ਕਣਕ ਨਾ ਮਿਲਣ ਕਰਕੇ ਲਾਭਪਾਤਰੀਆਂ ਡਿੱਪੂ ਹੋਲਡਰ ਦੀ ਕੋਠੀ ਨੂੰ ਘੇਰਿਆ

ਬਾਘਾਪੁਰਾਣਾ,16 ਜੁਲਾਈ (ਰਜਿੰਦਰ ਕੋਟਲਾ)-ਕਾਂਗਰਸ ਸਰਕਾਰ ਵਲੋਂ ਨੀਲੇ ਕਾਰਡ ਧਾਰਕ ਗਰੀਬ ਮਜ਼ਦੂਰਾਂ ਅਤੇ ਕਾਮਿਆਂ ਨੂੰ ਸਸਤੇ ਰੇਟ ਵਾਲੀ ਕਣਕ ਨਾ ਮਿਲਣ ਕਾਰਨ ਗੁਰਦੁਆਰਾ ਹਰਗੋਬਿੰਦ ਸਾਹਿਬ ਦੇ ਨਜ਼ਦੀਕ ਕੁਲਵੰਤ ਦੇ ਡਿੱਪੂ ਅੱਗੇ ਧਰਨਾ ਲਗਾਇਆ ਅਤੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਧਰਨਾਕਾਰੀਆਂ ਕਰਨੈਲ ਸਿੰਘ, ਪੂਰਨ ਸਿੰਘ, ਪਾਲ ਸਿੰਘ, ਨਛੱਤਰ ਕੌਰ, ਗੁਰਮੇਲ ਕੌਰ, ਜੰਗੀਰ ਕੌਰ, ਜਸਵਿੰਦਰ ਕੌਰ, ਸੋਭਾ ਕੌਰ, ਰਾਣੀ ਕੌਰ ਨੇ ਕਿਹਾ ਕਿ ਵੋਟਾਂ ਤੋਂ ਪਹਿਲਾਂ ਕੈਪਟਨ ਸਾਹਿਬ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਆਟਾ ਦਾਲ ਸਕੀਮ ਦੇ ਨਾਲ ਨਾਲ ਗਰੀਬਾਂ ਨੂੰ ਚਾਹ ਖੰਡ ਆਦਿ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ ਹੁਣ ਜਦੋਂ ਕਾਂਗਰਸ ਪਾਰਟੀ ਸੱਤਾ ਵਿਚ ਆ ਗਈ ਹੈ ਤਾਂ ਗਰੀਬਾਂ ਮਜ਼ਦੂਰਾਂ ਨਾਲ ਕੀਤੇ ਸਾਰੇ ਵਾਅਦੇ ਭੁੱਲ ਗਈ ਹੈ। ਸਾਨੂੰ ਪਹਿਲੀਆਂ ਸਕੀਮਾਂ ਤਾਂ ਕੀ ਦੇਣੀਆਂ ਸਨ ਕੇਂਦਰ ਸਰਕਾਰ ਵਲੋਂ ਗ਼ਰੀਬਾਂ ਨੂੰ ਆਈ ਕਣਕ ਦਾਲ ਵੀ ਪੰਜਾਬ ਕਾਂਗਰਸ ਸਰਕਾਰ ਖਾ ਗਈ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਪਰਚੀਆਂ ਕੱਟੀਆਂ ਹੋਈਆਂ ਹਨ, ਪ੍ਰੰਤੂ ਕਣਕ ਨਹੀਂ ਮਿਲ ਰਹੀ ਅਤੇ ਅੱਧੇ ਘਰਾਂ ਨੂੰ ਸਿਰਫ ਅੱਧੀ ਪਚੱਧੀ ਕਣਕ ਦੇ ਕੇ ਸਰਕਾਰ ਗੋਂਗਲੂਆਂ ਤੋਂ ਮਿੱਟੀ ਝਾੜਨ ਦਾ ਕੰਮ ਕਰ ਰਹੀ ਹੈ। ਧਰਨਾਕਾਰੀਆਂ ਨੇ ਕਿਹਾ ਕਿ ਇਕ ਤਾਂ ਕੋਰੋਨਾ ਬੀਮਾਰੀ ਕਾਰਨ ਸਾਨੂੰ ਮਜ਼ਦੂਰੀ ਦਾ ਕੰਮ ਪੂਰਾ ਨਹੀਂ ਮਿਲ ਰਿਹਾ। ਉਲਟਾ ਪੰਜਾਬ ਕਾਂਗਰਸ ਸਰਕਾਰ ਸਾਨੂੰ ਆਟਾ ਦਾਲ ਸਕੀਮ ਤੋਂ ਵੀ ਵਾਂਝਾ ਕਰ ਰਹੀ ਹੈ, ਜਿਸ ਕਾਰਨ ਗਰੀਬ ਲੋਕ ਅੱਜ ਕੁਰਲਾ ਰਹੇ ਹਨ ਸਾਡੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਕਣਕ ਨਾ ਦਿੱਤੀ ਤਾਂ ਮਜ਼ਬੂਰਨ ਪਰਿਵਾਰਾਂ ਨੂੰ ਨਾਲ ਲੈ ਕੇ ਮੇਨ ਚੌਕ ’ਚ ਧਰਨਾ ਦਿੱਤਾ ਜਾਵੇਗਾ ਅਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਵੇਗਾ। ਡਿੱਪੂ ਹੋਲਡਰ ਕੁਲਵੰਤ ਸਿੰਘ ਦੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੇਰੇ ਵੱਸ ਦਾ ਰੋਗ ਨਹੀਂ ਹੈ, ਜਦੋਂ ਪਿੱਛੋਂ ਸਪਲਾਈ ਆਵੇਗੀ ਤਾਂ ਮੈਂ ਇਕ-ਇਕ ਵਿਅਕਤੀ ਨੂੰ ਪੂਰਾ-ਪੂਰਾ ਰਾਸ਼ਨ ਦੇਵਾਂਗਾ।


