ਵਿਕਾਸ ਕਾਰਜਾਂ ਨੂੰ ਤੇਜ਼ ਕਰਨ ਅਤੇ ਮੋਗਾ ਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਵਿਧਾਇਕ ਡਾ: ਹਰਜੋਤ ਕਮਲ ਨਗਰ ਨਿਗਮ ‘ਚ ਬੈਠ ਕੇ ਹੋਇਆ ਕਰਨਗੇ ਲੋਕਾਂ ਦੇ ਰੂਬਰੂ

ਮੋਗਾ,8 ਜੂਨ (ਜਸ਼ਨ): ਮੋਗਾ ਦੇ ਵਿਕਾਸ ਕਾਰਜਾਂ ਨੂੰ ਤੇਜ਼ ਕਰਨ ਦੇ ਮਕਸਦ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਤੁਰੰਤ ਹੱਲ ਕਰਨ ਦੇ ਯਤਨਾਂ ਤਹਿਤ ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਸਿੰਘ ਨੇ ਅੱਜ ਤੋਂ ਬਕਾਇਦਾ ਨਗਰ ਨਿਗਮ ਵਿਚ ਬੈਠ ਕੇ ਮੋਗਾ ਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਸੁਣਨ ਦਾ ਅਮਲ ਆਰੰਭ ਦਿੱਤਾ। ਉਹ ਹਫਤੇ ਵਿਚ ਦੋ ਦਿਨ ਸੋਮਵਾਰ ਅਤੇ ਸ਼ਨੀਵਾਰ ਨੂੰ 11 ਵਜੇ ਤੋਂ 2 ਵਜੇ ਤੱਕ ਨਗਰ ਨਿਗਮ ਦੇ ਦਫਤਰ ਬੈਠ ਕੇ ਲੋਕਾਂ ਨਾਲ ਮੁਲਾਕਾਤ ਕਰਿਆ ਕਰਨਗੇ। ਉਹਨਾਂ ਕਿਹਾ ਕਿ ਉਹ ਪਿਛਲੇ ਤਿੰਨ ਸਾਲ ਤੋਂ ਸ਼ਹਿਰ ਦੀ ਡਿਵੈੱਲਪਮੈਂਟ ਲਈ ਸਿਰਤੋੜ ਯਤਨ ਕਰ ਰਹੇ ਹਨ ਅਤੇ ਸ਼ਹਿਰ ਵਿਚ ਸੜਕਾਂ,ਗਲੀਆਂ ਅਤੇ ਲਾਈਟਾਂ ਆਦਿ ਲਗਾਉਣ ਦਾ ਕੰਮ ਲੌਕਡਾਊਨ ਉਪਰੰਤ ਤੇਜ਼ੀ ਨਾਲ ਸ਼ੁਰੂ ਹੋ ਗਿਆ ਹੈ ਪਰ ਹੁਣ ਉਹ ਵਿਕਾਸ ਕਾਰਜਾਂ ਵਿਚ ਹੋਰ ਤੇਜ਼ੀ ਲਿਆਉਣ ਲਈ ਨਗਰ ਨਿਗਮ ਦੇ ਦਫਤਰ ਬੈਠ ਕੇ ਜਿੱਥੇ ਚੱਲ ਰਹੇ ਵਿਕਾਸ ਕਾਰਜਾਂ ਦੀ ਨਜ਼ਰਸਾਨੀ ਕਰ ਸਕਣਗੇ ਉੱਥੇ ਸੀਵਰੇਜ ,ਪਾਣੀ ਅਤੇ ਲੋਕਾਂ ਨੂੰ ਵੱਖ ਵੱਖ ਤਰਾਂ ਦੀਆਂ ਰੋਜ਼ਮਰਰਾ ਦਰਪੇਸ਼ ਸਮੱਸਿਆਵਾਂ ਲੋਕਾਂ ਦੇ ਰਬਰੂ ਹੋ ਕੇ ਸੁਣ ਸਕਣਗੇ ਅਤੇ ਛੇਤੀ ਤੋਂ ਛੇਤੀ ਹੱਲ ਕਰਵਾਉਣਗੇ । ਉਹਨਾਂ ਕਿਹਾ ਕਿ ਉਹਨਾਂ ਦੀ ਬੇਨਤੀ ’ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੋਗਾ ਦੇ ਵਿਕਾਸ ਲਈ ਕਰੋੜਾਂ ਰੁਪਏ ਦੀਆਂ ਖੁਲ੍ਹੀਆਂ ਗਰਾਟਾਂ ਭੇਜ ਦਿੱਤੀਆਂ ਗਈਆਂ ਹਨ ਅਤੇ ਉਹ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਕੇ ਆਪਣੇ ਸੁਪਨਿਆਂ ਦੇ ਮੋਗੇ ਦਾ ਨਿਰਮਾਣ ਕਰਵਾਉਣਗੇ । ਉਹਨਾਂ ਦਾਅਵਾ ਕੀਤਾ ਕਿ ਛੇਤੀ ਹੀ ਮੋਗਾ ਵਾਸੀਆਂ ਨੂੰ ਮੋਗੇ ਦੀ ਕਾਇਆ ਕਲਪ ਹੋਈ ਨਜ਼ਰ ਆਉਣ ਲੱਗੇਗੀ ।