ਮੋਗਾ ‘ਚ 17 ਹੋਰ ਕਰੋਨਾ ਪਾਜ਼ਿਟਿਵ ਮਾਮਲੇ ਆਉਣ ’ਤੇ ਚਿੰਤਾ ਜ਼ਾਹਿਰ ਕਰਦਿਆਂ ਵਿਧਾਇਕ ਡਾ: ਹਰਜੋਤ ਕਮਲ ਨੇ ਮੋਗਾ ਵਾਸੀਆਂ ਨੂੰ ਘਬਰਾਏ ਬਗੈਰ ਸੁਚੇਤ ਅਤੇ ਜਾਗਰੂਕ ਰਹਿਣ ਦੀ ਕੀਤੀ ਅਪੀਲ

Tags: 

ਮੋਗਾ,28 ਜਨਵਰੀ (ਜਸ਼ਨ) : ਮੋਗਾ ਜ਼ਿਲ੍ਹੇ ਵਿਚ ਅੱਜ 17 ਨਵੇਂ ਵਿਅਕਤੀ ਕਰੋਨਾ ਪਾਜ਼ਿਟਿਵ ਪਾਏ ਜਾਣ ਅਤੇ ਮਰੀਜ਼ਾਂ ਦੀ ਕੁੱਲ ਗਿਣਤੀ 114 ਹੋਣ ’ਤੇ ਚਿੰਤਾ ਜ਼ਾਹਰ ਕਰਦਿਆਂ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਨਿੱਤ ਦਿਨ ਮਰੀਜ਼ਾਂ ਦੀ ਗਿਣਤੀ ਵਧਣ ਨਾਲ ਆਮ ਲੋਕਾਂ ਨੂੰ ਘਬਰਾਉਣ ਦੀ ਬਜਾਏ ਸੁਚੇਤ ਹੋਣ ਅਤੇ ਹੋਰਨਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ । ਉਹਨਾਂ ਆਖਿਆ ਕਿ ਮੋਗਾ ਦੇ ਵੇਦਾਂਤ ਨਗਰ ਵਿਚ ਪਿਛਲੇ ਦਿਨੀਂ ਕਰੋਨਾ ਮਰੀਜ਼ਾਂ ਦੀ ਗਿਣਤੀ ਵਧਣ ਨਾਲ ਉਸ ਦੇ ਕੁਝ ਖੇਤਰ ਨੂੰ ਮਾਈਕਰੋ ਕੰਨਟੇਨਮੈਂਟ ਜ਼ੋਨ ਐਲਾਨਿਆ ਗਿਆ ਸੀ ਅਤੇ ਇਸ ਇਲਾਕੇ ਵਿਚ ਰਹਿਣ ਵਾਲੇ ਲੋਕਾਂ ਨੂੰ 10 ਦਿਨ ਲਈ ਘਰਾਂ ਵਿਚ ਹੀ ਇਕਾਂਤਵਾਸ ਸਥਿਤੀ ਵਾਂਗ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ । ਉਹਨਾਂ ਆਖਿਆ ਕਿ ਵੇਦਾਂਤ ਨਗਰ ਦੇ ਵਾਸੀ ਵੀ ਮੇਰੇ ਆਪਣੇ ਪਰਿਵਾਰ ਦੇ ਮੈਂਬਰ ਹਨ ਅਤੇ ਉਹਨਾਂ ਦੀ ਹਰ ਮੁਸ਼ਕਿਲ ਦੇ ਹੱਲ ਲਈ ਮੈਂ ਦਿਨ ਰਾਤ ਉਹਨਾਂ ਦੀ ਸੇਵਾ ਵਿਚ ਹਾਜ਼ਰ ਹਾਂ। ਉਹਨਾਂ ਕਿਹਾ ਕਿ ਭਾਰਤ ਸਰਕਾਰ ਦੇ ਨਿਯਮਾਂ ਮੁਤਾਬਕ ਕਿਸੇ ਵੀ ਖੇਤਰ ਵਿਚ ਜੇ ਪੰਜ ਤੋਂ ਵੱਧ ਕਰੋਨਾ ਪਾਜ਼ਿਟਿਵ ਮਰੀਜ਼ ਪਾਏ ਜਾਂਦੇ ਹਨ ਤਾਂ ਉਸ ਖੇਤਰ ਨੂੰ ਮਾਈਕਰੋ ਕੰਨਟੇਨਮੈਂਟ ਜ਼ੋਨ ਐਲਾਨਿਆ ਜਾਂਦਾ ਹੈ । ਉਹਨਾਂ ਆਖਿਆ ਕਿ ਇਸ ਜ਼ੋਨ ਵਿਚ ਰਹਿਣ ਵਾਲੇ ਵਿਅਕਤੀਆਂ ਦੇ ਟੈਸਟ ਬੇਸ਼ੱਕ ਨੈਗੇਟਿਵ ਆ ਵੀ ਜਾਣ ਤਾਂ ਵੀ 10 ਦਿਨ ਜ਼ੋਨ ਵਿਚ ਰਹਿਣਾ ਜ਼ਰੂਰੀ ਹੈ ਜਦਕਿ ਕਰੋਨਾ ਪਾਜ਼ਿਟਿਵ ਆਏ ਵਿਅਕਤੀਆਂ ਨੂੰ 14 ਦਿਨ ਇਕਾਂਤਵਾਸ ਜ਼ਰੂਰੀ ਹੈ । ਉਹਨਾਂ  'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀਡੀਓ ਕਾਨਫਰੰਸਿੰਗ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੀ ਪ੍ਰਧਾਨ ਮੰਤਰੀ ਨੂੰ ਮਾਈਕਰੋ ਕੰਨਟੇਨਮੈਂਟ ਜ਼ੋਨ ਦਾ ਆਈਡੀਆ ਦਿੱਤਾ ਸੀ ਜਿਸ ਨੂੰ ਸਲਾਹੁੰਦਿਆਂ ਪ੍ਰਧਾਨ ਮੰਤਰੀ ਨੇ ਸਾਰੇ ਦੇਸ਼ ਵਿਚ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ। ਡਾ: ਹਰਜੋਤ ਨੇ ਕਿਹਾ ਕਿ ਇਸੇ ਫੈਸਲੇ ਦੀ ਬਦੌਲਤ ਹੀ ਪਿਛਲੇ ਦਿਨੀਂ ਨਿਊ ਟਾਊਨ ਦੇ ਕੁਝ ਖੇਤਰ ਨੂੰ ਤੇ ਹੁਣ ਵੇਦਾਂਤ ਨਗਰ ਦੇ ਕੁਝ ਹਿੱਸੇ ਨੂੰ ਮਾਈਕਰੋ ਕੰਨਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ । ਉਹਨਾਂ ਕਿਹਾ ਕਿ ਜੇ ਦੂਰਅੰਦੇਸ਼ੀ ਮੁੱਖ ਮੰਤਰੀ ਸਾਬ੍ਹ ਦਾ ਇਹ ਸੁਝਾਅ ਨਾ ਮੰਨਿਆ ਜਾਂਦਾ ਤਾਂ ਹੁਣ ਨੂੰ ਸਮੁੱਚਾ ਮੋਗਾ ਸ਼ਹਿਰ ਸੀਲ੍ਹ ਹੋਇਆ ਹੋਣਾ ਸੀ। ਉਹਨਾਂ ਵੇਦਾਂਤ ਨਗਰ ਦੇ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਘਬਰਾਏ ਬਗੈਰ ਹਾਲਾਤ ਦਾ ਮੁਕਾਬਲਾ ਕਰਨ ਅਤੇ ਕਿਸੇ ਵੀ ਮੁਸ਼ਕਿਲ ਹਾਲਾਤ ਦੌਰਾਨ ਉਹਨਾਂ ਦੇ ਫੋਨ ਨੰਬਰ 8146310001 ’ਤੇ ਸੰਪਰਕ ਕਰ ਸਕਦੇ ਹਨ । ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ