ਇੰਤਕਾਲਾਂ ਦੀ ਫੀਸ ਵਧਾਈ ਪਰ ਪਟਵਾਰੀਆਂ, ਕਾਨੂੰਨਗੋ ਅਤੇ ਤਹਿਸੀਲਦਾਰਾਂ ਦੀ ਜੇਬ ਚ ਜਾਣ ਵਾਲੇ ਪੈਸੇ ਦਾ ਕੌਣ ਦੇਵੇਗਾ ਹਿਸਾਬ : ਬੈਂਸ

ਲੁਧਿਆਣਾ,16 ਜੁਲਾਈ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪੰਜਾਬ ਸਰਕਾਰ ਵਲੋਂ ਇੰਤਕਾਲਾਂ ਦੀ ਫੀਸ ਵਿੱਚ ਕੀਤੇ ਗਏ ਵਾਧੇ ਦਾ ਵਿਰੋਧ ਜਤਾਇਆ ਹੈ ਪਰ ਦੂਜੇ ਪਾਸੇ ਉਨ੍ਹਾਂ ਸਰਕਾਰੀ ਫੀਸ ਦੇ ਨਾਲ ਨਾਲ ਪਟਵਾਰੀਆਂ, ਕਾਨੂੰਨਗੋ ਅਤੇ ਤਹਿਸੀਲਦਾਰਾਂ ਦੀ ਜੇਬ ਵਿੱਚ ਜਾਣ ਵਾਲੀ ਰਿਸ਼ਵਤ ਦੀ ਕਮਾਈ ਦਾ ਹਿਸਾਬ ਵੀ ਮੰਗਿਆ ਹੈ। ਵਿਧਾਇਕ ਬੈਂਸ ਅੱਜ ਕੋਟ ਮੰਗਲ ਸਿੰਘ ਵਿੱਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਸਰਕਾਰ ਨੂੁੰ ਪ੍ਰਤੀ ਸਾਲ ਇੰਤਕਾਲਾਂ ਤੋਂ 300 ਰੁਪਏ ਪ੍ਰਤੀ ਇੰਤਕਾਲ ਦੀ ਫੀਸ ਦੇਣ ਨਾਲ ਕੁੱਲ 10 ਕਰੋੜ ਰੁਪਏ ਦੀ ਮਾਲੀਆ ਆਉਂਦੀ ਸੀ। ਜੋ ਹੁਣ ਵਧ ਕੇ 600 ਰੁਪਏ ਦੀ ਫੀਸ ਨਾਲ 20 ਕਰੋੜ ਹੋ ਜਾਵੇਗਾ। ਉਨ੍ਹਾਂ ਸਵਾਲ ਕੀਤਾ ਕਿ ਦੂਜੇ ਪਾਸੇ ਜੇਕਰ ਹਿਸਾਬ ਲਗਾਓ ਤਾਂ ਕੁੱਲ ਰਕਮ 10 ਕਰੋੜ ਰੁਪਏ ਦੇ ਹਿਸਾਬ ਨਾਲ ਕੁੱਲ 3,33,333 ਇੰਤਕਾਲ ਕੀਤੇ ਜਾਂਦੇ ਸਨ। ਪਟਵਾਰੀਆਂ, ਕਾਨੂੰਨਗੋ ਅਤੇ ਤਹਿਸੀਲਦਾਰਾਂ ਵਲੋਂ ਕੀਤੇ ਜਾਂਦੇ ਇੰਤਕਾਲ ਵੇਲੇ ਪੰਜਾਬ ਦੀ ਜਨਤਾ ਤੋਂ 2000 ਤੋਂ 5000 ਰੁਪਏ ਲਏ ਜਾਂਦੇ ਹਨ ਅਤੇ ਜੇਕਰ ਔਸਤਨ 3000 ਪ੍ਰਤੀ ਇੰਤਕਾਲ ਜੋੜਿਆ ਜਾਵੇ ਤਾਂ ਇਹ ਕੁਲ ਰਕਮ 100 ਕਰੋੜ ਰੁਪਏ ਬਣਦੀ ਹੈ। ਉਨ੍ਹਾਂ ਸਾਫ ਕੀਤਾ ਕਿ ਸਰਕਾਰ ਨੂੰ 10 ਕਰੋੜ ਰੁਪਏ ਮਾਲੀਆ ਪਰ ਰਿਸ਼ਵਤ ਵਿੱਚ 100 ਕਰੋੜ ਰੁਪਏ ਦੀ ਆਮਦਨ ਦਾ ਕੋਣ ਹਿਸਾਬ ਦੇਵੇਗਾ। ਇਸੇ ਤਰਾਂ ਵਿਧਾਇਕ ਬੈਂਸ ਨੇ ਦੱਸਿਆ ਕਿ ਸੂਬੇ ਵਿੱਚ ਕੁੱਲ ਰਜਿਸਟਰੀਆਂ ਦੀ ਗੱਲ ਕਰੀਏ ਤਾਂ ਕਰੀਬ 2,66,667 ਰਜਿਸਟਰੀਆਂ ਹੁੰਦੀਆਂ ਹਨ ਅਤੇ ਤਹਿਸੀਲਦਾਰਾਂ ਵਲੋਂ ਹਰ ਰਜਿਸਟਰੀ ਲਈ 5000 ਰੁਪਏ ਪ੍ਰਤੀ ਰਜਿਸਟਰੀ ਦੇ ਹਿਸਾਬ ਨਾਲ ਰਕਮ ਦੀ ਵਸੂਲੀ ਕੀਤੀ ਜਾਂਦੀ ਹੈ ਜੋ ਕਿ ਕੁਲ ਰਕਮ 133 ਕਰੋੜ ਰੁਪਏ ਬਣਦੀ ਹੈ ਪਰ ਸਰਕਾਰ ਨੂੰ ਫੀਸ ਕੁਲੈਕਟਰ ਰੇਟ ਦੇ ਮੁਤਾਬਿਕ ਤਹਿ ਹੈ। ਉਨ੍ਹਾਂ ਫਰਦਾਂ ਸਬੰਧੀ ਖੁਲਾਸਾ ਕੀਤਾ ਕਿ ਪ੍ਰਤੀ ਫਰਦ 20 ਰੁਪਏ ਪ੍ਰਤੀ ਪੇਜ ਸਰਕਾਰੀ ਫੀਸ ਹੈ ਪਰ ਪਟਵਾਰੀ ਹਰ ਫਰਦ ਲਈ 500 ਰੁਪਏ ਪ੍ਰਤੀ ਫਰਦ ਵਸੂਲ ਕਰਦਾ ਹੈ। ਇਸ ਤੋਂ ਇਲਾਵਾ ਪਟਵਾਰੀ ਤੋਂ ਜੇਕਰ 10 ਸਾਲ ਪੁਰਾਣੀ ਫਰਦ ਕਢਵਾਈ ਜਾਵੇ ਤਾਂ 1500 ਰੁਪਏ ਪ੍ਰਤੀ ਫਰਦ ਅਤੇ ਜੇਕਰ 15 ਤੋਂ 20 ਸਾਲ ਤੱਕ ਦੀ ਫਰਦ ਲਈ ਜਾਵੇ ਤਾਂ ਪ੍ਰਤੀ ਫਰਦ 2500 ਤੋਂ 3500 ਰੁਪਏ ਪ੍ਰਤੀ ਫਰਦ ਵਸੂਲ ਕਰਦਾ ਹੈ। ਇਸ ਹਿਸਾਬ ਨਾਲ 2,66,667 ਰਜਿਸਟਰੀਆਂ ਦੀ ਫਰਦ ਦੇ ਬਦਲੇ ਪਟਵਾਰੀਆਂ ਦੀ ਜੇਬ ਵਿੱਚ ਜਾਣ ਵਾਲੀ ਔਸਤਨ 2000 ਰੁਪਏ ਪ੍ਰਤੀ ਫਰਦੇ ਦੇ ਹਿਸਾਬ ਨਾਲ ਕੁਲ ਰਕਮ 53 ਕਰੋੜ ਰੁਪਏ ਬਣਦੀ ਹੈ। ਜਦੋਂ ਕਿ ਸਰਕਾਰੀ ਫੀਸ ਕੇਵਲ 20 ਰੁਪਏ ਪ੍ਰਤੀ ਫਰਦ ਹੈ। ਉਨ੍ਹਾਂ ਸਰਕਾਰ ਨੂੰ ਸਵਾਲ ਕੀਤਾ ਕਿ ਇੰਤਕਾਲਾਂ ਦੀ ਫੀਸ ਵਿੱਚ 300 ਰੁਪਏ ਤੋਂ 600 ਰੁਪਏ ਕਰ ਦਿੱਤਾ ਗਿਆ ਹੈ ਜਦੋਂ ਕਿ ਪਟਵਾਰੀਆਂ,ਕਾਨੂੰਨਗੋ ਅਤੇ ਤਹਿਸੀਲਦਾਰਾਂ ਦੀ ਜੇਬ ਵਿੱਚ ਜਾਂਦੇ ਪੈਸਾ ਜੋ ਰਿਸ਼ਵਤਖੋਰੀ ਰਾਹੀਂ ਕਰੋੜਾਂ ਰੁਪਏ ਬਣਦੇ ਹਨ, ਉਨ੍ਹਾਂ ਸਬੰਧੀ ਵੀ ਸਰਕਾਰ ਨੂੰ ਸਖਤ ਕਦਮ ਉਠਾਉਣ ਦੀ ਲੋੜ ਹੈ।
---
ਪਟਵਾਰੀ, ਕਾਨੂਨਗੋ ਅਤੇ ਤਹਿਸਾਲਦਾਰਾਂ ਵਲੋਂ ਲਈ ਜਾਂਦੀ ਰਿਸ਼ਵਤ
ਇੱਕ ਇੰਤਕਾਲ ਦੀ ਔਸਤ ਰਿਸ਼ਵਤ 3000/- 3,33,333 ਲਈ ਜਾਂਦੀ ਰਿਸ਼ਵਤ ਤਕਰੀਬਨ 100 ਕਰੋੜ
ਇੱਕ ਰਜਿਸਟਰੀ /ਵਸੀਅਤ ਆਦਿ ਦੀ ਔਸਤ ਰਿਸ਼ਵਤ 5000/- ਇੱਕ ਸਾਲ ਵਿੱਚ ਕੁੱਲ ਹੋਈਆਂ ਰਜਿਸਟਰੀਆਂ /ਵਸੀਅਕਾਂ 2,66,667 ਲੀ ਜਾਂਦੀ ਰਰਿਸ਼ਵਤ ਤਕਰੀਬਨ 133 ਕਰੋੜ
ਫਰਦ ਦੇਣ ਲਈ ਸਲਾਨਾ ਲਈ ਜਾਂਦੀ ਰਿਸ਼ਵਤ 50 ਕਰੋੜ


