ਯੂਰਿਕ ਏਸਿਡ :ਕਾਰਨ ਲੱਛਣ ਅਤੇ ਰੋਕਥਾਮ ,ਗਠੀਆ ,ਗੁਰਦੇ ਦੀਆਂ ਪੱਥਰੀਆਂ ਅਤੇ ਗੁਰਦੇ ਫੇਲ੍ਹ ਹੋਣ ਦਾ ਕਾਰਨ ਵੀ ਬਣ ਸਕਦਾ ਹੈ ਯੂਰਿਕ ਏਸਿਡ --ਡਾ ਅਮਨਦੀਪ ਸਿੰਘ ਟੱਲੇਵਾਲੀਆ

ਮੋਗਾ, 31 ਜੁਲਾਈ (ਇੰਟਰਨੈਸ਼ਨਲ  ਪੰਜਾਬੀ  ਨਿਊਜ਼  ਬਿਊਰੋ) :ਯੂਰਿਕ ਏਸਿਡ ਦਾ ਵਧਣਾ ਆਮ ਗੱਲ ਹੋ ਗਈ ਹੈ। ਕੋਈ ਘਰ ਹੀ ਅਜਿਹਾ ਹੋਵੇਗਾ, ਜਿੱਥੇ ਯੂਰਿਕ ਏਸਿਡ ਦੀ ਸਮੱਸਿਆ ਨਾ ਹੋਵੇ। ਯੂਰਿਕ ਏਸਿਡ ਦਾ ਵਧਣਾ ਆਪਣੇ ਆਪ ਵਿਚ ਕੋਈ ਬਿਮਾਰੀ ਨਹੀਂ ਪਰ ਕਈ ਬਿਮਾਰੀਆਂ ਦਾ ਕਾਰਨ ਜ਼ਰੂਰ ਬਣਦਾ ਹੈ। ਜਿਨ੍ਹਾਂ ਵਿਚ ਮੁੱਖ ਰੂਪ ਵਿਚ ਗਠੀਆ ਅਤੇ ਗੁਰਦੇ ਦੀਆਂ ਪੱਥਰੀਆਂ, ਜੋ ਹੌਲੀ-ਹੌਲੀ ਗੁਰਦੇ ਫੇਲ੍ਹ ਹੋਣ ਦਾ ਕਾਰਨ ਵੀ ਬਣ ਸਕਦਾ ਹੈ।
ਇਕ ਸਮਾਂ ਸੀ, ਜਦੋਂ ਲੋਕੀਂ ਯੂਰਿਕ ਏਸਿਡ ਦਾ ਨਾਂਅ ਵੀ ਨਹੀਂ ਸਨ ਜਾਣਦੇ ਅਤੇ ਇਸ ਨੂੰ ਅਮੀਰਾਂ ਦੀ ਬਿਮਾਰੀ ਕਿਹਾ ਜਾਂਦਾ ਸੀ ਪਰ ਹੁਣ ਅਸੀਂ ਸਾਰੇ ਹੀ ਅਮੀਰ ਹੋ ਗਏ ਹਾਂ। ਅੱਜਕੱਲ੍ਹ ਦੇ ਤਾਂ ਮਰੀਜ਼ ਹੀ ਡਾਕਟਰ ਕੋਲ ਜਾ ਕੇ ਕਹਿ ਦਿੰਦੇ ਨੇ, ''ਡਾਕਟਰ ਸਾਹਿਬ, ਚੀਸਾਂ ਪੈਂਦੀਆਂ, ਯੂਰਿਕ ਏਸਿਡ ਚੈਕ ਕਰਵਾ ਲਵਾਂ।''
ਯੂਰਿਕ ਏਸਿਡ ਕੀ ਹੈ ਤੇ ਇਹ ਕਿਵੇਂ ਬਣਦਾ ਹੈ ?
ਯੂਰਿਕ ਏਸਿਡ ਸਾਡੇ ਸਰੀਰ ਵਿਚਲੀ ਪ੍ਰੋਟੀਨ ਦੀ ਟੁੱਟ-ਭੱਜ ਤੋਂ ਬਾਅਦ ਬਚਿਆ-ਖੁਚਿਆ ਮਾਦਾ ਹੁੰਦਾ ਹੈ, ਜਿਸਦੀ ਮਾਤਰਾ ਸਾਡੇ ਸਰੀਰ ਵਿਚ 2.4-6.0 mg/dl ਤੱਕ ਨਿਸ਼ਚਿਤ ਕੀਤੀ ਗਈ ਹੈ। ਤੰਦਰੁਸਤ ਸਰੀਰ ਵਿਚੋਂ ਇਹ ਵਧਿਆ ਹੋਇਆ ਮਾਦਾ ਪਿਸ਼ਾਬ ਰਾਹੀਂ ਬਾਹਰ ਨਿਕਲਦਾ ਹੈ ਪਰ ਜੇਕਰ ਕਿਸੇ ਕਾਰਨ ਕਰਕੇ ਇਹ ਗੰਦਾ ਮਾਦਾ ਬਾਹਰ ਨਿਕਲ ਨਹੀਂ ਪਾਉਂਦਾ ਤਾਂ ਸਾਡੇ ਸਰੀਰ ਵਿਚਲੇ ਖੂਨ ਵਿਚ ਇਸਦੀ ਮਾਤਰਾ ਵੱਧ ਜਾਂਦੀ ਹੈ, ਜਿਸਨੂੰ ਯੂਰਿਕ ਏਸਿਡ ਵਧਣ ਦਾ ਨਾਂਅ ਦਿੱਤਾ ਜਾਂਦਾ ਹੈ। 
ਯੂਰਿਕ ਏਸਿਡ ਦੇ ਕਾਰਨ :
ਜਿਸ ਤਰਾਂ ਸਿਰਲੇਖ ਵਿਚ ਹੀ ਲਿਖਿਆ ਹੈ ਕਿ ਯੂਰਿਕ ਏਸਿਡ ਮਾਡਰਨ ਮਨੁੱਖ ਦੀ ਸਹੇੜੀ ਸਮੱਸਿਆ ਹੈ। ਇਸਦੇ ਪ੍ਰਮੁੱਖ ਕਾਰਨ ਹੇਠ ਲਿਖੇ ਹਨ :
ਸ਼ਰਾਬ ਦੀ ਜ਼ਿਆਦਾ ਵਰਤੋਂ, ਸੈਰ ਦੀ ਘਾਟ, ਘੱਟ ਪਾਣੀ ਪੀਣ ਦੀ ਆਦਤ, ਤਲਿਆ ਭੋਜਨ, ਪ੍ਰੋਟੀਨ ਵਾਲੀਆਂ ਚੀਜ਼ਾਂ ਜਿਵੇਂ ਦਾਲਾਂ, ਅੰਡੇ, ਦੁੱਧ,  ਪਨੀਰ, ਪਾਲਕ ਦਾ ਲੋੜੋਂ ਵੱਧ ਸੇਵਨ, ਸਰੀਰ ਦੀਆਂ ਅੰਦਰੂਨੀ ਬਿਮਾਰੀਆਂ ਜਿਵੇਂ ਗੁਰਦਿਆਂ ਦੇ ਰੋਗ (ਭਾਵੇਂ ਕਿ ਯੂਰਿਕ ਏਸਿਡ ਵਧਣ ਨਾਲ ਗੁਰਦੇ ਖ਼ਰਾਬ ਹੋ ਜਾਂਦੇ ਹਨ ਪਰ ਜੇਕਰ ਪਹਿਲਾਂ ਹੀ ਗੁਰਦਿਆਂ ਵਿਚ ਕੋਈ ਨੁਕਸ ਹੋਵੇ ਅਤੇ ਗੁਰਦੇ ਸਰੀਰ ਵਿਚਲਾ ਗੰਦਾ ਮਾਦਾ ਕੱਢਣ ਤੋਂ ਅਸਮਰੱਥ ਹੋਣ ਤਾਂ ਵੀ ਯੂਰਿਕ ਏਸਿਡ ਵਧ ਸਕਦਾ ਹੈ) ਹੋਰ ਬਹੁਤ ਘੱਟ ਪਾਏ ਜਾਣ ਵਾਲੇ ਕਾਰਨ ਜਿਵੇਂ ਥਾਇਰਾਇਡ ਜਾਂ ਬਲੱਡ ਕੈਂਸਰ ਦੇ ਰੋਗੀਆਂ ਵਿਚ ਵੀ ਯੂਰਿਕ ਏਸਿਡ ਵਧਣਾ ਆਮ ਗੱਲ ਹੈ।
ਸਮੱਸਿਆ : ਜਦੋਂ ਸਾਡੇ ਖੂਨ ਵਿਚ ਯੂਰਿਕ ਏਸਿਡ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਜੋੜਾਂ ਦੇ ਦਰਦ ਜਾਣੀ ਕਿ ਗਠੀਆ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ। ਯੂਰਿਕ ਏਸਿਡ ਵਧਣ ਕਾਰਨ ਗੁਰਦੇ ਦੀਆਂ ਪੱਥਰੀਆਂ ਬਣ ਜਾਂਦੀਆਂ ਹਨ। ਅਗਰ ਯੂਰਿਕ ਏਸਿਡ ਦਾ ਵਧਣਾ ਨਾ ਰੋਕਿਆ ਜਾਵੇ ਤਾਂ ਗੁਰਦੇ ਫੇਲ੍ਹ ਹੋ ਸਕਦੇ ਹਨ।
ਲੱਛਣ : ਜਦੋਂ ਖੂਨ ਵਿਚ ਯੂਰਿਕ ਏਸਿਡ ਵਧਣਾ ਸ਼ੁਰੂ ਹੋ ਜਾਵੇ ਤਾਂ ਸਭ ਤੋਂ ਪਹਿਲਾ ਲੱਛਣ ਹੁੰਦਾ ਹੈ ਸਰੀਰਕ ਥਕਾਵਟ। ਹਰ ਵੇਲੇ ਸਰੀਰ ਥੱਕਿਆ-ਟੁੱਟਿਆ ਰਹਿੰਦਾ ਹੈ, ਕੰਮ ਕਰਨ ਨੂੰ ਜੀਅ ਨਹੀਂ ਕਰਦਾ। ਲੱਤਾਂ ਵਿਚ ਖਾਸ ਕਰਕੇ ਪਿੰਜਣੀਆਂ ਵਿਚ ਹਲਕਾ-ਹਲਕਾ ਦਰਦ ਰਹਿਣਾ, ਬੁਖਾਰ ਵਾਂਗ ਸਰੀਰ ਟੁੱਟਣਾ, ਜੋੜਾਂ ਵਿਚ ਅਕੜਾਅ, ਮਿਹਦੇ ਵਿਚ ਜਲਣ, ਪਿਸ਼ਾਬ 'ਚੋਂ ਜ਼ਿਆਦਾ ਬਦਬੂ ਆਉਣੀ, ਮੂੰਹ 'ਚੋਂ ਪਾਣੀ ਆਉਣਾ, ਹੌਲੀ-ਹੌਲੀ ਜੋੜਾਂ ਵਿਚ ਦਰਦ ਰਹਿਣ ਲੱਗ ਪੈਂਦਾ ਹੈ, ਜੋ ਕਿ ਗਠੀਏ ਦਾ ਵਿਕਰਾਲ ਰੂਪ ਧਾਰ ਕੇ ਸਾਰੀ ਉਮਰ ਲਈ ਨਕਾਰਾ ਕਰ ਦਿੰਦਾ ਹੈ। ਪੈਰ ਦਾ ਅੰਗੂਠਾ (Big toe) ਗਠੀਏ ਦਾ ਸਭ ਤੋਂ ਪਹਿਲਾਂ ਸ਼ਿਕਾਰ ਹੁੰਦਾ ਹੈ।
ਪ੍ਰਹੇਜ਼ : ਵਧਦੇ ਯੂਰਿਕ ਏਸਿਡ ਤੋਂ ਬਚਣ ਲਈ ਪ੍ਰੋਟੀਨ ਵਾਲੀਆਂ ਚੀਜ਼ਾਂ ਜਿਵੇਂ ਅੰਡਾ, ਪਨੀਰ, ਪਾਲਕ, ਦਾਲਾਂ ਆਦਿ ਦਾ ਸੇਵਨ ਘੱਟ ਕਰੋ। ਸ਼ਰੀਬ ਪੀਣ ਦੇ ਆਦੀ ਸ਼ਰਾਬ ਦੀ ਮਾਤਰਾ ਘਟਾਉਣ, ਪਾਣੀ ਵੱਧ ਤੋਂ ਵੱਧ ਪੀਓ (ਅੰਦਾਜ਼ਨ 5 ਲੀਟਰ ਪਾਣੀ ਹਰ ਰੋਜ਼ ਪੀਓ ਤਾਂ ਕਿ ਸਾਡੇ ਸਰੀਰ ਵਿਚੋਂ ਗੰਦਾ ਮਾਦਾ ਪਿਸ਼ਾਬ ਰਾਹੀਂ ਬਾਹਰ ਨਿਕਲ ਸਕੇ) ਸਵੇਰ ਦੀ ਸੈਰ ਲਾਜ਼ਮੀ ਕਰੋ। ਜ਼ਿਆਦਾ ਮਾਤਰਾ ਵਿਚ ਯਾਈਲੋਰਿਕ ਦੀਆਂ ਗੋਲੀਆਂ ਖਾਣ ਤੋਂ ਪ੍ਰਹੇਜ਼ ਕਰੋ ਕਿਉਂਕਿ ਇਹ ਗੋਲੀਆਂ ਸਿੱਧਾ ਗੁਰਦਿਆਂ 'ਤੇ ਅਸਰ ਪਾਉਂਦੀਆਂ ਹਨ।
ਬਾਬਾ ਫ਼ਰੀਦ ਨਗਰ, ਕਚਹਿਰੀ ਚੌਕ,
ਬਰਨਾਲਾ
98146-99446