ਕੋਰੋਨਾ ਰੋਕੂ ਮੁਹਿੰਮ 'ਚ ਅਧਿਆਪਕਾਂ ਦੀਆਂ ਚੈੱਕ-ਪੋਸਟਾਂ 'ਤੇ ਡਿਊਟੀਆਂ ,ਸਰਕਾਰੀ ਗਵਾਰਪੁਣੇ ਦਾ ਸਿਖਰ ਹੈ-ਹਰਪਾਲ ਸਿੰਘ ਚੀਮਾ,ਪ੍ਰਿੰਸੀਪਲ ਬੁੱਧ ਰਾਮ

ਚੰਡੀਗੜ੍ਹ, 18 ਜੁਲਾਈ (INTERNATIONAL PUNJABI NEWS BUREAU) :ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ ਦੇ ਸਰਕਾਰੀ ਸਕੂਲ ਅਧਿਆਪਕਾਂ ਦੀਆਂ ਕੋਰੋਨਾ ਦੇ ਮੱਦੇਨਜ਼ਰ ਸਰਹੱਦੀ ਚੈੱਕ ਪੋਸਟਾਂ ਅਤੇ ਏਅਰਪੋਰਟਾਂ ਨੇੜੇ ਲਗਾਈਆਂ ਡਿਊਟੀਆਂ ਦਾ ਸਖ਼ਤ ਵਿਰੋਧ ਕਰਦੇ ਹੋਏ ਇਸ ਸਰਕਾਰੀ ਗਵਾਰਪੁਣੇ ਦਾ ਸਿਖਰ ਕਿਹਾ ਹੈ।ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਸੂਬਾ ਕੋਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਤੋਂ ਸੇਧ ਲੈਂਦੇ ਹੋਏ 'ਰਾਸ਼ਟਰ ਨਿਰਮਾਤਾ' ਮੰਨੇ ਜਾਂਦੇ ਅਧਿਆਪਕ ਵਰਗ ਦਾ ਮਾਣ-ਸਤਿਕਾਰ ਕਰਨਾ ਚਾਹੀਦਾ ਹੈ ਅਤੇ ਅਧਿਆਪਕ ਵਰਗ ਨੂੰ ਉਨ੍ਹਾਂ ਦੀ ਡਿਊਟੀ ਮੁਤਾਬਿਕ ਸਕੂਲਾਂ 'ਚ ਪੜਾਉਣ ਤੱਕ ਹੀ ਸੀਮਤ ਰੱਖਣਾ ਚਾਹੀਦਾ ਹੈ।ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਿਰਫ਼ ਸਿੱਖਿਆ ਹੀ ਪੰਜਾਬ ਅਤੇ ਦੇਸ਼ 'ਚੋਂ ਗ਼ਰੀਬੀ ਦਾ ਹਨੇਰਾ ਦੂਰ ਕਰ ਸਕਦੀ ਹੈ, ਪਰੰਤੂ ਸਾਡੀਆਂ ਰਿਵਾਇਤੀ ਦਲਾਂ ਦੀਆਂ ਸਰਕਾਰਾਂ ਨੇ ਜਾਣ-ਬੁਝ ਕੇ ਸਰਕਾਰੀ ਸਕੂਲ ਸਿੱਖਿਆ ਨੂੰ ਲੀਹੋਂ ਉਤਾਰ ਰੱਖਿਆ ਹੈ। ਇਹੋ ਕਾਰਨ ਹੈ ਕਿ ਪਹਿਲੋਂ-ਪਹਿਲ ਮਰਦਮਸ਼ੁਮਾਰੀ (ਜਨਗਣਨਾ) ਲਈ ਵਾਧੂ ਡਿਊਟੀ ਤੋਂ ਸ਼ੁਰੂ ਕਰਕੇ ਅੱਜ ਵੋਟਰ ਸੂਚੀਆਂ ਬਣਾਉਣ ਅਤੇ ਸੋਧਣ ਦਾ ਕੰਮ ਵੀ ਅਧਿਆਪਕਾਂ ਕੋਲੋਂ ਲਿਆ ਜਾ ਰਿਹਾ ਹੈ। 'ਸਵੱਛ ਭਾਰਤ' ਮੁਹਿੰਮ ਦੌਰਾਨ ਖੁੱਲ੍ਹੇ 'ਚ ਪਖਾਨਾ ਜਾਣ ਵਾਲਿਆਂ ਦੀ ਨਿਗਰਾਨੀ ਵੀ ਅਧਿਆਪਕਾਂ ਕੋਲੋਂ, ਨਜਾਇਜ਼ ਸ਼ਰਾਬ ਫੜਨ ਲਈ ਸ਼ਰਾਬ ਫ਼ੈਕਟਰੀਆਂ ਦੇ ਬਾਹਰ ਟਰੱਕ ਗਿਣਨ ਦੀ ਡਿਊਟੀ ਵੀ ਅਧਿਆਪਕਾਂ ਕੋਲੋਂ, ਨਜਾਇਜ ਮਾਈਨਿੰਗ ਰੋਕਣ ਲਈ ਰਾਤ ਦੇ ਨਾਕਿਆਂ 'ਤੇ ਡਿਊਟੀਆਂ ਵੀ ਸਰਕਾਰੀ ਅਧਿਆਪਕਾਂ ਕੋਲੋਂ ਅਤੇ ਹੁਣ ਏਅਰਪੋਰਟਾਂ ਅਤੇ ਪੰਜਾਬ-ਹਰਿਆਣਾ ਸਰਹੱਦੀ ਚੈੱਕ-ਪੋਸਟਾਂ ਉੱਤੇ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਨੂੰ ਕੋਵਾ-ਐਪ ਡਾਊਨਲੋਡ ਕਰਾਉਣ ਅਤੇ ਗਿਣਤੀ ਕਰਨ ਦੀ ਡਿਊਟੀ ਵੀ ਸਰਕਾਰੀ ਅਧਿਆਪਕਾਂ ਕੋਲੋਂ ਲਈਆਂ ਜਾਣਾ ਬੇਹੱਦ ਮੰਦਭਾਗੇ ਫ਼ੈਸਲੇ ਹਨ, ਜੋ ਨਵੀਂ ਪੀੜੀ ਦੀ ਕੀਮਤ 'ਤੇ ਲਏ ਜਾ ਰਹੇ ਹਨ।ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਇੱਕ ਪਾਸੇ ਸਰਕਾਰੀ ਅਧਿਆਪਕ ਆਨਲਾਈਨ ਪ੍ਰੀਖਿਆਵਾਂ ਲੈਣ 'ਚ ਬੇਹੱਦ ਰੁੱਝੇ ਹੋਏ ਹਨ, ਦੂਜੇ ਪਾਸੇ ਕੋਰੋਨਾ ਰੋਕੂ ਮੁਹਿੰਮ 'ਚ ਅਧਿਆਪਕਾਂ ਨੂੰ ਮੂਹਰਲੀ ਕਤਾਰ 'ਚ ਖੜ੍ਹਾ ਕਰਨਾ ਨਾ ਕੇਵਲ ਸਰਕਾਰ ਦੇ ਤੁਗ਼ਲਕੀ ਫ਼ੈਸਲਿਆਂ ਦੀ ਪੋਲ ਖੋਲ੍ਹਦਾ ਹੈ, ਸਗੋਂ ਬਿਨਾਂ ਟਰੇਨਿੰਗ ਅਤੇ ਬੀਮਾ ਕਵਰ ਦਿੱਤੇ ਅਧਿਆਪਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੱਡੇ ਖ਼ਤਰੇ ਵੱਲ ਧੱਕਿਆ ਜਾ ਰਿਹਾ ਹੈ।ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਇੱਕ ਪਾਸੇ ਕੇਜਰੀਵਾਲ ਸਰਕਾਰ ਆਪਣੇ ਸਰਕਾਰੀ ਅਧਿਆਪਕਾਂ ਨੂੰ ਉੱਚ ਪੱਧਰੀ ਟਰੇਨਿੰਗ ਲਈ ਸਿੰਗਾਪੁਰ ਅਤੇ ਆਕਸਫੋਰਡ ਭੇਜਦੀ ਹੈ, ਦੂਜੇ ਪਾਸੇ ਕੈਪਟਨ ਸਰਕਾਰ ਆਪਣੇ ਅਧਿਆਪਕਾਂ ਨੂੰ ਖੱਜਲ-ਖ਼ੁਆਰ ਕਰਨ ਲਈ ਨਿੱਤ ਨਵੇਂ ਫ਼ਰਮਾਨ ਜਾਰੀ ਕਰਦੀ ਹੈ।'ਆਪ' ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਅਧਿਆਪਕਾਂ ਦੀਆਂ ਕੋਰੋਨਾ ਰੋਕੂ ਮੁਹਿੰਮ 'ਚ ਲਗਾਈਆਂ ਡਿਊਟੀਆਂ ਤੁਰੰਤ ਵਾਪਸ ਲਵੇ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ