12 ਕਰੋੜ ਦੇ ਪ੍ਰੋਜੈਕਟਾਂ ਨਾਲ ਹੋਵੇਗਾ ‘ਸੋਹਣੇ ਮੋਗੇ’ ਦਾ ਨਿਰਮਾਣ : ਵਿਧਾਇਕ ਡਾ. ਹਰਜੋਤ ਕਮਲ

ਮੋਗਾ, 22 ਜੂਨ   (ਜਸ਼ਨ) :   ਕੋਰੋਨਾ ਖਿਲਾਫ ਜੰਗ ਦੌਰਾਨ ਰਾਹਤ ਭਰਪੂਰ ਖ਼ਬਰ ਆ ਰਹੀ ਹੈ ਕਿ ਵਿਧਾਇਕ ਡਾ. ਹਰਜੋਤ ਕਮਲ ਦੇ ਯਤਨਾਂ ਸਦਕਾ 12 ਕਰੋੜ ਦੇ ਵਿਕਾਸ ਕਾਰਜਾਂ ਨਾਲ ‘ਸੋਹਣੇ ਮੋਗੇ’ ਦੀ ਤਾਮੀਰ ਦਾ ਮੁੱਢ ਬੱਝ ਗਿਆ ਹੈ। ਪੰਜਾਬ ਅਰਬਨ ਇਨਵਾਇਰਮੈਂਟ ਇੰਪਰੂਵਮੈਂਟ ਫੰਡ ਸਕੀਮ ਤਹਿਤ ਛੇਤੀ ਹੀ ਮੋਗੇ ਦੀ ਦਿੱਖ ਮੋਹਾਲੀ ਵਰਗੇ ਸ਼ਹਿਰਾਂ ਵਾਂਗ ਦਿਖਾਈ ਦੇਣ ਲੱਗੇਗੀ। ਵਿਧਾਇਕ ਡਾ. ਹਰਜੋਤ ਕਮਲ ਨੇ ਦੱਸਿਆ ਕਿ ਉਨ੍ਹਾਂ ਦਾ ਸੁਪਨਾ ਸੀ ਕਿ ਉਹ ਮੋਗੇ ਨੂੰ ਪੰਜਾਬ ਦੇ ਉੱਤਮ ਸ਼ਹਿਰਾਂ ’ਚ ਸ਼ੂਮਾਰ ਹੋਣ ਵਾਲੇ ਸ਼ਹਿਰ ਵਜੋਂ ਵਿਕਸਿਤ ਕਰਨ ਅਤੇ ਇਸ ਲਈ ਉਹ ਨਿਰੰਤਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੰਪਰਕ ਵਿਚ ਰਹੇ। ਜਿਨ੍ਹਾਂ ਉਨ੍ਹਾਂ ਦੀ ਅਪੀਲ ’ਤੇ ਮੋਗਾ ਨਗਰ ਨਿਗਮ ਨੂੰ 12 ਕਰੋੜ ਰੁਪਏ ਦੀ ਰਾਸ਼ੀ ਦੇ ਪ੍ਰਾਜੋਕਟਾਂ ਦੀ ਮੰਨਜ਼ੂਰੀ ਦਿੱਤੀ ਹੈ, ਜਿਨ੍ਹਾਂ ਦੀ ਪੇਂਡਿੰਗ ਪ੍ਰਕਿਰਿਆ ਬੀਤੇ ਹਫਤੇ ਆਰੰਭ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਤਕਰੀਬਨ ਪੌਣੇ 4 ਕਰੋੜ ਦੀ ਰਾਸ਼ੀ ਨਾਲ ਜ਼ਮੀਨਦੋਜ਼ ਡਸਟਬੀਨ ਬਣਾਏ ਜਾਣਗੇ, ਜਿਨ੍ਹਾਂ ਨਾਲ ਕੂੜੇ ਦੇ ਡੰਪਾਂ ਤੋਂ ਮੋਗਾ ਵਾਸੀਆਂ ਨੂੰ ਸਦਾ ਸਦਾ ਲਈ ਛੁਟਕਾਰਾ ਮਿਲ ਜਾਵੇਗਾ। ਉਨ੍ਹਾਂ ਦੱਸਿਆ ਕਿ ਸੜਕਾਂ ਦੀ ਸਫਾਈ ਲਈ ਮਕੈਨਿਕਲ ਸਵੀਪਿੰਗ ਮਸ਼ੀਨਾਂ ਖ੍ਰੀਦਣ ਤੋਂ ਇਲਾਵਾ ਸ਼ਹਿਰ ਦੇ ਸਾਰੇ ਐਂਟਰੀ ਪੁਆਇੰਟ ਲਾਈਟਾਂ ਅਤੇ ਫੁੱਲਾਂ ਨਾਲ ਸਜਾਏ ਜਾਣਗੇ। ਉਨ੍ਹਾਂ ਦੱਸਿਆ ਕਿ ਮੁਰਦਾ ਜਾਨਵਰਾਂ ਦੇ ਨਿਪਟਾਰੇ ਲਈ ਬਿਜਲਈ ਪ੍ਰੋਜੈਕਟ ਸੋਹਣੇ ਮੋਗੇ ਦੀ ਤਾਮੀਰ ’ਚ ਸ਼ਾਮਲ ਹੋਣਗੇ। ਡਾ. ਹਰਜੋਤ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਦੱਸਿਆ ਕਿ ਮੋਗਾ ’ਚ ਦੋ ਧਰਮਸ਼ਾਲਾਵਾਂ ਅਤੇ ਚਾਰ ਸ਼ਮਸ਼ਾਨਘਾਟਾਂ ਨੂੰ ਰੈਨੋਵੇਟ ਕਰਕੇ ਫੁੱਲ ਬੂਟਿਆਂ ਨਾਲ ਨਵੀਂ ਦਿੱਖ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਗੀਤਾ ਭਵਨ ਦੇ ਪਾਰਕ ਵਿਚ ਯੋਗਾ ਹਾਲ ਦਾ ਨਿਰਮਾਣ ਕਰਨ ਦੇ ਨਾਲ ਨਾਲ ਸ਼ਹਿਰ ਦੇ ਪੰਜ ਚੌਕਾਂ ’ਚ ਲੋਕਾਂ ਨੂੰ ਪ੍ਰੇਰਨ ਵਾਲੀਆਂ ਸ਼ਖਸੀਅਤਾਂ ਦੇ ਬੁੱਤ ਲਗਾਉਣ ਦੇ ਨਾਲ ਨਾਲ ਚੌਂਕਾਂ ਦੀ ਸਜਾਵਟ ਵੀ ਕੀਤੀ ਜਾਵੇਗੀ। ਡਾ. ਹਰਜੋਤ ਨੇ ਕਿਹਾ ਕਿ ‘ਮੋਗਾ ਚਾਹ ਜੋਗਾ’ ਨਹੀਂ ਰਹੇਗਾ, ਸਗੋਂ ਮੋਗਾ ਵਾਸੀ ਆਪਣੇ ਸੁੰਦਰ ਸ਼ਹਿਰ ਤੇ ਮਾਣ ਕਰਿਆ ਕਰਨਗੇ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ