ਬਿਮਾਰੀਆਂ ਤੋਂ ਬਚਣ ਲਈ ਕੰਮ ਕਰਨ ਦੀ ਆਦਤ ਪਾਓ -ਡਾ. ਅਮਨਦੀਪ ਸਿੰਘ ਟੱਲੇਵਾਲੀਆ

ਮੋਗਾ, 23 ਜੁਲਾਈ  (INTERNATIONAL PUNJABI NEWS BUREAU) :ਮਾਡਰਨ ਮਨੁੱਖ ਆਪਣੀਆਂ ਸਹੇੜੀਆਂ ਹੋਈਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਤਰ੍ਹਾਂ-ਤਰ੍ਹਾਂ ਦੇ ਹੀਲੇ-ਵਸੀਲੇ ਕਰਦਾ ਹੈ। ਬੜੇ ਪਾਪੜ ਵੇਲਦਾ ਹੈ ਕਿ ਕਿਵੇਂ ਨਾ ਕਿਵੇਂ ਉਸਦੀਆਂ ਸਮੱਸਿਆਵਾਂ ਦਾ ਕੋਈ ਸੌਖਾ ਅਤੇ ਸਸਤਾ ਹੱਲ ਨਿਕਲ ਆਵੇ ਪਰ ਉਹ ਇਸ ਗੱਲ ਦਾ ਉੱਕਾ ਹੀ ਧਿਆਨ ਨਹੀਂ ਕਰਦਾ ਕਿ ਇਹ ਸਮੱਸਿਆਵਾਂ ਪੈਦਾ ਕਿਉਂ ਹੋਈਆਂ ਜਾਂ ਹੋ ਰਹੀਆਂ ਹਨ?

ਅਸੀਂ ਕਿਸੇ ਵੀ ਸਮੱਸਿਆ ਦਾ ਹੱਲ ਲੱਭਣ ਤੋਂ ਪਹਿਲਾਂ ਉਸਦੇ ਕਾਰਨਾਂ ਨੂੰ ਜਾਣਨ ਦੀ ਲੋੜ ਹੀ ਨਹੀਂ ਸਮਝਦੇ। ਸਿਰਫ਼ ਹੱਲ ਦੀ ਗੱਲ ਕਰਦੇ ਹਾਂ। ਇਸੇ ਤਰ੍ਹਾਂ ਮਨੁੱਖੀ ਸਰੀਰ ਦੀਆਂ ਜਾਂ ਮਨ ਦੀਆਂ ਸਮੱਸਿਆਵਾਂ ਹਨ 'ਜੋ ਜੋ ਦੀਸੈ ਸੋ ਸੋ ਰੋਗੀ' ਦੇ ਕਥਨ ਅਨੁਸਾਰ ਜਿਧਰ ਵੀ ਵੇਖਦੇ ਹਾਂ, ਕੋਈ ਤੰਦਰੁਸਤ ਮਨੁੱਖ ਨਜ਼ਰ ਹੀ ਨਹੀਂ ਪੈਂਦਾ। ਫਿਰ ਇਹ ਮਨੁੱਖ ਆਪਣੀਆਂ ਬਿਮਾਰੀਆਂ ਤੋਂ ਬਚਣ ਲਈ ਵੈਦਾਂ, ਡਾਕਟਰਾਂ, ਹਕੀਮਾਂ, ਸਾਧਾਂ-ਸੰਤਾਂ ਦੀ ਸ਼ਰਨ ਲੈਣ ਲਈ ਮਜ਼ਬੂਰ ਹੋ ਜਾਂਦਾ ਹੈ। ਜਿਵੇਂ ਕੋਈ ਕਹੀ ਜਾਂਦਾ ਹੈ, ਫਸਿਆ ਮਨੁੱਖ ਕਰੀ ਜਾਂਦਾ ਹੈ। ਕੋਈ ਅੱਗ ਦੇਵੇ, ਕੋਈ ਸੁਆਹ, ਉਹਨੂੰ ਖਾਣੀ ਪੈਂਦੀ ਹੈ ਕਿਉਂਕਿ ਉਹ ਬਿਮਾਰ ਹੈ। ਤੰਦਰੁਸਤ ਹੋਣ ਲਈ ਦਰ-ਦਰ ਭਟਕਦਾ ਹੈ ਪਰ ਇਸ ਗੱਲ ਤੋਂ ਹਾਲੇ ਵੀ ਅਣਜਾਣ ਹੈ ਕਿ ਉਹ ਬਿਮਾਰ ਕਿਉਂ ਹੋਇਆ।

ਇਕ ਸਮਾਂ ਸੀ, ਜਦੋਂ ਮਸ਼ੀਨਾਂ ਨਹੀਂ ਸੀ ਹੁੰਦੀਆਂ। ਹੱਥੀਂ ਕਿਰਤ ਹੁੰਦੀ ਸੀ। ਬੇਸ਼ੱਕ ਹੁਣ ਵੀ ਇਹ ਮਸ਼ੀਨਾਂ ਚਲਦੀਆਂ ਤਾਂ ਮਨੁੱਖੀ ਹੱਥਾਂ ਨਾਲ ਹੀ ਹਨ ਪਰ ਪਹਿਲਾਂ ਦੇ ਮੁਕਾਬਲੇ ਮਿਹਨਤ ਬਹੁਤ ਘਟ ਗਈ। ਕਿਸੇ ਵੀ ਕੰਮ ਦਾ ਮਸ਼ੀਨੀਕਰਨ ਨਹੀਂ ਸੀ ਹੁੰਦਾ, ਲੋਕ ਆਪਣੀ ਲੋੜ ਅਨੁਸਾਰ ਕਿਰਤ ਕਰਦੇ ਅਤੇ ਵੰਡ ਕੇ ਛਕਦੇ ਸਨ। ਹੌਲੀ-ਹੌਲੀ ਸਮਾਂ ਬਦਲਿਆ। ਮਨੁੱਖੀ ਹੱਥਾਂ ਦੇ ਬਦਲੇ ਇਹ ਮਸ਼ੀਨਾਂ ਆ ਗਈਆਂ। ਕੁਝ ਕੁ ਕਸਰ ਤਾਂ ਇਨ੍ਹਾਂ ਮਸ਼ੀਨਾਂ ਨੇ ਕੱਢ ਦਿੱਤੀ ਕਿਉਂਕਿ ਘੰਟਿਆਂ ਵਾਲਾ ਕੰਮ ਪਲਾਂ ਵਿਚ ਹੋਣ ਲੱਗਾ ਅਤੇ ਲੋਕ ਆਲਸੀ ਹੋ ਗਏ। ਕੁਝ ਕੁ ਲੋਕ ਵਿਹਲੜਪੁਣੇ ਦਾ ਸ਼ਿਕਾਰ ਹੋ ਗਏ। ਉਹ ਆਪਣਾ ਕੰਮ ਆਪਣੇ ਹੱਥੀਂ ਕਰਨ ਦੀ ਬਜਾਏ ਹੋਰਨਾਂ ਲੋਕਾਂ 'ਤੇ ਨਿਰਭਰ ਹੋ ਗਏ। ਜਿਵੇਂ ਪਿਛਲੇ ਸਮੇਂ ਵਿਚ ਵੀ ਜੱਟ ਨਾਲ ਸੀਰੀ ਹੁੰਦਾ ਸੀ ਪਰ ਜੱਟ ਆਪ ਵੀ ਕੰਮ ਕਰਦਾ ਸੀ ਪਰ ਹੁਣ ਜੱਟ ਨਾਲ ਸੀਰੀ ਦਾ ਰਿਸ਼ਤਾ ਵੀ ਉਹੋ ਜਿਹਾ ਨਹੀਂ ਰਿਹਾ ਕਿਉਂਕਿ ਖੇਤਾਂ ਵਿਚ ਕੰਮ ਕਰਨ ਲਈ ਪ੍ਰਵਾਸੀ ਮਜ਼ਦੂਰ ਜੋ ਮਿਲ ਗਏ, ਜਿਨ੍ਹਾਂ ਨੇ ਲੋਕਾਂ ਨੂੰ ਅਪਾਹਜ ਕਰ ਦਿੱਤਾ। ਅੱਜਕੱਲ੍ਹ ਬਹੁਤੇ ਲੋਕ ਤਾਂ ਖੇਤਾਂ ਵਿਚ ਸਿਰਫ਼ ਗੇੜਾ ਮਾਰਨ ਹੀ ਜਾਂਦੇ ਹਨ। ਕੰਮ ਸਾਰਾ ਭਈਏ ਕਰਦੇ ਹਨ। ਗੇੜਾ ਵੀ ਕਾਰਾਂ 'ਤੇ ਮਾਰਨਾ ਹੁੰਦਾ ਹੈ ਤਾਂ ਜੋ ਦੂਜਿਆਂ ਨੂੰ ਪਤਾ ਲੱਗ ਸਕੇ ਕਿ ਫਲਾਣੇ ਨੇ ਹੁਣ ਵੱਡੀ ਗੱਡੀ ਲੈ ਲਈ ਹੈ।
ਪਿੰਡਾਂ ਦੀਆਂ ਔਰਤਾਂ ਆਪਣਾ ਕੰਮ ਆਪ ਕਰਨ ਨੂੰ ਤਰਜੀਹ ਦਿੰਦੀਆਂ ਸਨ। ਚੱਕੀਆਂ ਚਲਾਉਂਦੀਆਂ, ਦੁੱਧ ਰਿੜਕਣਾ, ਕੱਖ ਕੁਤਰਨੇ, ਸਿਰ 'ਤੇ ਭਾਰ ਚੁੱਕ ਕੇ ਖੇਤਾਂ ਵਿਚ ਭੱਤਾ ਲੈ ਕੇ ਜਾਣਾ, ਇਹ ਸਭ ਕੰਮ ਔਰਤਾਂ ਖ਼ੁਦ ਕਰਦੀਆਂ ਸਨ। ਹੁਣ ਪਹਿਲੀ ਗੱਲ ਤਾਂ ਪਿੰਡਾਂ ਵਿਚ ਦੁੱਧ ਰਿਹਾ ਹੀ ਨਹੀਂ। ਜੇਕਰ ਕਿਸੇ ਦੇ ਹੈ, ਉਹ ਡੇਅਰੀ ਵਿਚ ਪਾਉਣ ਨੂੰ ਤਰਜੀਹ ਦਿੰਦੇ ਹਨ। ਕੋਈ ਟਾਵਾਂ-ਟਾਵਾਂ ਘਰ ਹੀ ਲੱਸੀ ਰਿੜਕਦਾ ਹੈ। ਉਹ ਵੀ ਬਿਜਲੀ ਵਾਲੀ ਮਧਾਣੀ ਨਾਲ। ਨਾ ਕੋਈ ਕੁੜੀ-ਬੁੜ੍ਹੀ ਚਰਖੇ ਕੱਤਦੀ ਹੈ। ਭੱਤੇ ਵਾਲੀ ਗੱਲ ਤਾਂ ਦੂਰ ਰਹੀ। ਅੱਜਕੱਲ੍ਹ ਦੀਆਂ ਤੋਂ ਤਾਂ ਚਾਰ ਜੀਆਂ ਦੀ ਰੋਟੀ ਵੀ ਮਸਾਂ ਪਕਦੀ ਐ ਕਿਉਂਕਿ ਖ਼ੁਰਾਕਾਂ ਨਹੀਂ ਰਹੀਆਂ। ਕੰਮ ਨਹੀਂ ਰਹੇ। ਬਿਮਾਰੀਆਂ ਵਿਚ ਵਾਧਾ ਹੋ ਰਿਹਾ ਹੈ। ਮੁੰਡੇ-ਖੁੰਡੇ ਖੇਤਾਂ ਵਿਚ ਕੰਮ ਕਰਨ ਤੋਂ ਕੰਨੀਂ ਕਤਰਾਉਂਦੇ ਹਨ। ਬੱਸ ਇਕ ਮੋਟਰਸਾਈਕਲ ਅਤੇ ਇਕ ਮੋਬਾਈਲ ਹੋਵੇ, ਸੂਟ-ਬੂਟ ਚੰਗੇ ਪਾਏ ਹੋਣ। ਇਹੀ ਕਾਰਨ ਹੈ ਕਿ ਅਸੀਂ ਕਿਰਤ ਤੋਂ ਦੂਰ ਹੋ ਕੇ, ਵਿਹਲੇ ਰਹਿਣਾ ਸਿੱਖ ਗਏ। ਇਸੇ ਵਿਹਲਪੁਣੇ 'ਚੋਂ ਬਿਮਾਰੀਆਂ ਨੇ ਜਨਮ ਲਿਆ ਹੈ। ਪਹਿਲਾਂ ਕੌਣ ਜਾਣਦਾ ਸੀ ਇਹ ਬਲੱਡ ਪ੍ਰੈਸ਼ਰ, ਸ਼ੂਗਰ ਜਾਂ ਹਾਰਟ ਅਟੈਕ। ਪਿਛਲੇ ਸਮਿਆਂ ਵਿਚ ਇਨ੍ਹਾਂ ਰੋਗਾਂ ਨੂੰ ਅਮੀਰਾਂ ਦੀ ਬਿਮਾਰੀ ਆਖਿਆ ਜਾਂਦਾ ਸੀ। ਹੁਣ ਹਰੇਕ ਦੂਜੇ ਜਾਂ ਤੀਜੇ ਆਦਮੀ ਨੂੰ ਸ਼ੂਗਰ, ਬਲੱਡ ਪ੍ਰੈਸ਼ਰ ਨੇ ਆ ਘੇਰਿਆ ਹੈ। ਇਨ੍ਹਾਂ ਰੋਗਾਂ ਤੋਂ ਛੁਟਕਾਰਾ ਪਾਉਣ ਲਈ ਲੋਕ ਜਿੰਮਾਂ ਅਤੇ ਯੋਗ ਦਾ ਸਹਾਰਾ ਲੈਂਦੇ ਹਨ। ਤੁਸੀਂ ਕਦੇ ਦੇਖਿਆ ਕੋਈ ਭਈਆ ਜਿੰਮ ਜਾਂਦਾ ਹੋਵੇ ਜਾਂ ਕਿਸੇ ਸਖ਼ਤ ਮਿਹਨਤ ਕਰਨ ਵਾਲੇ ਮਜ਼ਦੂਰ ਨੇ ਕਦੇ ਯੋਗਾ ਕੀਤਾ ਹੋਵੇ? ਨਹੀਂ! ਕਿਉਂਕਿ ਜਿਹੜੇ ਲੋਕ ਆਪਣੇ ਕੰਮ ਨੂੰ ਪੂਰੀ ਮਿਹਨਤ ਨਾਲ ਕਰਦੇ ਹਨ, ਉਨ੍ਹਾਂ ਨੂੰ 'ਬਨਾਉਟੀ' ਸਹਾਰਿਆਂ ਦੀ ਲੋੜ ਨਹੀਂ ਪੈਂਦੀ। ਮੈਂ ਬਹੁਤ ਅਜਿਹੇ ਸਖ਼ਸ਼ਾਂ ਨੂੰ ਜਾਣਦਾ ਹਾਂ, ਜੋ ਸਵੇਰੇ ਚਾਰ ਵਜੇ ਉਠ ਕੇ ਯੋਗਾ ਕਰ ਲੈਂਦੇ ਹਨ। ਦੋ ਘੰਟਿਆਂ ਬਾਅਦ ਸੌ ਜਾਂਦੇ ਹਨ। ਦਿਨੇ ਉਨ੍ਹਾਂ ਕੋਲ ਕੋਈ ਕੰਮ ਨਹੀਂ। ਜੇ ਕਿਤੇ ਜਾਣਾ, ਕਾਰ ਵਿਚ ਜਾਣਾ ਕਿਉਂਕਿ ਤੁਰਨ ਨਾਲ ਟੌਹਰ ਵਿਚ ਫ਼ਰਕ ਪੈਂਦਾ ਹੈ ਅਤੇ ਸਾਈਕਲ 'ਤੇ ਜਾਣ ਨਾਲ ਲੋਕੀਂ ਤਾਅਨੇ ਮਾਰਦੇ ਨੇ 'ਕੀ ਗੱਲ ਪੈਟਰੋਲ ਮਹਿੰਗਾ ਹੋ ਗਿਆ?' ਫਿਰ ਸ਼ਰਮ ਆਉਣ ਲੱਗ ਪੈਂਦੀ ਐ।
ਬੇਸ਼ੱਕ ਹੁਣ ਮਸ਼ੀਨਾਂ ਤੋਂ ਬਗੈਰ ਮਨੁੱਖ ਦਾ ਨਹੀਂ ਸਰਨਾ। ਸਮੇਂ ਦਾ ਹਾਣੀ ਹੋ ਕੇ ਚੱਲਣਾ ਪੈਣਾ ਏ ਪਰ ਇਹ ਵੀ ਨਹੀਂ ਕਿ ਅਸੀਂ ਆਪਣੇ ਆਪ ਨੂੰ ਐਨੇ ਕੁ ਆਲਸੀ ਜਾਂ ਵਿਹਲੜ ਬਣਾ ਲਈਏ ਕਿ ਬਿਮਾਰੀਆਂ ਸਾਨੂੰ 'ਘੁਣ' ਵਾਂਗ ਚਿੰਬੜ ਜਾਣ ਅਤੇ ਫਿਰ ਅਸੀਂ ਬਨਾਉਟੀ ਕਸਰਤਾਂ ਕਰੀਏ।
ਜਿੰਮ ਤਾਂ ਸਿਰਫ਼ ਉਨ੍ਹਾਂ ਲਈ ਬਣੀ ਹੈ, ਜਿਨ੍ਹਾਂ ਨੇ ਭਲਵਾਨੀ ਕਰਨੀ ਹੈ ਜਾਂ ਕੋਈ ਗੇਮ ਵਿਚ ਹਿੱਸਾ ਲੈਣਾ ਹੈ ਪਰ ਜਿਹੜੇ ਲੋਕ ਕੰਮ ਕਰਕੇ ਰਾਜ਼ੀ ਹਨ, ਉਨ੍ਹਾਂ ਲਈ ਜਿੰਮ ਦਾ ਕੋਈ ਲਾਭ ਨਹੀਂ। ਛੋਟੇ ਸ਼ਹਿਰਾਂ ਨੂੰ ਛੱਡ ਕੇ ਵੱਡੇ ਸ਼ਹਿਰਾਂ ਵਿਚ ਤਾਂ ਇਹ ਹਾਲ ਹੈ ਕਿ ਘਰ ਦੇ ਸਾਰੇ ਜੀਅ (ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ) ਸਭ ਆਪਣੀ ਸਰੀਰਕ ਫਿਟਨੈੱਸ ਲਈ ਜਿੰਮ ਜਾਂਦੇ ਹਨ ਕਿਉਂਕਿ ਘਰਾਂ ਵਿਚ ਕੰਮ ਤਾਂ ਨੌਕਰ-ਚਾਕਰ ਕਰਦੇ ਹਨ। ਫਿਰ ਸਾਰਾ ਦਿਨ ਵਿਹਲੇ ਰਹਿ ਕੇ ਸਰੀਰ ਵਿਚ ਵਿਗਾੜ ਪੈਂਦਾ ਹੈ। ਇਸੇ ਵਿਗਾੜ ਨੂੰ ਠੀਕ ਕਰਨ ਲਈ ਲੋਕੀਂ ਜਿੰਮ ਦਾ ਸਹਾਰਾ ਲੈਂਦੇ ਹਨ। ਬਹੁਤ ਲੋਕਾਂ ਲਈ ਜਿੰਮ 'ਸਟੇਟਸ ਸਿੰਬਲ' ਬਣ ਗਏ ਹਨ। ਉਹ ਔਰਤਾਂ ਜੋ ਘਰੇ ਡੱਕਾ ਨਹੀਂ ਤੋੜਦੀਆਂ, ਜਿੰਮ ਵਿਚ ਵੱਡੀਆਂ-ਵੱਡੀਆਂ ਮਸ਼ੀਨਾਂ 'ਤੇ ਚੜ੍ਹ ਕੇ ਜਦ 'ਬਨਾਉਟੀ ਕਸਰਤਾਂ' ਕਰਦੀਆਂ ਹਨ ਤਾਂ ਸਾਹ ਫੁਲਦਾ ਹੈ।
ਇਸੇ ਤਰ੍ਹਾਂ ਥਾਂ-ਥਾਂ ਯੋਗ ਦੇ ਕੈਂਪ ਚਲਾਏ ਜਾ ਰਹੇ ਹਨ। ਕਈ ਥਾਈਂ ਮੁਫ਼ਤ ਅਤੇ ਕਈ ਥਾਈਂ ਭੇਟਾ ਲੈ ਕੇ। ਇਹ ਬਨਾਉਟੀ ਕਸਰਤਾਂ ਲਈ ਤਾਂ ਲੋਕ ਸਮਾਂ ਕੱਢ ਲੈਂਦੇ ਹਨ ਪਰ ਹੱਥੀਂ ਕੰਮ ਕਰਨ ਤੋਂ ਕੰਨੀਂ ਕਤਰਾਉਂਦੇ ਹਨ।
ਸੋ ਆਓ, ਆਪਣੇ ਹੱਥਾਂ ਨਾਲ ਆਪਣੇ ਕੰਮ ਆਪ ਕਰਨ ਦੀ ਆਦਤ ਪਾਈਏ। ਕੰਮ ਸੱਭਿਆਚਾਰ ਪੈਦਾ ਕਰੀਏ ਤਾਂ ਕਿ ਆਪਣਾ ਅਤੇ ਦੇਸ਼ ਦਾ ਕੁਝ ਭਲਾ ਹੋ ਸਕੇ।

ਬਾਬਾ ਫ਼ਰੀਦ ਨਗਰ, ਕਚਹਿਰੀ ਚੌਕ,
ਬਰਨਾਲਾ
98146-99446