ਸਿੱਖਿਆ ਵਿਭਾਗ ਦੇ ਮਿਹਨਤੀ ਅਧਿਆਪਕਾਂ ਦੀ ਮਿਹਨਤ ਰੰਗ ਲਿਆਈ ,ਦੋ ਮਾਸਿਕ ਆਨਲਾਈਨ ਪ੍ਰੀਖਿਆ ਦਾ ਸਫ਼ਲ ਆਯੋਜਨ

ਮੋਗਾ 16 ਜੁਲਾਈ:(ਜਸ਼ਨ):ਵਿਸ਼ਵ ਵਿਆਪੀ ਕੋਰੋਨਾ ਮਹਾਂਮਾਰੀ ਦੀ ਚੁਣੌਤੀ ਨੂੰ ਸਵੀਕਾਰ ਕਰਦਿਆਂ ਸਰਕਾਰੀ ਸਕੂਲਾਂ ਦੀ ਆਨਲਾਈਨ ਸਿੱਖਿਆ ਨੂੰ ਹਰ ਹੀਲੇ ਨੇਪਰੇ ਚੜ੍ਹਾਉਣ ਵਾਲੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀਆਂ ਅਣਥੱਕ ਕੋਸ਼ਿਸ਼ਾਂ ਨੂੰ ਉਸ ਸਮੇਂ ਬੂਰ ਪਿਆ ਜਦੋਂ ਵਿਭਾਗ ਵੱਲੋਂ ਜਾਰੀ ਡੇਟਸ਼ੀਟ ਅਨੁਸਾਰ 13 ਜੁਲਾਈ ਤੋਂ ਵਿਦਿਆਰਥੀਆਂ ਦਾ ਆਨਲਾਈਨ ਪ੍ਰੀਖਣ ਲਿਆ ਗਿਆ। ਵਿਦਿਆਰਥੀਆਂ ਵੱਲੋਂ ਇਸ ਆਨਲਾਈਨ ਪ੍ਰੀਖਿਆ ਵਿੱਚ ਪੂਰੀ ਸੰਜੀਦਗੀ ਨਾਲ ਸ਼ਮੂਲੀਅਤ ਕਰਨਾ ਅਧਿਆਪਕਾਂ ਦੀ ਪ੍ਰੇਰਨਾ ਅਤੇ ਮਿਹਨਤ ਨਾਲ ਕਰਵਾਈ ਤਿਆਰੀ ਸਦਕਾ ਹੀ ਸੰਭਵ ਹੋ ਸਕਿਆ ਹੈ। ਵਿਭਾਗ ਦੇ ਉੱਚ ਅਧਿਕਾਰੀਆਂ ਦੀ ਯੋਗ ਅਗਵਾਈ ਅਤੇ ਪ੍ਰੇਰਨਾ ਸਦਕਾ ਜ਼ਿਲ੍ਹਾ ਸਿੱਖਿਆ ਅਫ਼ਸਰਾਂ ,ਸਕੂਲ ਮੁਖੀਆਂ ਅਤੇ ਅਧਿਆਪਕਾਂ ਵੱਲੋਂ ਇਸ ਮਹੱਤਵਪੂਰਨ ਕਾਰਜ ਨੂੰ ਸਫ਼ਲਤਾਪੂਰਵਕ ਆਯੋਜਿਤ ਕੀਤਾ ਜਾ ਸਕਿਆ ਹੈ ਜਾਂ ਇਉਂ ਕਿਹਾ ਜਾ ਸਕਦਾ ਹੈ ਕਿ ਕਿਸੇ ਵੀ ਕਾਰਜ ਦੀ ਸਫ਼ਲਤਾ ਦਾ ਸਿਹਰਾ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੇ ਸਿਰ ਨਾ ਹੋਕੇ ਸਹਿਯੋਗ ਦੀ ਭਾਵਨਾ ਨਾਲ ਕੀਤੇ ਗਏ ਟੀਮ ਵਰਕ ਨੂੰ ਜਾਂਦਾ ਹੈ। ਵਿਦਿਆਰਥੀਆਂ ਦੀ ਸਫ਼ਲਤਾ ਵਿੱਚ ਮਾਪਿਆਂ ਤੋਂ ਬਾਅਦ ਅਧਿਆਪਕ ਦੀ ਭੂਮਿਕਾ ਸਭ ਤੋਂ ਅਹਿਮ ਹੁੰਦੀ ਹੈ। ਸਿੱਖਿਆ ਵਿਭਾਗ ਦੇ ਮਿਹਨਤੀ ਅਧਿਆਪਕਾਂ ਨੇ ਸਕੂਲੀ ਸੰਸਥਾਵਾਂ ਦੇ ਬੰਦ ਹੋਣ ਦੇ ਪਹਿਲੇ ਦਿਨ ਤੋਂ ਹੀ ਆਪਣੇ ਵਿਦਿਆਰਥੀਆਂ ਨੂੰ ਵਿਸ਼ਵਾਸ, ਲਗਨ ,ਮਿਹਨਤ, ਸਾਹਸ ਅਤੇ ਹੌਂਸਲੇ ਦਾ ਪਾਠ ਪੜ੍ਹਾਇਆ । ਅਧਿਆਪਕਾਂ ਵੱਲੋਂ ਆਨਲਾਈਨ ਵਿਧੀਆਂ ਰਾਹੀਂ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰਨਾ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਆਦਰਸ਼ ਸਖ਼ਸੀਅਤ ਨੂੰ ਦਰਸਾਉਂਦੇ ਪੱਖ ਹਨ। ਅਧਿਆਪਕਾਂ ਨੇ ਆਪਣੇ ਵਿਦਿਆਰਥੀਆਂ ਨੂੰ ਜਿੱਥੇ ਆਨਲਾਈਨ ਪੜ੍ਹਾਈ ਨਾਲ ਜੋੜੀ ਰੱਖਿਆ ਉੱਥੇ ਉਹਨਾਂ ਨੂੰ ਮੁਲਾਂਕਣ ਲਈ ਵੀ ਮਾਨਸਿਕ ਪੱਖੋਂ ਇਸ ਹੱਦ ਤੱਕ ਤਿਆਰ-ਬਰ-ਤਿਆਰ ਰਹਿਣ ਲਈ ਪ੍ਰੇਰਿਤ ਕੀਤਾ ਕਿ ਵਿਦਿਆਰਥੀਆਂ ਨੇ ਆਪੋ- ਆਪਣੇ ਘਰਾਂ ਵਿੱਚ ਆਪਣੇ ਅਧਿਆਪਕਾਂ ਦੀ ਗੈਰਹਾਜ਼ਰੀ ਵਿੱਚ ਹੀ ਪੂਰੀ ਲਗਨ ਨਾਲ ਪੇਪਰ ਦੇ ਕੇ ਉਹਨਾਂ ਦੀ  ਸਖ਼ਸ਼ੀਅਤ ਵਿੱਚ ਉਜਾਗਰ ਹੋਏ ਨੈਤਿਕ ਗੁਣਾਂ ਜਿਵੇਂ ਇਮਾਨਦਾਰੀ, ਸਬਰ, ਸਮੇਂ ਦੀ ਕਦਰ ਅਤੇ ਮਿਹਨਤ ਦਾ ਸਬੂਤ ਦਿੱਤਾ ਹੈ। ਅਧਿਆਪਕਾਂ ਨੇ ਆਨਲਾਈਨ ਪ੍ਰੀਖਿਆ ਨੂੰ ਹਰ ਹੀਲੇ ਸਫ਼ਲ ਬਣਾਉਣ ਲਈ ਕੋਸ਼ਿਸ਼ ਕਰਦਿਆਂ ਜਿੱਥੇ ਵਿਦਿਆਰਥੀਆਂ ਨੂੰ ਪਹਿਲਾਂ ਪੇਪਰਾਂ ਦੀ ਤਿਆਰੀ ਲਈ ਸੈਂਪਲ ਮਾਡਲ ਪੇਪਰ ਅਤੇ ਪ੍ਰੀਖਿਆ ਵਾਲੇ ਦਿਨ ਪੇਪਰਾਂ ਦੀ ਆਨਲਾਈਨ ਪਹੁੰਚ ਯਕੀਨੀ ਬਣਾਈ ਉੱਥੇ ਜਿਹੜੇ ਵਿਦਿਆਰਥੀਆਂ ਕੋਲ ਆਨਲਾਈਨ ਪ੍ਰੀਖਿਆ ਦੇਣ ਲਈ ਸਾਧਨਾਂ ਦੀ ਕਮੀ ਸੀ ਉਹਨਾਂ ਨੂੰ ਪੇਪਰ ਪਿ੍ਰੰਟ ਕਰਵਾ ਕੇ ਘਰੋ-ਘਰੀ ਵੀ ਪਹੁੰਚਾਏ। ਕਈ ਜ਼ਿਲ੍ਹਿਆਂ ਵਿੱਚ ਕੋਵਿਡ-19 ਤੋਂ ਬਚਾਓ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਪਿੰਡ ਵਿੱਚ ਕਿਸੇ ਇੱਕ ਜਗ੍ਹਾ ‘ਤੇ ਪੇਪਰਾਂ ਦੀ ਸਪਲਾਈ ਲਈ ਬਾਕਸ ਵੀ ਰੱਖੇ ਗਏ। ਜਿੱਥੋਂ ਵਿਦਿਆਰਥੀਆਂ ਨੇ ਪੇਪਰ ਪ੍ਰਾਪਤ ਕਰਕੇ ਹੱਲ ਕਰਨ ਤੋਂ ਬਾਅਦ ਵਾਪਸ ਉਸੇ ਜਗ੍ਹਾ ‘ਤੇ ਪਹੁੰਚਾ ਦਿੱਤੇ। ਅਧਿਆਪਕਾਂ ਦੇ ਇਹਨਾਂ ਅਣਥੱਕ ਕਾਰਜਾਂ ਕਰਕੇ ਉਹ ਸਮਾਜ ਵਿੱਚ ਪ੍ਰਸ਼ੰਸਾ ਦੇ ਪਾਤਰ ਬਣੇ ਹਨ ਅਤੇ ਸਰਕਾਰੀ ਸਕੂਲਾਂ ਦੀ ਸਿੱਖਿਆ ਦੀਆਂ ਗੱਲਾਂ ਹੁਣ ਘਰ-ਘਰ ਹੋ ਰਹੀਆਂ ਹਨ।  ਆਨਲਾਈਨ ਪ੍ਰੀਖਿਆ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਸ: ਜਸਪਾਲ ਸਿੰਘ  ਔਲਖ ਅਤੇ ਉਪ ਜ਼ਿਲਾ ਸਿੱਖਿਆ ਅਫ਼ਸਰ ਰਾਕੇਸ਼ ਮੱਕੜ ਦਾ ਕਹਿਣਾ ਹੈ ਕਿ ਵਿਭਾਗ ਦੇ ਮਿਹਨਤੀ ਅਧਿਕਾਰੀਆਂ ਦੀ ਯੋਗ ਅਗਵਾਈ ,ਜ਼ਿਲ੍ਹੇ ਦੀ ਸਮੁੱਚੀ ਟੀਮ ਦੇ ਸਹਿਯੋਗ ਅਤੇ ਅਧਿਆਪਕਾਂ ਦੀਆਂ ਅਣਥੱਕ ਕੋਸ਼ਿਸ਼ਾਂ ਅਤੇ ਦਿ੍ਰੜ ਇਰਾਦੇ ਸਦਕਾ ਉਹਨਾਂ ਦੇ ਜ਼ਿਲ੍ਹੇ ਵਿੱਚ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਵਿੱਚ ਆਨਲਾਈਨ ਪ੍ਰੀਖਿਆਵਾਂ ਪ੍ਰਤੀ ਪੂਰਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਮਾਪਿਆਂ ਦਾ ਇਹ ਵੀ ਕਹਿਣਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਉਹਨਾਂ ਦੇ ਵਿਦਿਆਰਥੀਆਂ ਦੀ ਬੇਰੋਕ ਪੜ੍ਹਾਈ ਜਾਰੀ ਰਹਿਣ ਕਰਕੇ ਉਹ ਮਾਨਸਿਕ ਪੱਖੋਂ ਪੂਰੇ ਸੰਤੁਸ਼ਟ ਹਨ।