ਦੁਬਈ ਤੇ ਹੋਰਨਾਂ ਦੇਸ਼ਾਂ ਤੋਂ ਆਏ ਪੰਜਾਬੀਆਂ ਨਾਲ ਵੀ ਹੋਣ ਲੱਗੀ ਠੱਗੀ-ਵਿਧਾਇਕ ਸਿਮਰਜੀਤ ਸਿੰਘ ਬੈਂਸ,ਕਿਹਾ ,ਸਰਕਾਰ ਨਾਲ ਗੱਲ ਕਰਕੇ ਵਿਦੇਸ਼ ਤੋਂ ਪਰਤੇ ਪੰਜਾਬੀਆਂ ਲਈ ਰਹਿਣਾ ਖਾਣਾ ਕਰਵਾਵਾਂਗੇ ਫਰੀ
ਲੁਧਿਆਣਾ, 22 ਮਈ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਵਿਦੇਸ਼ਾਂ ਤੋਂ ਆਏ ਪੰਜਾਬੀ ਜਿਨ੍ਹਾਂ ਨੂੰ ਲੁਧਿਆਣਾ ਦੇ ਮੈਰੀਟੋਰੀਅਸ ਸਕੂਲ ਅਤੇ ਪੀਏਯੂ ਦੇ ਪਾਰਕਰ ਹਾਲ ਵਿੱਚ ਕਵਾਰਨਟੀਨ ਕੀਤਾ ਗਿਆ ਹੈ, ਤੋਂ ਕਿਰਾਏ ਦੇ ਰੂਪ ਵਿੱਚ ਪ੍ਰਤੀ ਵਿਅਕਤੀ 300 ਅਤੇ 500 ਰੁਪਏ ਵਸੂਲ ਰਹੀ ਹੈ, ਜਦੋਂ ਕਿ ਪੰਜਾਬ ਸਰਕਾਰ ਨੇ ਪਹਿਲਾਂ ਕਿਹਾ ਸੀ ਕਿ ਬਾਹਰਲੇ ਦੇਸ਼ਾਂ ਤੋਂ ਆਉਣ ਵਾਲੇ ਪੰਜਾਬੀਆਂ ਨੂੰ ਫਰੀ ਵਿੱਚ ਰੱਖਿਆ ਜਾਵੇਗਾ। ਉਨ੍ਹਾਂ ਕਵਾਰੰਟੀਨ ਕੀਤੇ ਗਏ ਪੰਜਾਬੀਆਂ ਨੂੰ ਵਿਸ਼ਵਾਸ਼ ਦੁਆਇਆ ਕਿ ਉਹ ਜਲਦੀ ਹੀ ਮੁੱਖ ਮੰਤਰੀ ਦੇ ਸਪੈਸ਼ਲ ਸੈਕਟਰੀ ਜਾਂ ਲੋਕਲ ਪੱਧਰ ਤੇ ਪ੍ਰਸਾਸਨਿਕ ਅਧਿਕਾਰੀਆਂ ਨਾਲ ਗੱਲ ਕਰਨਗੇ ਤਾਂ ਜੋ ਇਨ੍ਹਾਂ ਤੋਂ ਕੋਈ ਪੈਸਾ ਵਸੂਲ ਨਾ ਕੀਤਾ ਜਾਵੇ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਧਾਇਕ ਬੈਂਸ ਨੇ ਕਿਹਾ ਕਿ ਜਦੋਂ ਉਹ ਮੈਰੀਟੋਰੀਅਸ ਸਕੂਲ ਅਤੇ ਪੀਏਯੂ ਦੇ ਪਾਰਕਰ ਹਾਲ ਵਿੱਚ ਦਾਖਲ ਪੰਜਾਬੀਆਂ ਨੂੰ ਮਿਲਣ ਗਏ ਤਾਂ ਉਨ੍ਹਾਂ ਲੋਕਾਂ ਨੇ ਦੱਸਿਆ ਕਿ ਉਹਨ੍ਹਾਂ ਵਿੱਚ ਦੁਬਈ, ਬੈਂਕਾਂਕ, ਮਸਕਟ, ਥਾਈਲੈਂਡ ਅਤੇ ਹੋਰਨਾਂ ਦੇਸ਼ਾਂ ਤੋਂ ਆਏ ਲੋਕ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਤਾਂ ਉਨ੍ਹਾਂ ਦਾ ਲਾਕਡਾੳੂਨ ਦੌਰਾਨ ਕੰਮ ਬੰਦ ਹੋ ਗਿਆ ਅਤੇ ਜਿੱਥੇ ਉਹ ਕੰਮ ਕਰਦੇ ਸਨ ਉਨ੍ਹਾਂ ਮਾਲਕਾਂ ਨੇ ਉਨ੍ਹਾਂ ਦੀਆਂ ਤਿੰਨ ਤਿੰਨ ਮਹੀਨੇ ਦੀਆਂ ਤਨਖਾਹਾਂ ਵੀ ਨਹੀਂ ਦਿੱਤੀਆਂ ਅਤੇ ਅਖੀਰ ਉਹ ਕਿਸੇ ਤਰੀਕੇ ਨਾਲ ਪੈਸੇ ਜਮਾਂ ਕਰਕੇ ਆਪਣੇ ਵਤਨ ਪੰਜਾਬ ਆਏ ਹਨ ਪਰ ਇੱਥੇ ਵੀ ਉਹ ਸਰਕਾਰੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਠੱਗੀ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਲੋਕਾਂ ਨੇ ਦੋਸ਼ ਲਗਾਇਆ ਕਿ ਪਹਿਲਾਂ ਉਨ੍ਹਾਂ ਨੂੰ ਸ਼੍ਰੀ ਅਮਿ੍ਰਤਸਰ ਤੋਂ ਲਿਆਂਦਾ ਗਿਆ ਤਾਂ ਬੱਸਾਂ ਵਿੱਚ ਬਿਠਾ ਕੇ ਲੁਧਿਆਣਾ ਪੁੱਜਣ ਤੇ ਪੈਸਿਆਂ ਦੀ ਮੰਗ ਕੀਤੀ ਗਈ ਅਤੇ ਅਖੀਰ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਟਰਾਂਸਪੋਰਟ ਦੇ ਕਰਿੰਦਿਆਂ ਨੇ ਉਨ੍ਹਾਂ ਦੇ ਪਾਸਪੋਰਟ ਆਪਣੇ ਕੋਲ ਹੀ ਜਮਾ ਕਰਵਾ ਲਏ ਤਾਂ ਜੋ ਬਾਅਦ ਵਿੱਚ ਪੈਸੇ ਵਸੂਲ ਕੀਤੇ ਜਾ ਸਕਣ। ਵਿਧਾਇਕ ਬੈਂਸ ਨੇ ਦੱਸਿਆ ਕਿ ਦਾਖਲ ਲੋਕਾਂ ਨੇ ਦੋਸ਼ ਲਗਾਇਆ ਕਿ ਪਹਿਲਾਂ ਉਨ੍ਹਾਂ ਨੂੰ ਫਰੀ ਵਿੱਚ ਰੱਖਣ ਦੀ ਗੱਲ ਹੋਈ ਸੀ ਪਰ ਬਾਅਦ ਵਿੱਚ ਪ੍ਰਤੀ ਵਿਅਕਤੀ 500 ਰੁਪਏ ਦੇਣ ਦੀ ਗੱਲ ਕਹੀ ਜਾਣ ਲੱਗੀ ਜਦੋਂ ਕਿ ਅੱਜ ਨੋਟਿਸ ਬੋਰਡ ਤੇ ਨੋਟਿਸ ਚਿਪਕਾ ਦਿੱਤਾ ਗਿਆ ਹੈ ਕਿ ਪ੍ਰਤੀ ਵਿਅਕਤੀ ਇੱਕ ਕਮਰੇ ਦਾ 1000 ਰੁਪਏ ਪ੍ਰਤੀ ਵਿਅਕਤੀ ਲਿਆ ਜਾਵੇਗਾ ਅਤੇ ਜੇਕਰ ਦੋ ਵਿਅਕਤੀ ਇਕ ਕਮਰੇ ਵਿੱਚ ਰਹਿੰਦੇ ਹਨ ਤਾਂ ਦੋਨਾਂ ਦਾ ਇੱਕ ਹਜਾਰ ਰੁਪਏ ਹੋਵੇਗਾ। ਲੋਕਾਂ ਨੇ ਦੱਸਿਆ ਕਿ ਜੇਕਰ ਕਵਾਰੰਟੀਨ ਕੀਤੇ ਗਏ ਵਿਅਕਤੀ ਇੱਕ ਹੀ ਕਮਰੇ ਵਿੱਚ ਰਹਿਣਗੇ ਤਾਂ ਕਵਾਰੰਟੀਨ ਕਰਨ ਦਾ ਮਕਸਦ ਹੀ ਖਤਮ ਹੋ ਜਾਵੇਗਾ। ਲੋਕਾਂ ਨੇ ਸ਼ਿਕਾਇਕ ਕੀਤੀ ਕਿ ਪਹਿਲਾਂ ਉਨ੍ਹਾਂ ਨੂੰ ਪਾਣੀ ਮੁਹਈਆ ਕਰਵਾਇਆ ਜਾ ਰਿਹਾ ਸੀ, ਪਰ ਪਿਛਲੇ ਦੋ ਦਿਨਾਂ ਤੋਂ ਪੀਣ ਵਾਲਾ ਪਾਣੀ ਵੀ ਬੰਦ ਕਰ ਦਿੱਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਉਹ ਮੁੱਲ ਦਾ ਪਾਣੀ ਲੈ ਕੇ ਆਉਣ। ਇਸ ਦੌਰਾਨ ਲੋਕਾਂ ਨੇ ਦੋਸ਼ ਲਗਾਇਆ ਕਿ ਕੁਝ ਵਿਅਕਤੀਆਂ ਦੀਆਂ ਰਿਪੋਰਟਾਂ ਵੀ ਨੈਗੇਟਿਵ ਆ ਗਈਆਂ ਹਨ ਪਰ ਫਿਰ ਵੀ ਉਨ੍ਹਾਂ ਨੂੰ ਘਰ ਨਹੀਂ ਜਾਣ ਦਿੱਤਾ ਜਾ ਰਿਹਾ, ਕਿਉਂਕਿ ਪ੍ਰਸ਼ਾਸਨਿਕ ਅਧਿਕਾਰੀ ਜਾਂ ਹੋਰ ਕਰਮਚਾਰੀ ਉਨ੍ਹਾਂ ਦਾ ਸੋਸ਼ਣ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਹੀ ਰਿਸ਼ਤੇਦਾਰ ਬਾਹਰ ਗੇਟ ਤੱਕ ਜੋ ਵੀ ਸਮਾਨ ਦੇ ਕੇ ਜਾ ਰਹੇ ਹਨ ਉਨ੍ਹਾਂ ਵਿੱਚੋਂ ਬਹੁਤਾ ਸਮਾਨ ਅੰਦਰ ਜਾਣ ਤੱਕ ਗਾਇਬ ਕੀਤਾ ਜਾ ਰਿਹਾ ਹੈ। ਇਸ ਦੌਰਾਨ ਵਿਧਾਇਕ ਬੈਂਸ ਨੇ ਦੱਸਿਆ ਕਿ ਉਨ੍ਹਾਂ ਦਾਖਲ ਹੋਏ ਸਾਰੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਜਲਦੀ ਹੀ ਮੁੱਖਮੰਤਰੀ ਜਾਂ ਉਨ੍ਹਾਂ ਦੇ ਕਿਸੇ ਸੀਨੀਅਰ ਅਧਿਕਾਰੀ ਸਮੇਤ ਲੋਕਲ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਕਰਨਗੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ