ਦਿਲ ਦਾ ਕੋਈ ਮਾਮਲਾ ਨਹੀਂ ਹੁੰਦਾ -ਡਾ. ਅਮਨਦੀਪ ਸਿੰਘ ਟੱਲੇਵਾਲੀਆ

ਜਦੋਂ ਕਦੇ ਮੁਹੱਬਤ ਦੀ ਗੱਲ ਤੁਰਦੀ ਹੈ ਤਾਂ ਦਿਲ ਦਾ ਜ਼ਿਕਰ ਜ਼ਰੂਰ ਹੁੰਦਾ ਹੈ। ਇਉਂ ਲੱਗਦਾ ਹੈ ਜਿਵੇਂ ਦਿਲ ਹੀ ਇਸ ਸਾਰੇ ਕਾਸੇ ਲਈ ਕਸੂਰਵਾਰ ਹੋਵੇ, ਜਿਵੇਂਕਿ ਬਹੁਤ ਹੀ ਚਰਚਿਤ ਗੀਤਾਂ ਵਿਚ ਦਿਲ ਦਾ ਮਾਮਲਾ ਸਿਰ ਚੜ੍ਹ ਕੇ ਬੋਲਿਆ ਹੈ।
ਦਿਲ ਦਾ ਮਾਮਲਾ ਹੈ, ਦਿਲ ਤਾਂ ਪਾਗਲ ਹੈ, ਦਿਲਾ ਪਿਆਰ ਨਾ ਕਰੀਂ, ਦਿਲ ਦਿੱਤਾ ਨਹੀਂ ਸੀ ਠੋਕਰਾਂ ਲਵਾਉਣ ਵਾਸਤੇ, ਦਿਲ ਦਾ ਕਸੂਰ, ਦਿਲ ਜੁਰਮਾਨੇ ਭਰਦਾ ਜਾਂ ਹੋਰ ਬਹੁਤ ਸਾਰੇ ਗੀਤ, ਜਿਸ ਨਾਲ ਇਕ ਕਿਤਾਬ ਭਰੀ ਜਾ ਸਕਦੀ ਹੈ ਪਰ ਕੀ ਇਹ ਸੱਚ ਹੈ ਕਿ ਮੁਹੱਬਤ ਦਿਲ 'ਚੋਂ ਉਪਜਦੀ ਹੈ?
ਡਾਕਟਰੀ ਲਹਿਜ਼ੇ ਮੁਤਾਬਕ ਦਿਲ ਸਰੀਰ ਦਾ ਇਕ ਅਹਿਮ ਅੰਗ ਹੈ, ਜੋ ਸਰੀਰ ਵਿਚ ਖ਼ੂਨ ਦੇ ਦੌਰੇ ਨੂੰ ਚਾਲੂ ਰੱਖਦਾ ਹੈ। ਅੰਦਾਜ਼ਨ ਇਕ ਮਿੰਟ ਵਿਚ ਪੰਜ ਲੀਟਰ ਖ਼ੂਨ ਦੀ ਪੰਪਿੰਗ ਦਿਲ ਨੂੰ ਕਰਨੀ ਪੈਂਦੀ ਹੈ। ਇਹ ਮੁੱਠੀ ਦੇ ਆਕਾਰ ਦਾ ਬਹੁਤ ਹੀ ਸੂਖ਼ਮ ਜਿਹਾ ਅੰਗ ਹੈ, ਜੋ ਛਾਤੀ ਦੇ ਖੱਬੇ ਪਾਸੇ, ਪੱਸਲੀਆਂ ਦੇ ਥੱਲੇ ਪਿਆ ਆਪਣਾ ਕੰਮ ਨਿਯਮਤ ਰੂਪ ਵਿਚ ਕਰ ਰਿਹਾ ਹੈ। ਦਿਲ ਦਾ ਭਾਰ ਲਗਭਗ 300 ਗ੍ਰਾਮ ਮਰਦਾਂ ਵਿਚ ਅਤੇ 280 ਗ੍ਰਾਮ ਔਰਤਾਂ ਵਿਚ ਨਿਸ਼ਚਿਤ ਕੀਤਾ ਗਿਆ ਹੈ। ਦਿਲ ਦੇ ਚਾਰ ਵਾਲਵ ਹੁੰਦੇ ਹਨ, ਜਿਨ੍ਹਾਂ ਵਿਚ ਸੱਜੇ ਪਾਸੇ ਦੇ ਵਾਲਵਾਂ ਵਿਚ ਸਰੀਰ ਵਿਚੋਂ ਇਕੱਠਾ ਹੋਇਆ ਅਸ਼ੁੱਧ ਖ਼ੂਨ ਪਹੁੰਚਦਾ ਹੈ ਅਤੇ ਬਾਅਦ ਵਿਚ ਇਹ ਖ਼ੂਨ ਫੇਫੜਿਆਂ ਵਿਚੋਂ ਦੀ ਸਾਫ਼ ਹੋ ਕੇ ਦਿਲ ਦੇ ਖੱਬੇ ਪਾਸੇ ਵਾਲੇ ਵਾਲਵਾਂ ਵਿਚੋਂ ਦੀ ਹੁੰਦਾ ਹੋਇਆ ਸਰੀਰ ਵਿਚ ਜਾਂਦਾ ਹੈ। ਇਸ ਪ੍ਰਕਾਰ ਅਸੀਂ ਕਹਿ ਸਕਦੇ ਹਾਂ ਕਿ ਦਿਲ ਨੂੰ ਤਾਂ ਵਿਚਾਰੇ ਨੂੰ ਪਲ ਭਰ ਦੀ ਵਿਹਲ ਹੀ ਨਹੀਂ। ਜਦੋਂ ਮਨੁੱਖ ਸੌਂ ਜਾਂਦਾ ਹੈ, ਇਹਨੂੰ ਤਾਂ ਫਿਰ ਵੀ ਆਪਣਾ ਕੰਮਕਾਰ ਉਸੇ ਰਫ਼ਤਾਰ ਨਾਲ ਹੀ ਕਰਨਾ ਪੈਂਦਾ ਹੈ। 
ਅਸਲ ਵਿਚ ਦਿਲ ਤਾਂ ਬਦਨਾਮ ਕਰਤਾ ਗੀਤਕਾਰਾਂ ਨੇ ,ਫਿਲਮਾਂ  ਵਾਲਿਆਂ ਨੇ ਜਿਨ੍ਹਾਂ ਵਿਚਾਰਿਆਂ ਨੂੰ ਪਤਾ ਹੀ ਨਹੀਂ ਕਿ ਮੁਹੱਬਤ ਕਿੱਥੋਂ ਪੈਦਾ ਹੁੰਦੀ ਹੈ। ਦੁਨੀਆਂ ਉਪਰ ਜੋ ਕੁਝ ਵੀ ਵਾਪਰ ਰਿਹਾ ਹੈ, ਉਸਦਾ ਮੁੱਖ ਧੁਰਾ ਸਾਡਾ ਮਨ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਮਨ ਕੀ ਹੁੰਦਾ ਹੈ? ਸੋਚਾਂ ਦੇ ਸੰਕਲਪ ਅਤੇ ਵਿਕਲਪ ਨੂੰ ਮਨ ਆਖਿਆ ਜਾਂਦਾ ਹੈ। ਮਨ ਤਾਂ ਅਦਿੱਖ ਹੈ। ਦਿਲ ਅਤੇ ਦਿਮਾਗ ਦੇ ਟੈਸਟ ਕਰਨ ਵਾਲੀਆਂ ਤਾਂ ਬਹੁਤ ਮਸ਼ੀਨਾਂ ਆ ਗਈਆਂ ਪਰ ਮਨ ਦਾ ਟੈਸਟ ਕਰਨ ਵਾਲੀ ਮਸ਼ੀਨ ਨਾ ਤਾਂ ਆਈ ਹੈ ਅਤੇ ਨਾ ਹੀ ਸਾਇੰਸ ਕੋਲ ਇੰਨੀ ਸਮਰੱਥਾ ਹੈ ਕਿ ਉਹ ਮਨੁੱਖੀ ਮਨ ਉਤੇ ਕਾਬੂ ਪਾ ਲਵੇ।
ਦਿਲ ਦੀ ਫਿਲਮੀ ਤਸਵੀਰ ਜਿਵੇਂਕਿ ਅਸੀਂ ਵੇਖਦੇ ਹਾਂ ਪਾਨ ਦੇ ਪੱਤੇ ਵਿਚ ਤੀਰ ਗੱਡ ਕੇ, ਸਾਡੇ ਜ਼ਿਹਨ ਵਿਚ ਇਸ ਨੂੰ ਉਤਾਰਿਆ ਗਿਆ ਹੈ ਪਰ ਈਕੋਕਾਰਡੀਓਗ੍ਰਾਫੀ ਕਰਦੇ ਸਮੇਂ ਪਤਾ ਲਗਦਾ ਹੈ ਦਿਲ ਚੀਜ ਹੈ ਕਿਆ ਜਾਨਮ ।ਇਸੇ ਤਰ੍ਹਾਂ ਸੀ.ਟੀ. ਸਕੈਨ ਜਾਂ ਐਮ.ਆਰ.ਆਈ. ਵਿਚ ਦਿਮਾਗ ਦੀ ਫੋਟੋ ਆ ਜਾਂਦੀ ਹੈ ਪਰ ਉਸ ਦਿਮਾਗ ਵਿਚ ਜੋ ਵਿਚਾਰ ਉਪਜ ਰਹੇ ਹਨ, ਉਨ੍ਹਾਂ ਵਿਚਾਰਾਂ ਦੀ ਫੋਟੋ ਖਿੱਚਣੀ ਅਸੰਭਵ ਹੈ।
ਦੁਨੀਆਂ ਉਪਰ ਜੋ ਕੁਝ ਵੀ ਹੋ ਰਿਹਾ ਹੈ, ਉਹ ਪਹਿਲਾਂ ਮਨ ਵਿਚ ਉਪਜਦਾ ਹੈ। ਉਦਾਹਰਣ ਦੇ ਤੌਰ 'ਤੇ ਇਕ ਚਿੱਤਰਕਾਰ ਪਹਿਲਾਂ ਇਕ ਚਿੱਤਰ ਨੂੰ ਆਪਣੇ ਮਨ ਵਿਚ ਉਕਰਦਾ ਹੈ। ਫਿਰ ਉਸ ਨੂੰ ਕੈਨਵਸ 'ਤੇ ਉਤਾਰ ਦਿੰਦਾ ਹੈ। ਇਸੇ ਤਰ੍ਹਾਂ ਇਕ ਲੇਖਕ ਪਹਿਲਾਂ ਮਨ ਵਿਚ ਵਿਚਾਰ ਲਿਆਉਂਦਾ ਹੈ, ਫਿਰ ਉਸ ਨੂੰ ਕਾਗਜ਼ 'ਤੇ ਲਿਖ ਦਿੰਦਾ ਹੈ। ਪਿਆਰ ਕਰਨ ਵਾਲੇ ਪਹਿਲਾਂ ਇਹ ਸੋਚਦੇ ਹਨ ਕਿ ਪਿਆਰ ਕਿਸ ਨੂੰ ਕਰਨਾ ਹੈ, ਭਾਵ ਜਾਲ ਵਿਚ ਸ਼ਿਕਾਰ ਕਿਵੇਂ ਫਸਾਉਣਾ ਹੈ ਅਤੇ ਫਿਰ ਇਸ ਸ਼ਿਕਾਰ ਨਾਲ ਕਿਵੇਂ ਪੇਸ਼ ਆਉਣਾ ਹੈ। ਫਿਰ ਸ਼ਿਕਵੇ, ਸ਼ਿਕਾਇਤਾਂ, ਰੋਸੇ-ਗਿਲੇ, ਇਹ ਸਭ ਮਨੁੱਖੀ ਮਨ ਦੀ ਹੀ ਉਪਜ ਹਨ।
ਫਿਰ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਮਾਮਲਾ ਦਿਲ ਦਾ ਹੈ, ਸਗੋਂ ਮਾਮਲਾ ਮਨ ਦਾ ਹੈ। ਪਿੱਛੇ ਜਿਹੇ ਫਿਲਮੀ ਦੁਨੀਆਂ ਵਿਚ 'ਜਿਗਰ' ਦੇ ਨਾਮ ਹੇਠ ਫਿਲਮਾਂ ਬਣੀਆਂ। ਜਿਗਰ ਵੀ ਸਾਡੇ ਸਰੀਰ ਦਾ ਸਭ ਤੋਂ ਵੱਡ-ਆਕਾਰੀ ਅੰਗ ਹੈ, ਜੋ ਸੱਜੀ ਵੱਖੀ 'ਚ ਥੱਲੇ ਵੱਲ ਨੂੰ ਟਿਕਿਆ ਹੋਇਆ ਹੈ। ਜਿਸ ਦਾ ਕੰਮ ਬਹੁਤ ਸਾਰੇ ਤੱਤਾਂ ਨੂੰ ਸਟੋਰ ਕਰਕੇ ਉਸ ਨੂੰ ਲੋੜ ਪੈਣ 'ਤੇ ਵਰਤਣ ਵਿਚ ਲਿਆਉਣ ਦਾ ਹੁੰਦਾ ਹੈ, ਜਿਸ ਨੂੰ ਅੰਗਰੇਜ਼ੀ ਵਿਚ ਲਿਵਰ ਕਹਿੰਦੇ ਹਨ। ਸਦਕੇ ਜਾਈਏ ਇਨ੍ਹਾਂ ਫਿਲਮਾਂ ਵਾਲਿਆਂ ਦੇ, ਜਿਨ੍ਹਾਂ ਨੇ ਜਿਗਰ ਨੂੰ ਵੀ ਗੀਤਾਂ ਵਿਚ ਫਿੱਟ ਕਰ ਦਿੱਤਾ। ਜਿਵੇਂਕਿ ਜਿਗਰੀ ਯਾਰ, ਦਰਦ-ਏ-ਦਿਲ, ਦਰਦ-ਏ-ਜਿਗਰ, ਦਿਲ-ਜਿਗਰ-ਨਜ਼ਰ ਕਯਾ ਹੈ, ਨਜ਼ਰ ਕੇ ਸਾਮ੍ਹਣੇ ਜਿਗਰ ਕੇ ਪਾਸ ਆਦਿ।
ਪੰਜਾਬੀ ਦੇ ਕਿੱਸਾ-ਕਾਵਿ ਜਾਂ ਪੁਰਾਤਨ ਲੇਖਕਾਂ ਨੇ ਵੀ ਦਿਲ ਨੂੰ ਆਪਣੀ ਲੇਖਣੀ ਦਾ ਵਿਸ਼ਾ ਬਣਾਇਆ ਹੈ। ਬਟਾਲਵੀ ਦੇ ਗੀਤ 'ਮਾਏ ਨੀ ਮਾਏ ਮੈਂ ਇਕ ਸ਼ਿਕਰਾ ਯਾਰ ਬਣਾਇਆ, ਚੂਰੀ ਕੁੱਟਾਂ ਉਹ ਖਾਂਦਾ ਨਾਹੀ ਅਸੀਂ ਦਿਲ ਦਾ ਮਾਸ ਖਵਾਇਆ। ਜਿਉਂਦੇ ਜੀਅ ਤਾਂ ਕਿਸੇ ਨੂੰ ਦਿਲ ਦਾ ਮਾਸ ਵੀ ਨਹੀਂ ਖਵਾਇਆ ਜਾ ਸਕਦਾ ਤੇ ਨਾ ਹੀ ਜਿਉਂਦੇ ਜੀਅ  ਕਿਸੇ ਤੋਂ ਦਿਲ ਲਿਆ ਜਾਂ ਦਿੱਤਾ ਜਾ ਸਕਦਾ ਹੈ । ਸਾਇੰਸ ਦੇ ਯੁੱਗ ਵਿੱਚ ਮਨੁੱਖ ਦੀ ਮੌਤ ਤੋਂ ਬਾਅਦ (ਜਿੱਥੇ ਬ੍ਰੇਨ ਡੈੱਡ ਹੋ ਜਾਵੇ ਪਰ ਸਾਹ ਚੱਲਦੇ ਹੋਣ ਜਿਸ ਨੂੰ ਕਿ ਮੈਡੀਕਲ ਸਾਇੰਸ ਵਿੱਚ ਬਰੇਨ ਡੈੱਥ brain deathਕਿਹਾ ਜਾਂਦਾ ਹੈ ) ਉਸ ਦੇ ਬਹੁਤ ਸਾਰੇ ਅੰਗ ਜਿਵੇਂ ਕਿ ਅੱਖਾਂ, ਦਿਲ, ਲਿਵਰ ,ਗੁਰਦੇ ਆਦਿ ਕਿਸੇ ਲੋੜਵੰਦ ਨੂੰ  ਦਿੱਤੇ  ਜਾ ਸਕਦੇ ਹਨ ।ਗੁਰਦੇ ਤਾਂ ਜਿਉਂਦੇ ਜੀ ਵੀ ਬਦਲੇ ਜਾ ਸਕਦੇ ਹਨ ਕਿਉਂਕਿ ਮਨੁੱਖੀ ਸਰੀਰ ਅੰਦਰ ਗੁਰਦਿਆਂ ਦੀ ਗਿਣਤੀ ਦੋ ਹੁੰਦੀ ਹੈ ਪਰ  ਦਿਲ ਤਾਂ ਇਕ ਹੀ ਹੁੰਦਾ ਹੈ ਜਿਹੜਾ ਮਰਨ ਤੋਂ ਬਾਅਦ ਹੀ ਕਿਸੇ ਦੇ ਕੰਮ ਆ ਸਕਦਾ ਹੈ ਉਹ ਵੀ  ਨਿਰਧਾਰਤ ਸਮੇਂ  ਦੇ ਅੰਦਰ  ਅੰਦਰ । 
ਇਹਦੇ ਲਈ ਵੀ ਅਗਾਊਂ ਬੁਕਿੰਗ ਕਰਵਾਉਣੀ ਪੈਂਦੀ ਹੈ ਤੇ ਦਿਲ ਦਾ ਮਾਹਰ ਡਾਕਟਰ ਅਤੇ ਸਰਜਨ ਹੀ ਇਹ ਫ਼ੈਸਲਾ ਲੈ ਸਕਦੇ ਹਨ ਕਿ ਕੀ ਇਹ ਇਹ ਦਿਲ ਕਿਸੇ ਦੂਸਰੇ ਦੇ ਫਿੱਟ ਹੋ ਸਕਦਾ ਹੈ ਜਾਂ ਨਹੀਂ ।
ਪਰ ਜਿਵੇਂ ਸਾਡੇ ਕਵੀਆਂ ,ਕਿੱਸਾਕਾਰਾਂ,  ਗੀਤਕਾਰਾਂ ਨੇ ਦਿਲ ਦੇਣ ਜਾਂ ਦਿਲ ਲੈਣ ਦੀਆਂ ਗੱਲਾਂ ਕੀਤੀਆਂ ਹਨ, ਉਸ ਨੂੰ ਦੇਖ ਕੇ ਜਾਂ  ਸੁਣ ਕੇ ਤਾਂ ਇਹ ਹੀ ਲੱਗਦਾ ਹੈ ਕਿ ਅਜਿਹੀਆਂ ਗੱਲਾਂ ਅਸਲੀਅਤ ਤੋਂ ਕੋਹਾਂ ਦੂਰ ਸਿਰਫ ਕੋਰੀ ਕਲਪਨਾ ਹੀ ਹਨ।
 
 
ਬਾਬਾ ਫ਼ਰੀਦ ਨਗਰ, ਕਚਹਿਰੀ ਚੌਕ,
ਬਰਨਾਲਾ
98146-99446