਰ੍ਹਾਂ ਗਵਾ ਚੁੱਕੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਮਿੱਥਕੇ ਕੀਤੇ ਕਤਲਾਂ ਦੇ ਮਾਮਲੇ ਸੀ.ਬੀ.ਆਈ ਨੂੰ ਸੌਂਪੇ ਹੋਣ ਦੇ ਬਾਵਜੂਦ ਇਹ ਪੰਜਾਬ ਪੁਲਿਸ ਹੀ ਸੀ ਜਿਸ ਨੇ ਇਨ੍ਹਾਂ ਨੂੰ ਹੱਲ ਕੀਤਾ। ਇਥੋਂ ਤੱਕ ਕਿ ਬੇਅਦਬੀ ਮਾਮਲਿਆਂ ਵਿੱਚ  ਸੀ.ਬੀ.ਆਈ. ਦੀ ਕਾਰਗੁਜ਼ਾਰੀ ਅਸਫਲ ਰਹੀ ਹੈ ਅਤੇ ਇਹ ਪੰਜਾਬ ਪੁਲਿਸ ਹੀ ਹੈ ਜੋ ਕੇਸਾਂ ਦੇ ਤੱਥ  ਸਾਹਮਣੇ ਲਿਆ ਰਹੀ ਹੈ ਅਤੇ ਉੱਚ ਪੁਲਿਸ ਅਧਿਕਾਰੀਆਂ ਸਮੇਤ ਕਈ ਗਿ੍ਰਫਤਾਰੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਜ਼ਾਹਰਾ ਹੈ ਕਿ ਸੀ.ਬੀ.ਆਈ. ਨਾਲੋਂ ਇਹ ਸਥਾਨਕ ਪੁਲਿਸ ਦੇ ਹਿੱਤ ਵਿੱਚ ਹੈ ਕਿ ਸਾਰੇ ਮੁਜ਼ਰਮਾਨਾ ਮਾਮਲੇ ਤੇਜ਼ੀ ਨਾਲ ਹੱਲ ਕਰਨ ਨੂੰ ਯਕੀਨ ਬਣਾਇਆ ਜਾਵੇ।