ਵਿਧਾਇਕ ਡਾ ਹਰਜੋਤ ਕਮਲ ਵੱਲੋਂ ਮੋਗਾ ਨੂੰ ਹਰਾ ਭਰਾ ਬਣਾਉਣ ਦੀਆਂ ਕੋਸ਼ਿਸਾਂ ਨੂੰ ਪਿਆ ਬੂਰ ਬਾਬਾ ਲੱਖਾ ਦੀ ਟੀਮ ਅਤੇ ਨਗਰ ਨਿਗਮ ਦੀ ਜੁਗਲਬੰਦੀ ਨਾਲ ਮੋਗਾ ‘ਚ ਸਿਰਜੀ ਜਾਵੇਗੀ ‘ਗਰੀਨ ਬੈਲਟ’

ਮੋਗਾ,18 ਜੁਲਾਈ (ਜਸ਼ਨ) : ਅੱਜ ਮੋਗਾ ਹਲਕੇ ਦੇ ਵਿਧਾਇਕ ਡਾ: ਹਰਜੋਤ ਕਮਲ ਨੇ ਨਾਨਕਸਰ ਠਾਠ ਗੁਰਦੁਆਰਾ ਸਾਹਿਬ ਵਿਖੇ ਵਿਜ਼ਿਟ ਕੀਤੀ । ਅੱਜ ਦੀ ਇਸ ਵਿਜ਼ਿਟ ਨਾਲ ਮੋਗਾ ਨੂੰ ਹਰਾ ਭਰਾ ਬਣਾਉਣ ਦੀਆਂ ਕੋਸ਼ਿਸਾਂ ਬੂਰ ਪਵੇਗਾ ਕਿਉਂਕਿ ਬਾਬਾ ਲੱਖਾ ਦੀ ਟੀਮ ਅਤੇ ਨਗਰ ਨਿਗਮ ਦੀ ਜੁਗਲਬੰਦੀ ਨਾਲ ਮੋਗਾ ‘ਚ ‘ਗਰੀਨ ਬੈਲਟ’ ਸਿਰਜੀ ਜਾਵੇਗੀ ।  ਮੋਗਾ ਸ਼ਹਿਰ ਦੇ ਸੰੁਦਰੀਕਰਨ ਲਈ ਰੁੱਖ ਲਗਾਉਣ ਦੀ ਮੁਹਿੰਮ ਲਈ ਹੋਈ ਮੀਟਿੰਗ ਵਿਚ ਕਮਿਸ਼ਨਰ ਨਗਰ ਨਿਗਮ ਮੈਡਮ ਅਨੀਤਾ ਦਰਸ਼ੀ, ਐਡੀਸ਼ਨਲ ਐੱਸ ਈ ਸ਼੍ਰੀ ਸੀ ਐੱਲ ਬੈਂਸ, ਸ. ਗੁਰਚਰਨ ਸਿੰਘ ਮਸਤਾਨਾ ਪੀ ਏ ਟੂ ਕਮਿਸ਼ਨਰ , ਐੱਸ ਡੀ ਓ ਹੌਰਟੀਕਲਚਰ ਹਰਸਿਮਰਤ ਕੌਰ ਆਦਿ ਸ਼ਾਮਲ ਸਨ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਬਾਬਾ ਲੱਖਾ ਸਿੰਘ ਵੱਲੋਂ ਨਾਨਕਸਰ ਠਾਠ ਵਿਖੇ ਤਾਮੀਰ ਕੀਤੇ ਵਿਸ਼ਾਲ ਬਾਗ ਦਾ ਦੌਰਾ ਵੀ ਕੀਤਾ । ਇਸ ਮੌਕੇ ਡਾ: ਹਰਜੋਤ ਕਮਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਨਾਨਕਸਰ ਅਤੇ ਜਗਰਾਓਂ ਇਲਾਕੇ ਵਿਚ ਜਦੋਂ ਬਾਬਾ ਲੱਖਾ ਸਿੰਘ ਜੀ ਨੇ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਤਾਂ ਉਹਨਾਂ ਦੀ ਇਸ ਮੁਹਿੰਮ ਵਿਚ ਉਹਨਾਂ ਮੈਨੂੰ ਸ਼ਾਮਲ ਕੀਤਾ ਸੀ  ਅਤੇ ਮੈਂ ਉਹਨਾਂ ਨੂੰ ਉਸ ਸਮੇਂ ਬੇਨਤੀ ਕੀਤੀ ਸੀ ਕਿ ਜਦੋਂ ਮੋਗਾ ਲੁਧਿਆਣਾ ਫੋਰ ਲੇਨ ਦਾ ਕੰਮ ਖਤਮ ਹੋ ਜਾਵੇਗਾ ਤਾਂ ਬਾਬਾ ਜੀ ਮੋਗਾ ਨੂੰ ਵੀ ਹਰਾ ਭਰਾ ਬਣਾਉਣ ਲਈ ਰੁੱਖ ਲਗਾਉਣ ਦੀ ਮੁਹਿੰਮ ਦੀ ਅਗਵਾਈ ਕਰਨ । ਡਾ: ਹਰਜੋਤ ਨੇ ਦੱਸਿਆ ਕਿ ਉਹ ਬਾਬਾ ਜੀ ਨਾਲ ਲਗਾਤਾਰ ਸੰਪਰਕ ਵਿਚ ਰਹੇ ਅਤੇ ਹੁਣ ਮੇਰੇ ਰਾਬਤਾ ਬਣਾਉਣ ’ਤੇ  ਬਾਬਾ ਜੀ ਨੇ ਬਰਸਾਤਾਂ ਵਿਚ ਰੁੱਖ ਲਗਾਉਣ ਲਈ ਹਾਮੀ ਭਰੀ ਹੈ।  ਇਸੇ ਸੰਦਰਭ ਵਿਚ ਸਾਉਣ ਦਾ ਮਹੀਨਾ ਹੋਣ ਕਰਕੇ ਮੈਂ ਉਹਨਾਂ ਨੂੰ ਦੁਬਾਰਾ ਨਾਨਕਸਰ ਮਿਲਿਆ ਸੀ। ਵਿਧਾਇਕ ਨੇ ਦੱਸਿਆ ਕਿ ਬਾਬਾ ਜੀ ਦਾ ਆਖਣਾ ਸੀ ਕਿ ਉਹ ਇਕ ਲੱਖ ਪੌਂਦੇ ਲਗਾਉਣ ਦੀ ਇੱਛਾ ਰੱਖਦੇ ਹਨ ਪਰ ਇਹਨਾਂ ਪੌਦਿਆਂ ਦਾ ਪਾਲਣ ਪੋਸ਼ਣ ਅਤੇ ਪਾਣੀ ਆਦਿ ਬਾਰੇ ਅਗਾਂਊੁ ਪ੍ਰਬੰਧ ਕਰਨੇ ਪੈਣਗੇ। ਡਾ: ਹਰਜੋਤ ਨੇ ਆਖਿਆ ਕਿ ਇਸੇ ਮਕਸਦ ਲਈ ਬਾਬਾ ਜੀ ਨਾਲ ਅੱਜ ਦੀ ਮੀਟਿੰਗ ਵਿਚ ਕਮਿਸ਼ਨਰ ਨਗਰ ਨਿਗਮ ਮੈਡਮ ਅਨੀਤਾ ਦਰਸ਼ੀ, ਐਡੀਸ਼ਨਲ ਐੱਸ ਈ ਸ਼੍ਰੀ ਸੀ ਐੱਲ ਬੈਂਸ, ਸ. ਗੁਰਚਰਨ ਸਿੰਘ ਮਸਤਾਨਾ ਪੀ ਏ ਟੂ ਕਮਿਸ਼ਨਰ , ਐੱਸ ਡੀ ਓ ਹੌਰਟੀਕਲਚਰ ਹਰਸਿਮਰਤ ਕੌਰ ਆਦਿ ਸ਼ਾਮਲ ਹੋਏ ਤਾਂ ਕਿ ਇਸ ਵੱਡੇ ਪ੍ਰੌਜੈਕਟ ਨੂੰ ਪੱਕੇ ਪੈਰੀਂ ਆਰੰਭ ਕਰਕੇ ਮੋਗਾ ਖੇਤਰ ਨੂੰ ਹਰਾ ਭਰਾ ਬਣਾਉਂਦਿਆਂ ਗਰੀਨ ਬੈਲਟ ਦੇ ਰੂਪ ਵਿਚ ਵਿਕਸਤ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਬਾਬਾ ਲੱਖਾ ਜੀ ਗੁਰੂ ਨਾਨਕ ਸਾਹਿਬ ਦੇ ਮਿਸ਼ਨ ‘ਪਵਨ ਗੁਰੂ ਪਾਣੀ ਪਿਤਾ’ ਨੂੰ ਮੁੱਖ ਰੱਖਦਿਆਂ ਵਾਤਾਵਰਨ ਅਤੇ ਪਾਣੀ ਦੀ ਸ਼ੁੱਧਤਾ ਲਈ ਲੱਖਾਂ ਪੌਦੇ ਲਗਾ ਕੇ ਉਹਨਾਂ ਦੀ ਦੇਖਭਾਲ ਕਰਦਿਆਂ ਮਨੁੱਖਤਾ ਅਤੇ ਕੁਦਰਤ ਦੀ ਸੇਵਾ ਕਰ ਰਹੇ ਹਨ ਅਤੇ ਹੁਣ ਉਹਨਾਂ ਦੀ ਟੀਮ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਦੀ ਪਲੈਨਿੰਗ ਸਦਕਾ ਮੋਗਾ ਨੂੰ ਵੀ ਸ਼ੁੱਧ ਵਾਤਾਵਰਣ ਨਸੀਬ ਹੋ ਸਕੇਗਾ। ਇਸ ਮੌਕੇ ਮੈਡਮ ਅਨੀਤਾ ਦਰਸ਼ੀ ਨੇ ਆਖਿਆ ਕਿ ਬਾਬਾ ਲੱਖਾ ਸਿੰਘ ਜੀ ਨਾਲ ਹੋਈ ਅੱਜ ਦੀ ਇਹ ਮੀਟਿੰਗ ਬੇਹੱਦ ਸਫ਼ਲ ਰਹੀ ਅਤੇ ਇਹਨਾਂ ਲਗਾਏ ਜਾਣ ਵਾਲੇ ਪੌਦਿਆਂ ਦੀ ਸਾਂਭ ਸੰਭਾਲ ਕਾਰਪੋਰੇਸ਼ਨ ਦੇ ਕਰਮਚਾਰੀ ਕਰਨਗੇ ਤਾਂ ਕਿ ਵਿਧਾਇਕ ਡਾ: ਹਰਜੋਤ ਕਮਲ ਦੀ ਇੱਛਾ ਮੁਤਾਬਕ ਮੋਗਾ ਵਾਸੀਆਂ ਨੂੰ ਸ਼ੁੱਧ ਵਾਤਾਵਰਣ ਮੁਹੱਈਆ ਕਰਵਾਇਆ ਜਾ ਸਕੇ।  ਉਹਨਾਂ ਇਹ ਵੀ ਦੱਸਿਆ ਕਿ ਦੁੱਨੇਕੇ ਤੋਂ ਲੈ ਕੇ ਬੁੱਘੀਪੁਰਾ ਚੌਂਕ ਤੱਕ ਫੋਰ ਲੇਨ ਦੇ ਦੋਨੋਂ ਪਾਸੇ ਫੁੱਲਦਾਰ ਪੌਦੇ ਲਗਾਏ ਜਾਣਗੇ ਅਤੇ ਇਸ ਤੋਂ ਇਲਾਵਾ ਦੁੱਨੇਕੇ ਤੋਂ ਲੋਹਾਰਾ ਚੌਂਕ ਵਾਲੇ ਬਾਈਪਾਸ ਦੀ ਨਹਿਰ ’ਤੇ ਅਤੇ ਹੋਰਨਾਂ ਸੜਕਾਂ ਦਾ ਵੀ ਸੁੰਦਰੀਕਰਣ ਕੀਤਾ ਜਾਵੇਗਾ।  ਇਸ ਮੌਕੇ ਬਾਬਾ ਲੱਖਾ ਸਿੰਘ ਨੇ ਵਿਧਾਇਕ ਡਾ: ਹਰਜੋਤ ਕਮਲ ,ਕਮਿਸ਼ਨਰ ਮੈਡਮ ਅਨੀਤਾ ਦਰਸ਼ੀ ਅਤੇ ਹੋਰਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ । ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ