ਵਿਜੀਲੈਂਸ ਨੇ ਆਰਟੀਏ ਫਰੀਦਕੋਟ ਦੇ ਡਰਾਈਵਰ ਨੂੰ 15,000 ਰੁਪਏ ਦੀ ਰਿਸ਼ਵਤ ਲੈਂਦਿਆਂ ਕੀਤਾ ਰੰਗੇ ਹੱਥੀਂ ਕਾਬੂ

ਚੰਡੀਗੜ੍ਹ, 23 ਜੂਨ :(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :   ਪੰਜਾਬ ਵਿਜੀਲੈਂਸ ਬਿਓਰੋ ਨੇ ਅੱਜ ਖੇਤਰੀ ਟਰਾਂਸਪੋਰਟ ਅਥਾਰਟੀ (ਆਰ.ਟੀ.ਏ.) ਫਰੀਦਕੋਟ-ਕਮ-ਜਨਰਲ ਸਹਾਇਕ ਡੀ.ਸੀ. ਫਰੀਦਕੋਟ ਦੇ ਡਰਾਈਵਰ ਨੂੰ ਜਿਲਾ ਪ੍ਰਬੰਧਕੀ ਕੰਪਲੈਕਸ ਫਰੀਦਕੋਟ ਵਿਖੇ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਦਬੋਚ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਵਿਜੀਲੈਂਸ ਬਿਓਰੋ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਦੋਸ਼ੀ ਡਰਾਈਵਰ ਅਮਰਜੀਤ ਸਿੰਘ (ਨੰਬਰ 36/482), ਜੋ ਕਿ ਪੰਜਾਬ ਪੁਲਿਸ ਵਿੱਚ ਹੌਲਦਾਰ ਹੈ, ਨੂੰ ਮਲੋਟ, ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵਾਸੀ ਬਾਜ ਸਿੰਘ ਦੀ ਸ਼ਿਕਾਇਤ ’ਤੇ ਗਿ੍ਰਫਤਾਰ ਕੀਤਾ ਹੈ। ਉਸਨੇ ਅੱਗੇ ਕਿਹਾ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਓਰੋ ਤੱਕ ਪਹੁੰਚ ਕੀਤੀ ਹੈ ਅਤੇ ਦੋਸ਼ ਲਾਇਆ ਕਿ ਉਕਤ ਆਰ.ਟੀ.ਏ. ਅਤੇ ਉਸਦਾ ਡਰਾਈਵਰ ਉਸਦੀ ਨਵੀਂ ਟੂਰਿਸਟ ਬੱਸ ਨੂੰ ਸੜਕ ’ਤੇ ਚੱਲਣ ਦੀ ਆਗਿਆ ਦੇਣ ਬਦਲੇ 25,000 ਰੁਪਏ ਦੀ ਰਿਸ਼ਵਤ ਦੀ ਮੰਗ ਰਹੇ ਹਨ। ਇਸ ਸ਼ਿਕਾਇਤ ਦੀ ਪੁਸ਼ਟੀ ਕਰਨ ਤੋਂ ਬਾਅਦ ਵਿਜੀਲੈਂਸ ਦੇ ਉਡਣ ਦਸਤਾ1, ਐਸ.ਏ.ਐਸ. ਨਗਰ ਦੀ ਇੱਕ ਟੀਮ ਨੇ ਜਾਲ ਵਿਛਾਇਆ ਅਤੇ ਦੋਸ਼ੀ ਡਰਾਈਵਰ ਨੂੰ ਪਹਿਲੀ ਕਿਸ਼ਤ ਵਜੋਂ ਰਿਸ਼ਵਤ ਦੇ 15,000 ਰੁਪਏ ਲੈਂਦਿਆਂ ਮੌਕੇ ‘ਤੇ ਹੀ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਫਰੀਦਕੋਟ ਤੋਂ ਗਿ੍ਰਫਤਾਰ ਕਰ ਲਿਆ। ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿੱਚ ਮੁਲਜ਼ਮ ਡਰਾਈਵਰ ਖਿਲਾਫ ਫਲਾਇੰਗ ਸਕੁਐਡ ਦੇ ਐਸ.ਏ.ਐਸ. ਨਗਰ ਸਥਿਤ ਥਾਣੇ ਵਿੱਚ ਭਿ੍ਰਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਬਾਰੇ ਹੋਰ ਅਗਲੇਰੀ ਜਾਂਚ ਜਾਰੀ ਹੈ ਅਤੇ ਇਸ ਮਾਮਲੇ ਵਿੱਚ ਉਕਤ ਆਰ.ਟੀ.ਏ. ਅਧਿਕਾਰੀ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ