ਪੁਲਿਸ ਅਤੇ ਦੁਕਾਨਦਾਰਾਂ ਦਰਮਿਆਨ ਤਲਖ਼ ਹਾਲਤਾਂ ਦਾ ਸੁਖਦ ਅੰਤ,ਮੁੱਖ ਮੰਤਰੀ ਦੇ ਸਿਆਸੀ ਸਕੱਤਰ ਸੰਦੀਪ ਸੰਧੂ ਪੁੱਜੇ ਮੋਗਾ,ਗੋਡਲ ਕੋਸਟ ਕਲੱਬ ਬਣਿਆ ‘ਹਾਈ ਵੋਲਟੇਜ ਡਰਾਮੇ’ ਦਾ ਕੇਂਦਰ ,ਦੁਕਾਨਦਾਰਾਂ ਦੇ ਹੱਕ ‘ਚ ਹਾਅ ਦਾ ਨਾਅਰਾ ਮਾਰਨ ਵਾਲੇ ਵਿਧਾਇਕ ਡਾ: ਹਰਜੋਤ ਕਮਲ ਦੀ ਭੂਮਿਕਾ ਤੋਂ ਦੁਕਾਨਦਾਰ ਬਾਗੋਬਾਗ

ਮੋਗਾ,1 ਅਗਸਤ (ਜਸ਼ਨ) : ਲੌਕਡਾਊਨ ਨਿਯਮਾਂ ਨੂੰ ਲਾਗੂ ਕਰਵਾਉਣ ਮੌਕੇ ਪੁਲਿਸ ਵੱਲੋਂ ਦੁਕਾਨਦਾਰਾਂ ਨਾਲ ਵਰਤੀ ਸਖ਼ਤੀ ਉਪਰੰਤ ਦੁਕਾਨਦਾਰ ਜਥੇਬੰਦੀ ਵੱਲੋਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਕਾਰਨ ਪੈਦਾ ਹੋਏ ਤਲਖ਼ ਹਲਾਤਾਂ ਦਾ ਅੱਜ ਸੁਖਦ ਅੰਤ ਹੋ ਗਿਆ। ਦੁਕਾਨਦਾਰਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਨ ਵਾਲੇ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਦੁਕਾਨਦਾਰਾਂ ਨਾਲ ਹੋਈ ਜ਼ਿਆਦਤੀ ਖਿਲਾਫ਼ ਲਗਾਤਾਰ ਵਿਰੋਧ ਦਰਜ ਕਰਵਾਉਣ ਅਤੇ ਆਵਾਜ਼ ਉਠਾਉਣ ਸਦਕਾ ਇਸ ਮਸਲੇ ਦਾ ਜ਼ਿਕਰ ਸਿਆਸੀ ਹਲਕਿਆਂ ਵਿਚ ਪ੍ਰਮੁੱਖਤਾ ਨਾਲ ਹੋਣ ਲੱਗਿਆ ਸੀ ਅਤੇ ਮੁੱਖ ਮੰਤਰੀ ਦੇ ਧਿਆਨ ਵਿਚ ਆਉਣ ਉਪਰੰਤ ਉਹਨਾਂ ਆਪਣੇ ਸਿਆਸੀ ਸਕੱਤਰ (ਓ ਐੱਸ ਡੀ) ਸੰਦੀਪ ਸੰਧੂ ਨੂੰ ਅੱਜ ਬਕਾਇਦਾ ਮੋਗਾ ਭੇਜਿਆ ਅਤੇ ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਦੀ ਵੀ ਸਮੁੱਚੇ ਘਟਨਾਕ੍ਰਮ ਨੂੰ ਅੰਜਾਮ ਤੱਕ ਪਹੰੁਚਾਉਣ ਲਈ ਡਿਊਟੀ ਲਗਾਈ । ਅੱਜ ਗੋਡਲ ਕੋਸਟ ਕਲੱਬ ‘ਹਾਈ ਵੋਲਟੇਜ ਡਰਾਮੇ’ ਦਾ ਕੇਂਦਰ ਬਣਿਆ ਰਿਹਾ ਜਿਥੇ ਓ ਐੱਸ ਡੀ ਸੰਦੀਪ ਸੰਧੂ ,ਵਿਧਾਇਕ ਡਾ: ਹਰਜੋਤ ਕਮਲ,ਡਿਪਟੀ ਕਮਿਸ਼ਨਰ ਅਤੇ ਐੱਸ ਐੱਸ ਪੀ ਹਰਮਨਬੀਰ ਸਿੰਘ ਗਿੱਲ ਦਰਮਿਆਨ ਦੁਕਾਨਦਾਰਾਂ ਦੇ ਮਸਲੇ ਦੇ ਹੱਲ ਲਈ ਵਿਸ਼ੇਸ਼ ਮੀਟਿੰਗ ਹੋਈ ਅਤੇ ਇਸ ਉਪਰੰਤ ਇਸ ਮੀਟਿੰਗ ਵਿਚ ਦੁਕਾਨਦਾਰ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਵੀ ਸ਼ਾਮਲ ਕੀਤਾ ਗਿਆ। ਇਸ ਮੌਕੇ ਐੱਸ ਐੱਸ ਪੀ ਹਰਮਨਬੀਰ ਸਿੰਘ ਗਿੱਲ ਨੇ ਸੰਬੋਧਨ ਕਰਦਿਆਂ ਆਖਿਆ ਕਿ ਸ਼ਹਿਰ ਦਾ ਹਰ ਬਸ਼ਿੰਦਾ ਇਸ ਗੱਲ ਨੂੰ ਤਸਲੀਮ ਕਰਦਾ ਹੈ ਕਿ ਕਰੋਨਾ ਖਿਲਾਫ਼ ਜੰਗ ਦੌਰਾਨ ਪੁਲਿਸ ਨੇ ਸੱਚਮੁੱਚ ਯੋਧਿਆਂ ਵਾਲੀ ਭੂਮਿਕਾ ਨਿਭਾਈ ਹੈ ਪਰ ਹੁਣ ਸੋਚਣ ਦੀ ਗੱਲ ਇਹ ਹੈ ਕਿ ਖੇਡ ਦੇ ਮੈਦਾਨ ਵਿਚ ਜੇ ਇਕ ਵਿਅਕਤੀ ਆਪਣੀ ਟੀਮ ਨੂੰ ਜਿਤਾਉਣ ਲਈ ਬਹੁਤ ਸਾਰੇ ਗੋਲ ਕਰਦਾ ਹੈ ਪਰ ਜੇ ਉਸ ਤੋਂ ਇਕ ਫਾਊਲ ਹੋ ਜਾਵੇ ਤਾਂ ਅਜਿਹੇ ਹਾਲਾਤ ਵਿਚ  ਫਾਊਲ ਦਾ ਜ਼ਿਕਰ ਨਹੀਂ ਸਗੋਂ ਗੋਲਾਂ ਦਾ ਜ਼ਿਕਰ ਕੀਤਾ ਜਾਂਦਾ ਹੈ । ਐੱਸ ਐੱਸ ਪੀ ਦੇ ਇਹਨਾਂ ਬੋਲਾਂ ’ਤੇ ਚੁਟਕੀ ਲੈਂਦਿਆਂ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ‘‘ਐੱਸ ਐੱਸ ਪੀ ਸਾਬ੍ਹ ਭਵਿੱਖ ਵਿਚ ਗੋਲ ਹੀ ਹੋਣੇ ਚਾਹੀਦੇ ਨੇ ,ਫਾਊਲ ਨਹੀਂ’’ 

ਇਸ ਮੌਕੇ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਮੋਗਾ ਸ਼ਹਿਰ ’ਚ ਪੈਦਾ ਹੋਏ ਵਿਵਾਦ ਨੂੰ ਖ਼ਤਮ ਕਰਨ ਲਈ ਉਹ ਮੁੱਖ ਮੰਤਰੀ ਦਾ ਸੁਨੇਹਾ ਲੈ ਕੇ ਪੁੱਜੇ ਹਨ। ਉਨ੍ਹਾ ਦੋਹਾਂ ਧਿਰਾਂ ਨੂੰ ਅੱਗੇ ਤੋਂ ਵਿਵਾਦ ਨੂੰ ਖ਼ਤਮ ਕਰਨ ਅਤੇ ਇੱਕ ਟੀਮ ਦੀ ਤਰ੍ਹਾਂ ਕੰਮ ਕਰਨ ਲਈ ਕਿਹਾ। ਉਨ੍ਹਾ ਇਸ ਮਾਮਲੇ ਤੋਂ ਬਿਨ੍ਹਾ ਦੁਕਾਨਦਾਰਾਂ ਨੂੰ ਪੇਸ਼ ਆ ਰਹੀਆਂ ਹੋਰਨਾਂ ਮੁਸ਼ਕਲਾਂ ਦੇ ਹੱਲ ਲਈ ਦੁਕਾਨਦਾਰਾਂ ਦੇ ਦੁੱਖੜੇ ਵੀ ਸੁਣੇ।
ਇਸ ਮੌਕੇ ਖੁਸ਼ ਨਜ਼ਰ ਆ ਰਹੇ ਦੁਕਾਨਦਾਰਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਮੋਗੇ ਦੇ ਇਤਿਹਾਸ ਵਿਚ ਸ਼ਾਇਦ ਇਹ ਪਹਿਲੀ ਵਾਰ ਹੈ ਕਿ ਕਿਸੇ ਸੱਤਾਧਾਰੀ ਪਾਰਟੀ ਦੇ ਐੱਮ ਅੱਲ ਨੇ ਆਪਣੇ ਲੋਕਾਂ ਨਾਲ ਹੋਏ ਧੱੱਕੇ ਖਿਲਾਫ਼ ਲੋਕਾਂ ਦਾ ਸਾਥ ਦਿੱਤਾ ਹੋਵੇ। ਤੇ ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਮੁੱਖ ਮੰਤਰੀ ਨੇ ਮਾਮਲੇ ਦੀ ਸੰਜੀਦਗੀ ਨੂੰ ਸਮਝਦਿਆਂ ਆਪਣੇ ਓ ਐੱਸ ਡੀ ਨੂੰ ਭੇਜ ਕੇ ਮਸਲੇ ਨੂੰ ਹੱਲ ਕਰਵਾਉਣ ਦੀ ਪਹਿਲਕਦਮੀ ਕੀਤੀ ਹੋਵੇ ਅਤੇ ਲੋਕਾਂ ਦੀ ਆਵਾਜ਼ ਬਨਣ ਵਾਲੇ ਆਪਣੇ ਐੱਮ ਐੱਲ ਏ ਦੀ ਪਿੱਠ ਥਪਥਪਾਈ ਹੋਵੇ।  
ਇਸ ਸਾਰੇ ਘਟਨਾਕ੍ਰਮ ਬਾਅਦ ਸ਼ਹਿਰ ਦੇ ਸੀਨੀਅਰ ਸਿਟੀਜਨ ਅਤੇ ਸਾਬਕਾ ਕੌਂਸਲਰ ਅਜੇ ਗੋਰਾ ਸੂਦ ਨੇ ਖੁਸ਼ੀ ਪ੍ਰਗਟ ਕਰਦਿਆਂ ਆਖਿਆ ਕਿ ਉਹਨਾਂ ਨੂੰ ਮਾਣ ਹੈ ਕਿ ਮੋਗਾ ਨੂੰ ਕਈ ਦਹਾਕਿਆਂ ਬਾਅਦ ਸਾਥੀ ਰੂਪ ਲਾਲ ਵਰਗਾ ਐੱਮ ਐੱਲ ਮਿਲਿਆ ਜੋ ਆਪਣੇ ਲੋਕਾਂ ਨਾਲ ਜ਼ਿਆਦਤੀਆਂ ਖਿਲਾਫ਼  ਅੜਨ  ਅਤੇ ਉਹਨਾਂ ਨੂੰ ਇਨਸਾਫ਼ ਦਿਵਾਉਣ ਲਈ ਲੜਨ ਦਾ ਮਾਦਾ ਰੱਖਦਾ ਹੈ। 
ਦਰਅਸਲ ਅੱਜ ਦੇ ਘਟਨਾਕ੍ਰਮ ਦੌਰਾਨ ਮੁੱਖ ਮੰਤਰੀ ਦੀ ਆਪਣੇ ਐੱਮ ਐੱਲ ਏ ਦੇ ਹੱਕ ਵਿਚ ਕੀਤੀ ਦਖਲਅੰਦਾਜ਼ੀ ਉਹਨਾਂ ਲੋਕਾਂ ਦੇ ਮੂੰਹ ’ਤੇ ਕਰਾਰੀ ਚਪੇੜ ਹੈ ਜੋ ਆਖਦੇ ਸਨ ਕਿ ਐੱਮ ਐੱਲ ਏ ਡਾ: ਹਰਜੋਤ ਕਮਲ ਦੀ ਕਿਧਰੇ ਕੋਈ ਸੁਣਵਾਈ ਨਹੀਂ ਹੈ ।  
ਅੱਜ ਦੇ ਇਸ ਘਟਨਾਕ੍ਰਮ ਦੌਰਾਨ ਰਮੇਸ਼ ਕੁੱਕੂ ਦਾਲਾਂ ਵਾਲੇ,ਚੇਅਰਮੈਨ ਰਾਮਪਾਲ ਧਵਨ , ਵਾਈਸ ਚੇਅਰਮੈਨ ਰਜਿੰਦਰਪਾਲ ਸਿੰਘ ਗਿੱਲ ਸਿੰਘਾ ਵਾਲਾ, ਰੋਟਰੈਕਟ ਕਲੱਬ ਦੇ ਪ੍ਰਧਾਨ ਸਾਹਿਲ ਅਰੋੜਾ,  ਸ਼ੂ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਕੁਮਾਰ, ਮੰਡੀ ਐਸੋਸੀਏਸ਼ਨ ਰਮਨ ਮੱਕੜ, ਐਂਟੀ ਕਰਪਸ਼ਨ ਅਵੈਅਰਨੈੱਸ ਐਸੋ. ਦੇ ਚੇਅਰਮੈਨ ਗੁਰਪ੍ਰੀਤ ਸਿੰਘ ਸਚਦੇਵਾ, ਪੁਰਾਣੀ ਦਾਣਾ ਮੰਡੀ ਦੇ ਪ੍ਰਧਾਨ ਵਿਜੇ ਸੇਠੀ, ਬਾਗ ਗਲੀ ਐਸੋਸੀਏਸ਼ਨ ਦੇ ਰੈਡੀਮੇਡ ਐਸੋਸੀਏਸ਼ਨ ਦੇ ਪ੍ਰਧਾਨ ਨਿਰੰਜਨ ਸਿੰਘ ਸਚਦੇਵਾ, ਮੇਨ ਬਜ਼ਾਰ ਦੇ ਸੋਨੂੰ ਖੁਰਮੀ, ਗੁਰਪ੍ਰੀਤ ਸਿੰਘ ਪ੍ਰਧਾਨ ਮੇਨ ਬਜ਼ਾਰ, ਬਲਬੀਰ ਸਿੰਘ ਰਾਮੂਵਾਲੀਆ ਪ੍ਰਧਾਨ ਸਰਾਫਾ ਬਜ਼ਾਰ, ਚੌਂਕ ਸ਼ੇਖਾਂ ਐਸੋਸੀਏਸ਼ਨ ਦੇ ਪ੍ਰਧਾਨ ਬਿੱਟੂ ਅਰੋੜਾ, ਪਿੰਕਾ ਰਾਮੂੰਵਾਲੀਆ ਪ੍ਰਧਾਨ ਰਾਮਗੰਜ ਮੰਡੀ, ਅਮਿਸ਼ ਭੰਡਾਰੀ ਕਲੋਥ ਐਸੋਸੀਏਸ਼ਨ, ਮੋਬਾਈਲ ਐਸੋਸੀਏਸ਼ਨ ਤੋਂ ਜਗਵਿੰਦਰਪਾਲ ਜਿੰਦਲ, ਪਾਲੀ ਪ੍ਰਧਾਨ ਤਪਤੇਜ ਸਿੰਘ ਮਾਰਕੀਟ, ਸੋਹਣਾ ਮੋਗਾ ਸੋਸਾਇਟੀ, ਧੀਰਜ ਮਨੋਚਾ, ਹਰਜੀਤ ਸਿੰਘ ਟੀਟੂ ਪ੍ਰਧਾਨ ਮੇਨ ਬਜ਼ਾਰ, ਮਨਜਿੰਦਰ ਸਿੰਘ ਰਾਮੂੰਵਾਲੀਆ, ਰੁਪਿੰਦਰ ਸਿੰਘ ਜੌਨੀ, ਚੇਤਨ ਮੋਂਗਾ, ਸੰਜੀਵ ਕੁਮਾਰ, ਰਾਜੂ ਕੰਡਾ, ਪਰਮਿੰਦਰ ਸਿੰਘ ਬੱਬੂ, ਸੰਨੀ ਅਰੋੜਾ ਪ੍ਰਧਾਨ ਮਿੱਤਲ ਰੋਡ, ਵਨੀਤ ਸੂਦ, ਪਰਾਗ ਮਨਚੰਦਾ, ਰਾਜ ਕੁਮਾਰ ਸਚਦੇਵਾ, ਵਿਨੋਦ ਛਾਬੜਾ ਆਦਿ ਵੱਖ-ਵੱਖ ਜੱਥੇਬੰਦੀਆਂ ਤੋਂ ਦੁਕਾਨਦਾਰ ਹਾਜ਼ਰ ਸਨ।    ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ