80 ਹਜ਼ਾਰ ਦੀ ਰਿਸ਼ਵਤ ਲੈਂਦਾ ਜੇ ਈ ਰੰਗੇ ਹੱਥੀਂ ਕਾਬੂ, ਐਸ ਐਸ ਪੀ ਵਿਜਿਲੈਂਸ ਹਰਗੋਬਿੰਦ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਸਾਰੀ ਕਹਾਣੀ ਦਾ ਪਰਦਾਫ਼ਾਸ਼
ਮੋਗਾ,13 ਮਈ (ਨਵਦੀਪ ਮਹੇਸ਼ਰੀ/ਜਸ਼ਨ) : ******* ਵੀਡੀਓ ਦੇਖਣ ਲਈ ਹੇਠ ਦਿੱਤਾ ਲਿੰਕ ਕਲਿੱਕ ਕਰੋ ਜੀ - ਦੇਸ਼ ‘ਚ ਭਿ੍ਰਸ਼ਟਾਚਾਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਅਤੇ ਪੰਜਾਬ ਵਿਚ ਵੀ ਇਹ ਵਰਤਾਰਾ ਲਗਾਤਾਰ ਜਾਰੀ ਹੈ ਪਰ ਵਿਜਿਲੈਂਸ ਮੋਗਾ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਇੱਕ ਪੀ ਡਬਲਿਊ ਡੀ ਦੇ ਜੇ ਈ ਨੂੰ 80 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਮੌਕੇ ’ਤੇ ਗਿ੍ਰਫਤਾਰ ਕਰ ਲਿਆ। ਜਾਣਕਾਰੀ ਮੁਤਾਬਕ ਰਿਸ਼ਵਤ ਦੇ ਇਸ ਮਾਮਲੇ ਵਿਚ ਕੁੱਲ 4 ਲੱਖ 70 ਹਜ਼ਾਰ ਰੁਪਏ ‘ਚ ਸੌਦਾ ਤੈਅ ਹੋਇਆ ਸੀ ਜਿਸ ਵਿਚੋਂ ਜੇ ਈ 3 ਲੱਖ 50 ਹਜ਼ਾਰ ਰੁਪਏ ਪਹਿਲਾਂ ਹੀ ਰਿਸ਼ਵਤ ਵਜੋਂ ਹਾਸਲ ਕਰ ਚੁੱਕਿਆ ਸੀ ਅਤੇ ਬਾਕੀ ਰਕਮ ਵਿੱਚੋਂ 80 ਹਜ਼ਾਰ ਰੁਪਏ ਅੱਜ ਲੈਣ ਆਇਆ ਸੀ । ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਐਸ ਐਸ ਪੀ ਵਿਜਿਲੈਂਸ ਸ.ਹਰਗੋਬਿੰਦ ਸਿੰਘ ਨੇ ਦੱਸਿਆ ਕਿ ਹਨੀ ਬਾਂਸਲ ਅਤੇ ਅਮਰਜੀਤ ਸਿੰਘ ਬਤੌਰ ਜੇ ਈ ਨੈਸ਼ਨਲ ਹਾਈਵੇ ਸੈਂਟਰਲ ਬਾਕਸ , ਡਿਵੀਜ਼ਨ ਨੰਬਰ ਦੋ , ਬਠਿੰਡਾ ਵਿੱਚ ਤੈਨਾਤ ਹਨ । ਉਨ੍ਹਾਂ ਨੇ ਦੱਸਿਆ ਕਿ ਸ਼ਿਕਾਇਤਕਰਤਾ ਜਗਰੂਪ ਸਿੰਘ ਦਾ ਕੈਂਪਸ ਫੂਡ ਹੋਟਲ ਪਿੰਡ ਘੋਲੀਆ ਖੁਰਦ ਵਿਖੇ ਸਥਿਤ ਹੈ ਜੋ ਨੈਸ਼ਨਲ ਹਾਈਵੇ 254 ਦੀ ਸੜਕ ਨੂੰ ਐਕਵਾਇਰ ਕੀਤੇ ਜਾਣ ਵਾਲੀ ਜ਼ਮੀਨ ਵਿੱਚ ਆਉਂਦਾ ਸੀ । ਹੋਟਲ ਦੇ ਬਦਲੇ ਮਿਲਣ ਵਾਲੇ ਮੁਆਵਜ਼ੇ ਦੀ ਅਸੈਸਮੈਂਟ ਦੋਸ਼ੀ ਹਨੀ ਬਾਂਸਲ ਅਤੇ ਅਮਰਜੀਤ ਸਿੰਘ ਦੁਆਰਾ ਕੀਤੀ ਜਾਣੀ ਸੀ ,ਜਿਨ੍ਹਾਂ ਨੇ ਹੋਟਲ ਦੇ ਮਿਲਣ ਵਾਲੇ ਮੁਆਵਜ਼ੇ ਦੀ ਰਕਮ ਨੂੰ ਡਬਲ ਕਰਨ ਦੇ ਬਦਲੇ ਸ਼ਿਕਾਇਤਕਰਤਾ ਜਗਰੂਪ ਸਿੰਘ ਤੋਂ 10 % ਰਿਸ਼ਵਤ ਦੀ ਮੰਗ ਕੀਤੀ ਅਤੇ ਇਨ੍ਹਾਂ ਦਾ ਸੌਦਾ 4 ਲੱਖ 70 ਹਜ਼ਾਰ ਰੁਪਏ ਵਿੱਚ ਤੈਅ ਹੋਇਆ, ਅਤੇ ਇਸ ਰਕਮ ਵਿਚੋਂ ਦੋਸ਼ੀਆਂ ਦੁਆਰਾ 3 ਲੱਖ 50 ਹਜ਼ਾਰ ਰੁਪਏ ਰਿਸ਼ਵਤ ਪਹਿਲਾਂ ਹੀ ਹਾਸਲ ਕਰ ਲਈ ਗਈ ਸੀ ਅਤੇ ਬਾਕੀ ਰਹਿੰਦੇ 1,20,000 ਵਿੱਚੋਂ ਅੱਜ 80 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਜੇ ਈ ਹਨੀ ਬਾਂਸਲ ਨੂੰ ਗਿ੍ਰਫਤਾਰ ਕਰ ਲਿਆ । ਵਿਜਿਲੈਂਸ ਨੇ ਸਰਕਾਰੀ ਗਵਾਹ ਡਾ ਅਮਰਜੀਤ ਸਿੰਘ ਖੇਤੀ - ਬਾੜੀ ਅਫਸਰ ਅਤੇ ਬਲਾਕ ਖੇਤੀਬਾੜੀ ਅਫਸਰ ਪਰਮਵੀਰ ਸਿੰਘ ਨੂੰ ਬਤੌਰ ਸਰਕਾਰੀ ਗਵਾਹ ਬਣਾਉਂਦੇ ਹੋਏ ਇਸ ਜੇ ਈ ਨੂੰ ਰੰਗੇ ਹੱਥਾਂ ਕਾਬੂ ਕੀਤਾ ਜਦਕਿ ਦੂਜੇ ਆਰੋਪੀ ਜੇ ਈ ਅਮਰਜੀਤ ਸਿੰਘ ਦੀ ਤਲਾਸ਼ ਜਾਰੀ ਹੈ । ਐਸ ਐਸ ਪੀ ਨੇ ਦੱਸਿਆ ਕਿ ਇਸ ਵਿੱਚ ਵੱਡੇ ਅਧਿਕਾਰੀ ਵੀ ਸ਼ਾਮਿਲ ਹੋ ਸਕਦੇ ਹਨ ਜਿਸ ਬਾਰੇ ਕੀਤੀ ਜਾਣ ਵਾਲੀ ਪੁੱਛਗਿਛ ਦੇ ਬਾਅਦ ਪਤਾ ਲੱਗੇਗਾ । ਇਸ ਘਟਨਾਕ੍ਰਮ ਦੇ ਤਫਤੀਸ਼ੀ ਅਫਸਰ ਡੀ ਐੱਸ ਪੀ ਵਿਜੀਲੈਂਸ ਬਿਊਰੋ ਯੂਨਿਟ ਮੋਗਾ ਸ਼੍ਰੀ ਕੇਵਲ ਕਰਿਸ਼ਨ ਹਨ ਜਦਕਿ ਵਿਜੀਲੈਂਸ ਟੀਮ ਵਿਚ ਇੰਸਪੈਕਟਰ ਸਤਪ੍ਰੇਮ ਸਿੰਘ ,ਸਬ ਇੰਸਪੈਕਟਰ ਸੁਰਿੰਦਰਪਾਲ ਸਿੰਘ ,ਏ ਐੱਸ ਆਈ ਮੁਖਤਿਆਰ ਸਿੰਘ,ਏ ਐੱਸ ਆਈ (ਐੱਲ ਆਰ) ਗੁਰਮੀਤ ਸਿੰਘ , ਏ ਐੱਸ ਆਈ (ਐੱਲ ਆਰ)ਬਲਦੇਵ ਰਾਜ ,ਮੁੱਖ ਸਿਪਾਹੀ ਗੁਰਪ੍ਰੀਤ ਸਿੰਘ,ਸੀਨੀਅਰ ਸਿਪਾਹੀ ਬਲਤੇਜ ਸਿੰਘ ਅਤੇ ਸਿਪਾਹੀ ਮਨਦੀਪ ਸਿੰਘ ਸ਼ਾਮਲ ਸਨ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ