‘‘ ਫਿਰ ਸੰਪੂਰਨ ਲੌਕਡਾਊਨ ਹੋ ਸਕਦੈ ਮੋਗਾ 'ਚ ’’ -- ਵਿਧਾਇਕ ਡਾ: ਹਰਜੋਤ ਕਮਲ, ‘‘ ਜੇ ਕਰੋਨਾ ਖਿਲਾਫ਼ ਲੋਕ ਸੰਜੀਦਾ ਨਾ ਹੋਏ ਤਾਂ ਕਾਰੋਬਾਰ ਬੰਦ ਕਰਕੇ ਘਰਾਂ ਵਿਚ ਰਹਿਣ ਲਈ ਹੋਣਾ ਪਵੇਗਾ ਮਜਬੂਰ ’’
ਮੋਗਾ,26 ਜੂਨ(): ਵਿਧਾਇਕ ਡਾ: ਹਰਜੋਤ ਕਮਲ ਦਾ ਆਖਣਾ ਹੈ ਕਿ ਪੰਜਾਬ ਵਿਚ ਦੁਬਾਰਾ ਕਰੋਨਾ ਦਾ ਪ੍ਰਕੋਪ ਸ਼ੁਰੂ ਹੋਣ ਨਾਲ ਪੰਜਾਬੀਆਂ ਲਈ ਖਤਰੇ ਦੀ ਘੰਟੀ ਖੜਕ ਗਈ ਹੈ ਇਸ ਲਈ ਉਹਨਾਂ ਮੋਗਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਸੰਕਰਮਣ ਤੋਂ ਬਚਣ ਲਈ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਦੀ ਇਨਬਿੰਨ ਪਾਲਣਾ ਕਰਨ ਤਾਂ ਕਿ ਇਸ ਨਾਮੁਰਾਦ ਬੀਮਾਰੀ ਤੋਂ ਬਚਾਅ ਹੋ ਸਕੇ। ਡਾ: ਹਰਜੋਤ ਕਮਲ ਨੇ ਆਖਿਆ ਕਿ ਬੀਤੇ ਕੱਲ ਮੋਗਾ ਸਿਹਤ ਵਿਭਾਗ ਤੋਂ ਕੋਵਿਡ 19 ਦੇ ਨੋਡਲ ਅਫਸਰ ਡਾ: ਨਰੇਸ਼ ਕੁਮਾਰ ਦੇ ਕਰੋਨਾ ਪਾਜ਼ਿਟਿਵ ਪਾਏ ਜਾਣ ਤੋਂ ਇਲਾਵਾ ਮਲਟੀਪਰਪਸ ਹੈਲਥ ਵਰਕਰ ਅਤੇ ਪੈਰਾਮੈਡੀਕਲ ਸਟਾਫ਼ ਦੇ ਕੋਆਰਨਟੀਨ ਹੋਣ ਕਾਰਨ ਸਾਨੂੰ ਸਾਰਿਆਂ ਨੂੰ ਹੋਰ ਸੁਚੇਤ ਹੋ ਜਾਣਾ ਚਾਹੀਦਾ ਹੈ। ਉਹਨਾਂ ਆਖਿਆ ਕਿ ਉਹਨਾਂ ਦੀ ਅੱਜ ਹੀ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨਾਲ ਹੋਈ ਗੱਲਬਾਤ ਦੌਰਾਨ ਪਤਾ ਲੱਗਾ ਹੈ ਕਿ ਗਿੱਦੜਵਾਹਾ ਵਿਚ ਕਰੋਨਾ ਦੇ ਜ਼ਿਆਦਾ ਕੇਸ ਹੋਣ ਕਾਰਨ ਉੱਥੇ ਮੁਕੰਮਲ ਲੌਕਡਾਊਨ ਕਰ ਦਿੱਤਾ ਗਿਆ ਹੈ । ਉਹਨਾਂ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਮੰਤਰੀ ਜੀ ਕੋਵਿਡ 19 ਦੇ ਫੈਲਾਅ ਕਾਰਨ ਪੰਜਾਬ ਲਈ ਚਿੰਤਾਤੁਰ ਹਨ ਅਤੇ ਉਹ ਇਸ ਦੇ ਫੈਲਾਅ ਨੂੰ ਰੋਕਣ ਲਈ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਨੂੰ ਸਮੇਂ ਸਮੇਂ 'ਤੇ ਹਦਾਇਤਾਂ ਜਾਰੀ ਕਰ ਰਹੇ ਹਨ । ਵਿਧਾਇਕ ਡਾ: ਕਮਲ ਨੇ ਮੋਗਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵਿਆਹ ਅਤੇ ਖਾਸ ਕਰ ਭੋਗ ਸਮਾਗਮਾਂ 'ਤੇ ਸਰਕਾਰੀ ਨਿਯਮਾਂ ਅਤੇ ਹਦਾਇਤਾਂ ਨੂੰ ਛਿੱਕੇ ਟੰਗ ਕੇ ਕੀਤੇ ਜਾ ਰਹੇ ਇਕੱਠਾਂ 'ਤੇ ਰੋਕ ਲਗਾ ਕੇ ਕਰੋਨਾ ਸੰਕਮਣ ਤੋਂ ਬੱਚਣ ਲਈ ਸੰਜੀਦਾ ਹੋਣ ਵਰਨਾ ਮੋਗਾ ਨੂੰ ਵੀ ਮੁੜ ਤੋਂ ਪੂਰਨ ਲੌਕਡਾਊਨ ਦੇ ਹਾਲਾਤ ਤਹਿਤ ਸਾਰੇ ਕਾਰੋਬਾਰ ਬੰਦ ਕਰਕੇ ਘਰਾਂ ਵਿਚ ਰਹਿਣ ਲਈ ਮਜਬੂਰ ਹੋਣਾ ਪਵੇਗਾ। ਉਹਨਾਂ ਆਖਿਆ ਕਿ ਕਮਿਊਨਟੀ ਸਪਰੈਡ ਤੋਂ ਬਚਣ ਲਈ ਸਮੂਹ ਮੋਗਾ ਵਾਸੀ ਮਾਸਕ ਲਗਾ ਕੇ ਰੱਖਣ, ਦੂਰੀ ਬਣਾ ਕੇ ਰੱਖਣ ਅਤੇ ਥੋੜੇ ਥੋੜੇ ਸਮੇਂ ਬਾਅਦ ਹੱਥਾਂ ਨੂੰ ਧੋਣ ਜਾਂ ਸੈਨੇਟਾਈਜ਼ ਕਰਨ ਅਤੇ ਹੱਥ ਮਿਲਾਉਣ ਆਦਿ ਤੋਂ ਪੂਰਨ ਬੱਚਤ ਰੱਖੋ । ਉਹਨਾਂ ਜ਼ੋਰ ਦੇ ਕੇ ਆਖਿਆ ਕਿ ਪੰਜਾਬੀ ਬੇਸ਼ੱਕ ਬਹਾਦਰ ਕੌਮ ਵਜੋਂ ਜਾਣੇ ਜਾਂਦੇ ਹਨ ਪਰ ਸਮੇਂ ਦੀ ਨਜ਼ਾਕਤ ਹੈ ਕਿ ਹੁਣ ਪੰਜਾਬੀਆਂ ਦਾ ਮੁਕਾਬਲਾ ਛੁਪੇ ਹੋਏ ਦੁਸ਼ਮਣ ਨਾਲ ਹੋ ਰਿਹਾ ਹੈ, ਇਸ ਕਰਕੇ ਇਹ ਭੁਲੇਖਾ ਕਿ ਕਰੋਨਾ ਪੰਜਾਬ 'ਚੋਂ ਖਤਮ ਹੋ ਗਿਆ ਹੈ ਜਾਂ ਮੈਨੂੰ ਕਰੋਨਾ ਕੁਛ ਨਹੀਂ ਕਰ ਸਕਦਾ ਆਦਿ ਸਾਨੂੰ ਮਹਿੰਗਾ ਪੈ ਸਕਦਾ ਹੈ ਕਿਉਂਕਿ ਪੰਜਾਬ ਵਿਚ ਨਿੱਤ ਦਿਨ ਕਰੋਨਾਂ ਪੀੜਤਾਂ ਅਤੇ ਮੌਤਾਂ ਦੀ ਗਿਣਤੀ ਵੱਧ ਰਹੀ ਹੈ ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ