ਲਾਕਡਾਊਨ ਦੌਰਾਨ ਨਸ਼ਿਆਂ ਵਿਰੁੱਧ ਜੰਗ ਵਿੱਚ ਵੱਡੀ ਸਫ਼ਲਤਾ,86371 ਨਵੇਂ ਮਰੀਜ਼ ਓਟ ਕਲੀਨਿਕਾਂ ਵਿੱਚ ਇਲਾਜ ਲਈ ਰਜਿਸਟਰਡ ਹੋਏ : ਹਰਪ੍ਰੀਤ ਸਿੱਧੂ ,ਕਿਹਾ, ਸੀ.ਏ.ਡੀ.ਏ. ਰਣਨੀਤੀ ਲਾਗੂ ਕਰਨ ਨਾਲ ਹੋਇਆ ਸੁਧਾਰ

ਚੰਡੀਗੜ੍ਹ, 11 ਮਈ(ਜਸ਼ਨ):  ਤਾਲਾਬੰਦੀ/ਲਾਕਡਾਊਨ ਦੌਰਾਨ ਨਸ਼ਿਆਂ ਵਿਰੁੱਧ ਜੰਗ ਵਿੱਚ ਵੱਡੀ ਸਫ਼ਲਤਾ ਹਾਸਲ ਕਰਦਿਆਂ, ਸੂਬੇ ਭਰ ਵਿੱਚ ਨਿੱਜੀ ਕਲੀਨਿਕਾਂ ਸਮੇਤ ਕੁੱਲ 86371 ਨਵੇਂ ਮਰੀਜ਼ 198 ਆਊਟਪੇਸ਼ੈਂਟ ਓਪੀਓਡ ਅਸਿਸਟੇਡ ਟ੍ਰੀਟਮੈਂਟ (ਓਓਏਟੀ) ਕਲੀਨਿਕਾਂ ਵਿੱਚ ਇਲਾਜ ਲਈ ਰਜਿਸਟਰ ਕੀਤੇ ਗਏ। ਨਸ਼ਿਆਂ ਵਿਰੁੱਧ ਜੰਗ ਵਿਚ 6 ਮਈ, 2020 ਤੱਕ ਓਟ, ਨਸ਼ਾ ਛੁਡਾਉ ਕੇਂਦਰਾਂ ਅਤੇ ਨਿੱਜੀ ਕੇਂਦਰਾਂ ਵਿਚ 5,00,552 ਮਰੀਜ਼ਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਦੇ ਚੀਫ਼-ਕਮ-ਏਡੀਜੀਪੀ ਹਰਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਵਿਸ਼ਵ ਭਰ ਵਿੱਚ ਨਸ਼ਾ ਛੁਡਾਉਣ ਦੇ ਇਲਾਜ ਵਿੱਚ ‘ਓਟ‘ ਕਲੀਨਿਕ ਪ੍ਰੋਗਰਾਮ ਪੂਰੀ ਤਰ੍ਹਾਂ ਸਫ਼ਲ ਅਤੇ ਸਭ ਤੋਂ ਪ੍ਰਮੁੱਖ ਕੋਸ਼ਿਸ਼ ਸਾਬਤ ਹੋਈ ਹੈ। ਉਹਨਾਂ ਅੱਗੇ ਕਿਹਾ ਕਿ ਓਟ ਕਲੀਨਿਕਾਂ ਵਿੱਚ ਰਜਿਸਟ੍ਰੇਸ਼ਨ ਵਿੱਚ ਵਾਧਾ ਹੋਣ ਕਰਕੇ, ਮਰੀਜ਼ਾਂ ਨੂੰ ਘਰਾਂ ਵਿੱਚ ਹੀ ਦਵਾਈ ਲੈਣ ਦੀ ਮਿਆਦ 21 ਦਿਨਾਂ ਤੱਕ ਵਧਾ ਦਿੱਤੀ ਗਈ ਜਿਸ ਨਾਲ ਮਰੀਜ਼ਾਂ ਅਤੇ ਸਟਾਫ਼ ਨੂੰ ਵੱਡੀ ਰਾਹਤ ਮਿਲੀ । ਸ੍ਰੀ ਸਿੱਧੂ ਨੇ ਕਿਹਾ ਕਿ ਓਓਏਟੀ ਮਾਡਲ ਆਊਟਪੇਸ਼ੈਂਟ ਕਲੀਨਿਕ ਦਵਾਈ-ਸਲਾਹ-ਪੀਅਰ ਸਹਾਇਤਾ ਸੇਵਾਵਾਂ ਪ੍ਰਦਾਨ ਕਰਦਾ ਹੈ।
ਐਸਟੀਐਫ ਮੁੱਖੀ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਇਸ ਪ੍ਰੋਗਰਾਮ ਤਹਿਤ ਨਸ਼ਾ ਰੋਕੂ ਅਧਿਕਾਰੀ (ਡੈਪੋ) ਆਪਣੇ ਗੁਆਂਢੀ ਿਲਾਕਿਆਂ ਵਿੱਚ ਨਸ਼ਿਆਂ ਦੀ ਰੋਕਥਾਮ ਲਈ ਅਤੇ ਨਸ਼ਾ ਛੁਡਾਉ ਇਲਾਜ ਕੇਂਦਰਾਂ ਨਾਲ ਜੋੜਨ ਲਈ ਕਮਿਊਨਿਟੀ ਗਤੀਵਿਧੀਆਂ ਦੀ ਨਿਗਰਾਨੀ ਕਰਦੇ ਹਨ। ਉਨ੍ਹਾਂ ਕਿਹਾ ਕਿ ਤਕਰੀਬਨ 5.43 ਲੱਖ ਡੈਪੋਜ਼ ਪਹਿਲਾਂ ਹੀ ਰਜਿਸਟਰ ਹੋ ਚੁੱਕੇ ਹਨ, ਜਿਨ੍ਹਾਂ ਵਿਚੋਂ 88710 ਅਧਿਕਾਰੀ ਹਨ ਅਤੇ 4,54,332 ਨਾਗਰਿਕ ਹਨ।
ਸ੍ਰੀ ਸਿੱਧੂ ਨੇ ਕਿਹਾ ਕਿ ਐਸਟੀਐਫ ਨੇ ‘ਡਰੱਗ ਦੀ ਵਰਤੋਂ ਖ਼ਿਲਾਫ਼ ਵਿਆਪਕ ਕਾਰਵਾਈ‘ (ਸੀ.ਏ.ਡੀ.ਏ.) ਰਣਨੀਤੀ ਤਿਆਰ ਕੀਤੀ ਹੈ ਜੋ ਇਨਫੋਰਸਮੈਂਟ-ਡੀਅਡਿਕਸ਼ਨ-ਪ੍ਰੀਵੈਂਸ਼ਨ (ਈਡੀਪੀ) ਪਹੁੰਚ ‘ਤੇ ਅਧਾਰਤ ਹੈ। ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਸੂਬੇ ਵਿੱਚ ਨਸ਼ਾਖੋਰੀ ਨੂੰ ਕਾਬੂ ਕਰਨ ਲਈ 360 ਡਿਗਰੀ ਪਹੁੰਚ ਹੈ ਅਤੇ ਨਸ਼ਾਖੋਰੀ ਦੀ ਰੋਕਥਾਮ ਲਈ ਸਾਰੇ ਸਰਕਾਰੀ ਵਿਭਾਗਾਂ ਦੇ ਨਾਲ ਨਾਲ ਸਮਾਜ ਦੇ ਸਾਰੇ ਵਰਗਾਂ ਦੀ ਸਰਗਰਮ ਭਾਗੀਦਾਰੀ ਨੂੰ ਯਕੀਨੀ ਬਣਾਉਂਦੀ ਹੈ।
ਉਹਨਾਂ ਅੱਗੇ ਦੱਸਿਆ ਕਿ 14,90,516 ਵਿਅਕਤੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ ਹੈ। ਇਸ ਤੋਂ ਇਲਾਵਾ 2,05,619 ਨਸ਼ਾ ਪੀੜਤਾਂ ਨਾਲ ਸੰਪਰਕ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ 98,278 ਪੀੜਤਾਂ ਨੂੰ ਨਸ਼ਾ ਛੁਡਾਉ / ਓ.ਓ.ਏ.ਟੀ. ਸੈਂਟਰਾਂ ਵਿੱਚ ਭੇਜਿਆ ਜਾ ਚੁੱਕਾ ਹੈ।
ਐਸਟੀਐਫ ਦੇ ਮੁਖੀ ਨੇ ਅੱਗੇ ਦੱਸਿਆ ਕਿ ਫੋਰਸ ਵੱਲੋਂ ਸ਼ੁਰੂ  ਕੀਤੇ ‘ਬੱਡੀ ਪ੍ਰੋਗਰਾਮ‘ ਦਾ ਉਦੇਸ਼ ਸਕੂਲ ਦੇ ਬੱਚਿਆਂ, ਕਾਲਜ/ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣਾ ਹੈ। ਇਸ ਪਹਿਲਕਦਮੀ ਤਹਿਤ ਹੁਣ ਤੱਕ ਲਗਭਗ 15,976 ਵਿਦਿਅਕ ਸੰਸਥਾਵਾਂ ਨੂੰ ਕਵਰ ਕੀਤਾ ਜਾ ਚੁੱਕਾ ਹੈ ਜਿਸ ਵਿੱਚ 37,36,718 ਵਿਦਿਆਰਥੀਆਂ ਨੇ ਸਰਗਰਮ ਹਿੱਸਾ ਲਿਆ। ਇਸ ਤੋਂ ਇਲਾਵਾ 12,124 ਨੋਡਲ ਅਧਿਕਾਰੀਆਂ, 1,27,146 ਸੀਨੀਅਰ ਬੱਡੀਜ਼ ਅਤੇ 7,48,926 ਬੱਡੀ ਗਰੁੱਪ ਵੀ ਗਠਿਤ ਕੀਤੇ ਗਏ ਹਨ। ਇਸ ਤੋਂ ਇਲਾਵਾ, 37,24,090 ਵਿਦਿਆਰਥੀਆਂ ਨੇ ਬੱਡੀ ਗਰੁੱਪ ਬਣਾਏ ਅਤੇ ਹੁਣ ਤੱਕ 6,28,606 ਪ੍ਰੋਗਰਾਮ/ਗਤੀਵਿਧੀਆਂ ਕਰਵਾਈਆਂ ਗਈਆਂ ਹਨ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ