ਰਿਸ਼ਵਤ ਲੈਂਦਾ ਕਾਨੂੰਗੋ, ਵਿਜੀਲੈਂਸ ਨੇ ਰੰਗੇ ਹੱਥੀਂ ਕੀਤਾ ਕਾਬੂ, ਕਾਨੂੰਗੋ ਦਾ ਨਿੱਜੀ ਡਰਾਈਵਰ ਵੀ ਗ੍ਰਿਫਤਾਰ

ਮੋਗਾ,20 ਮਈ (ਜਸ਼ਨ) : ਵਿਜੀਲੈਂਸ ਮੋਗਾ ਨੇ ਅੱਜ ਮੋਗਾ ਦੇ ਕਾਨੂੰਗੋ ਨੂੰ  2500 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗਿ੍ਰਫਤਾਰ ਕਰਨ ‘ਚ ਸਫਲਤਾ ਹਾਸਿਲ ਕੀਤੀ। ਪੰਜਾਬ ਸਰਕਾਰ ਵੱਲੋਂ ਰਿਸ਼ਵਤਖੋਰੀ ਵਿਰੱੁਧ ਵਿੱਢੀ ਮੁਹਿੰਮ ਦੇ ਤਹਿਤ ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਰੇਂਜ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਕੇਵਲ ਕ੍ਰਿਸ਼ਨ ਡੀ ਐਸ ਪੀ ਵਿਜੀਲੈਂਸ ਬਿਊਰੋ ਮੋਗਾ ਦੀ ਨਿਗਰਾਨੀ ਹੇਠ ਵਿਜੀਲੈਂਸ ਬਿਊਰੋ ਮੋਗਾ ਵੱਲੋਂ ਕਾਨੂੰਗੋ ਚਮਕੌਰ ਸਿੰਘ ਘੱਲ ਕਲਾਂ ਨੂੰ ਮੁਦੱਈ ਪਰਮਜੀਤ ਸਿੰਘ ਪੇਂਟਰ  ਪਾਸੋਂ 2500 ਰੁਪਏ ਰਿਸ਼ਵਤ ਹਾਸਿਲ ਕਰਦੇ ਹੋਏ ਰੰਗੇ ਹੱਥੀਂ ਗਿ੍ਰਫਤਾਰ ਕੀਤਾ ਗਿਆ । ਡੀਐਸਪੀ ਵਿਜੀਲੈਂਸ ਕੇਵਲ ਕ੍ਰਿਸ਼ਨ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪਰਮਜੀਤ ਸਿੰਘ ਪੇਂਟਰ ਨੇ ਇਕ ਪਲਾਟ ਲਿਆ ਹੋਇਆ ਸੀ ਜਿਸ ਦੀ ਨਿਸ਼ਾਨਦੇਹੀ ਹੋਣੀ ਬਾਕੀ ਸੀ ।  ਉਸ ਨੇ ਇਸ ਦੀ ਨਿਸ਼ਾਨਦੇਹੀ ਲਈ ਕਾਨੂੰਗੋ ਕੋਲ ਬੇਨਤੀ ਕੀਤੀ ਤਾਂ ਕਾਨੂੰਗੋ ਨੇ ਆਪਣੇ ਨਿਜੀ ਡਰਾਈਵਰ ਗੁਰਚਰਨ ਸਿੰਘ ਬੁੱਧ ਸਿੰਘ ਵਾਲਾ ਨੂੰ ਪਟਵਾਰੀ ਵਜੋਂ ਪੇਸ਼ ਕੀਤਾ ਤੇ ਆਖਿਆ ਕਿ ਪਟਵਾਰੀ ਨੂੰ ਮਿਲ ਲਓ ।  ਜਦੋਂ ਪਰਮਜੀਤ ਸਿੰਘ ,ਪਟਵਾਰੀ ਬਣੇ ਡਰਾਈਵਰ ਗੁਰਚਰਨ ਸਿੰਘ ਬੁੱਧ ਸਿੰਘ ਵਾਲਾ ਨੂੰ ਮਿਲਿਆ ਤਾਂ ਗੁਰਚਰਨ ਸਿੰਘ ਨੇ ਉਸਤੋਂ ਨਿਸ਼ਾਨਦੇਹੀ ਲਈ 10 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ।  ਦੋਨਾਂ ਦਰਮਿਆਨ ਸੌਦਾ ਪੰਜ ਹਜ਼ਾਰ ਰੁਪਏ ਵਿੱਚ ਤੈਅ ਹੋਇਆ ਅਤੇ ਗੁਰਚਰਨ ਸਿੰਘ ਬੁੱਧ ਸਿੰਘ ਵਾਲਾ ਨੇ ਪਰਮਜੀਤ ਸਿੰਘ ਤੋਂ 2500 ਰੁਪਏ ਰਿਸ਼ਵਤ ਪ੍ਰਾਪਤ ਕਰ ਲਏ ।  ਬਾਕੀ ਰਹਿੰਦੀ 2500  ਰੁਪਏ ਰਿਸ਼ਵਤ ਦੀ ਰਕਮ ਮੁਦੱਈ ਪਾਸੋਂ ਹਾਸਲ ਕਰਦੇ ਹੋਏ ਅੱਜ ਕਾਨੂੰਗੋ ਚਮਕੌਰ ਸਿੰਘ ਘੱਲ ਕਲਾਂ ਨੂੰ  ਸਰਕਾਰੀ ਗਵਾਹ ਦੀ ਹਾਜ਼ਰੀ ਵਿੱਚ ਰੰਗੇ ਹੱਥੀਂ ਗਿ੍ਰਫਤਾਰ ਕੀਤਾ ਗਿਆ । ਨਿਜੀ ਡਰਾਈਵਰ ਗੁਰਚਰਨ ਸਿੰਘ ਬੁੱਧ ਸਿੰਘ ਵਾਲਾ ਨੂੰ ਵੀ ਗਿ੍ਰਫਤਾਰ ਕੀਤਾ ਗਿਆ ।  ਡੀਐਸਪੀ ਨੇ ਨੇ  'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਦੱਸਿਆ ਕਿ ਕਾਨੂੰਗੋ ਚਮਕੌਰ ਸਿੰਘ ਘੱਲ ਕਲਾਂ ਅਤੇ ਉਸਦੇ ਨਿੱਜੀ ਡਰਾਈਵਰ ਗੁਰਚਰਨ ਸਿੰਘ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਾਹਰੋਂ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾਂ ਦੀ ਗੱਡੀ ਵੀ ਕਬਜ਼ੇ ਵਿਚ ਲੈ ਲਈ ਗਈ ਹੈ ।  ਮੁਕੱਦਮੇਂ ਦੀ ਅਗਲੇਰੀ ਤਫਤੀਸ਼ ਜਾਰੀ ਹੈ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ