ਐਨ. ਆਰ. ਆਈ. ਮੁਕੰਦ ਲੂੰਬਾ ਨੇ ਸਿਵਲ ਸਰਜਨ ਦਫਤਰ ਵਿੱਚ ਆਰ. ਓ. ਲਗਵਾਇਆ

ਮੋਗਾ,7 ਜੂਨ(ਜਸ਼ਨ): ਮੂਲ ਰੂਪ ਵਿੱਚ ਪਿੰਡ ਦੁਸਾਂਝ ਦੇ ਵਸਨੀਕ ਅਮਰੀਕਾ ਨਿਵਾਸੀ ਮੁਕੰਦ ਲੂੰਬਾ ਨੇ ਦਫਤਰੀ ਕਰਮਚਾਰੀਆਂ ਅਤੇ ਆਮ ਲੋਕਾਂ ਦੀ ਸ਼ੁੱਧ ਪਾਣੀ ਦੀ ਲੋੜ ਨੂੰ ਮਹਿਸੂਸ ਕਰਦਿਆਂ ਐਨ ਵੀ ਬੀ ਡੀ ਸੀ ਪੀ ਬ੍ਰਾਂਚ ਦਫਤਰ ਸਿਵਲ ਸਰਜਨ ਮੋਗਾ ਵਿਖੇ ਆਰ. ਓ. ਲਗਵਾਇਆ ਗਿਆ, ਜਿਸ ਦਾ ਉਦਘਾਟਨ ਮੁਕੰਦ ਲੂੰਬਾ ਜੀ ਦੇ ਭਤੀਜੇ ਅਤੇ ਸਮਾਜ ਸੇਵੀ ਮਹਿੰਦਰ ਪਾਲ ਲੂੰਬਾ ਨੇ ਕੀਤਾ। ਇਸ ਮੌਕੇ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਸਿਵਲ ਸਰਜਨ ਦਫਤਰ ਵਿੱਚ ਕੋਈ ਵੀ ਆਰ. ਓ. ਨਾ ਹੋਣ ਕਾਰਨ ਕਰਮਚਾਰੀਆਂ ਨੂੰ ਪੀਣਯੋਗ ਪਾਣੀ ਲੈਣ ਲਈ ਸਿਵਲ ਹਸਪਤਾਲ ਜਾਣਾ ਪੈਂਦਾ ਸੀ ਅਤੇ ਦਫਤਰ ਵਿੱਚ ਆਪਣਾ ਕੰਮ ਕਰਵਾਉਣ ਲਈ ਆਉਂਦੇ ਲੋਕਾਂ ਨੂੰ ਵੀ ਪਾਣੀ ਉਪਲਬਧ ਨਹੀਂ ਹੁੰਦਾ ਸੀ, ਇਸ ਲਈ ਮੈਂ ਇਹ ਸਮੱਸਿਆ ਆਪਣੇ ਚਾਚਾ ਜੀ ਨੂੰ ਦੱਸੀ ਤਾਂ ਉਨ੍ਹਾਂ ਤੁਰੰਤ 6500 ਰੁਪਏ ਦੀ ਲਾਗਤ ਨਾਲ ਇਹ ਆਰ ਓ ਲਗਵਾ ਕੇ ਦਿੱਤਾ ਹੈ। ਉਹਨਾਂ ਇਹ ਵੀ ਦੱਸਿਆ ਕਿ ਮੁਕੰਦ ਲੂੰਬਾ ਜੀ ਵੱਲੋਂ ਪਿਛਲੇ ਦੋ ਸਾਲ ਤੋਂ ਲੋੜਵੰਦ ਮਰੀਜ਼ਾਂ ਨੂੰ ਦਵਾਈ ਲੈ ਕੇ ਦੇਣ ਲਈ ਹਰ ਸਾਲ 25000 ਰੁਪਏ ਭੇਜੇ ਜਾ ਰਹੇ ਹਨ। ਮੈਨੂੰ ਜਦ ਵੀ ਕਿਸੇ ਵਾਰਡ ਵਿੱਚੋਂ ਮੱਦਦ ਲਈ ਫੋਨ ਆਉਂਦਾ ਹੈ ਤਾਂ ਮੈਂ ਉਸ ਮਰੀਜ ਲਈ ਦਵਾਈ ਦਾ ਪ੍ਰਬੰਧ ਕਰ ਦਿੰਦਾ ਹਾਂ। ਹੁਣ ਤੱਕ ਛੇ ਟੀ ਬੀ ਦੇ ਮਰੀਜ਼ਾਂ ਨੂੰ ਸਰਕਾਰੀ ਦਵਾਈ ਦੇ ਨਾਲ ਨਾਲ ਪ੍ਰੋਟੀਨ ਯੁਕਤ ਖੁਰਾਕ ਛੇ ਛੇ ਮਹੀਨੇ ਲਈ ਮੁਹੱਈਆ ਕਰਵਾਈ ਜਾ ਚੁੱਕੀ ਹੈ। ਉਹਨਾਂ ਵੱਲੋਂ ਸਖਤ ਨਿਰਦੇਸ਼ ਹੈ ਕਿ ਕਿਸੇ ਲੋੜਵੰਦ ਦੀ ਫੋਟੋ ਅਖਬਾਰ ਵਿੱਚ ਜਾਂ ਸ਼ੋਸ਼ਲ ਮੀਡੀਆ ਤੇ ਨਾ ਪਾਈ ਜਾਵੇ, ਇਸ ਕਾਰਨ ਚੁੱਪ ਚੁਪੀਤੇ ਇਹ ਸੇਵਾ ਜਾਰੀ ਹੈ। ਉਹਨਾਂ ਦੱਸਿਆ ਕਿ ਜਲਦ ਹੀ ਮੁਕੰਦ ਲੂੰਬਾ ਵੱਲੋਂ ਮਿੰਨੀ ਸਕੱਤਰੇਤ ਗੇਟ ਨੰਬਰ ਦੋ ਕੋਲ ਠੰਢੇ ਪਾਣੀ ਦੀ ਟੈਂਕੀ ਰਖਵਾਈ ਜਾ ਰਹੀ ਹੈ। ਇਸ ਮੌਕੇ ਕੋਵਿਡ19 ਦੇ ਜਿਲ੍ਹਾ ਨੋਡਲ ਅਫਸਰ ਡਾ ਨਰੇਸ਼ ਕੁਮਾਰ ਆਮਲਾ ਨੇ ਆਰ ਓ ਲੱਗਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸ਼੍ਰੀ ਮੁਕੰਦ ਲੂੰਬਾ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਨਾਲ ਕਰਮਚਾਰੀਆਂ ਅਤੇ ਆਮ ਲੋਕਾਂ ਨੂੰ ਵੱਡੀ ਸਹੂਲਤ ਮਿਲੀ ਹੈ। ਇਸ ਮੌਕੇ ਸਮਾਜ ਸੇਵੀ ਗੁਰਸੇਵਕ ਸਿੰਘ ਸੰਨਿਆਸੀ ਨੇ ਵੀ ਮੁਕੰਦ ਲੂੰਬਾ ਦੇ ਇਸ ਉਦਮ ਦੀ ਪ੍ਰਸੰਸ਼ਾ ਕਰਦਿਆਂ ਉਨ੍ਹਾਂ ਦਾ ਸਮੂਹ ਸਮਾਜ ਸੇਵੀ ਸੰਸਥਾਵਾਂ ਵੱਲੋਂ ਧੰਨਵਾਦ ਕੀਤਾ। ਇਸ ਮੌਕੇ ਉਕਤ ਤੋਂ ਇਲਾਵਾ ਰੂਰਲ ਐੱਨ ਜੀ ਓ ਮੋਗਾ ਦੇ ਜਿਲ੍ਹਾ ਪ੍ਰਧਾਨ ਦਵਿੰਦਰਜੀਤ ਸਿੰਘ ਗਿੱਲ, ਮੋਗਾ ਸ਼ਹਿਰੀ ਇਕਾਈ ਦੇ ਪ੍ਰਧਾਨ ਸੁਖਦੇਵ ਸਿੰਘ ਬਰਾੜ, ਭਵਨਦੀਪ ਸਿੰਘ ਪੁਰਬਾ, ਕੁਲਦੀਪ ਸਿੰਘ ਕੁੱਕੂ ਬਰਾੜ, ਹੈਲਥ ਸੁਪਰਵਾਈਜ਼ਰ ਪਰਮਜੀਤ ਸਿੰਘ, ਇੰਸੈਕਟ ਕੁਲੈਕਟਰ ਵਪਿੰਦਰ ਸਿੰਘ, ਹੈਲਥ ਵਰਕਰ ਕਰਮਜੀਤ ਸਿੰਘ ਅਤੇ ਗਗਨਦੀਪ ਸਿੰਘ ਹਾਜਰ ਸਨ।


