ਈਮਾਨਦਾਰੀ ਨਾਲ ਕੰਮ ਕਰਨ ਵਾਲੇ ਮੁਲਾਜਮਾਂ ਨੂੰ ਲੀਡਰ ਜਾਂ ਅਫਸਰ ਧਮਕੀਆਂ ਨਾ ਦੇਣ- ਨਸੀਬ ਬਾਵਾ ਜ਼ਿਲ੍ਹਾ ਪ੍ਰਧਾਨ ਆਪ ਮੋਗਾ

ਮੋਗਾ ,9 ਮਈ (ਜਸ਼ਨ): ਲੋਕਤੰਤਰ ਦਾ ਮਤਲਬ ਹੈ ਕਿ ਰਾਜ ਦਾ ਹਰ ਇੱਕ ਵਿਅਕਤੀ ਆਪਣਾ ਕੰਮ ਨੇਕ ਨੀਤੀ ਨਾਲ ਕਰੇ, ਜੇਕਰ ਨੇਕ ਨੀਤੀ ਨਾਲ ਕੰਮ ਕਰ ਰਹੇ ਵਿਅਕਤੀ ਨੂੰ ਕੋਈ ਲੀਡਰ ਜਾਂ ਉੱਚ ਅਫ਼ਸਰ ਐਵੇਂ ਆਪਣੀਆਂ ਅੱਖਾਂ ਦਿਖਾਉਂਦਾ ਹੈ ਜਾਂ ਫਾਲਤੂ ਧਮਕੀਆਂ ਦਿੰਦਾ ਹੈ ਤਾਂ ਉਸ ਈਮਾਨਦਾਰ ਵਿਅਕਤੀ ਨੂੰ ਅਧਿਕਾਰ ਹੈ ਕਿ ਈਮਾਨਦਾਰੀ ਨਾਲ ਕੰਮ ਕਰਨ ਵਾਲਾ ਵਿਅਕਤੀ ਉਸ ਨਾਦਰਸ਼ਾਹ ਲੀਡਰ ਜਾਂ ਨਾਦਰਸ਼ਾਹ ਉੱਚ ਅਫ਼ਸਰ ਨੂੰ ਕਾਨੂੰਨ ਦੇ ਘੇਰੇ ਵਿੱਚ ਲੈ ਸਕਦਾ ਹੈ। ਇਸ ਸਬੰਧੀ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਨਸੀਬ ਬਾਵਾ ਐਡਵੋਕੇਟ ਨੇ ਪ੍ਰੈੱਸ ਨੋਟ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਕੀਤੀ ਹੈ ਕਿ ਆਪਣੇ ਵਿਧਾਇਕਾਂ, ਮੰਤਰੀਆਂ, ਚੇਅਰਮੈਨਾਂ ਨੂੰ ਹਦਾਇਤ ਕਰਨ ਕਿ ਕਿਸੇ ਵੀ ਛੋਟੇ ਵੱਡੇ ਅਧਿਕਾਰੀ ਨੂੰ ਉਨ੍ਹਾਂ ਕਿਸੇ ਵੀ ਚੁਣੇ ਹੋਏ ਜਾਂ ਗੈਰ ਚੁਣੇ ਹੋਏ ਲੀਡਰ ਹਾਜਰੀ ਲਵਾਉਣ, ਸਤਿ ਸ਼੍ਰੀ ਅਕਾਲ ਆਦਿ ਵਰਗੀਆਂ ਰਵਾਇਤਾਂ ਬੰਦ ਕਰੇ ਅੰਗਰੇਜ਼ਾਂ ਵੇਲੇ ਦੀਆਂ ਰਵਾਇਤਾਂ ਨੂੰ 72 ਸਾਲ ਹੀ ਅਜਾਦੀ ਤੋਂ ਬਾਅਦ ਵੀ ਖਤਮ ਨਾ ਕਰਨਾਂ ਕਿਸੇ ਰਾਜ ਜਾਂ ਦੇਸ਼ ਦੇ ਮੁੱਖ ਲੀਡਰਾਂ ਦੀ ਕਮਜੋਰੀ ਹੈ। ਸ਼੍ਰੀ ਬਾਵਾ ਨੇ ਕਿਹਾ ਕਿ ਗੱਡੀਆਂ ਤੇ ਲਾਲ ਬੱਤੀ ਸਿਸਟਮ ਨੂੰ ਬੰਦ ਕਰਕੇ ਸਰਕਾਰਾਂ ਨੇ ਚੰਗਾ ਕੰਮ ਕੀਤਾ ਹੈ ਪ੍ਰੰਤੂ ਜੋ ਅੱਜ ਵੀ ਆਡੀਓ ਤੇ ਵੀਡੀਓ ਪ੍ਰਸਾਰ ਹੋ ਰਹੇ ਹਨ ਕਿ ਇੱਕ ਐਮ.ਐਲ.ਏ. ਜਾਂ ਮੰਤਰੀ ਨੇ ਕਿਸੇ ਰੁਟੀਨ ਦਾ ਕੰਮ ਕਰਕੇ ਵਿਅਕਤੀ ਨੂੰ ਫਾਲਤੂ ਧਮਕੀਆਂ ਦਿੱਤੀਆਂ ਹਨ। ਅੱਜ ਦੇ ਯੁੱਗ ਵਿੱਚ ਅਚੰਭਾ ਵੀ ਲਗਦਾ ਹੈ ਤੇ ਹੈਰਾਨੀ ਵੀ ਹੁੰਦੀ ਹੈ ਇੱਕ ਵਿਅਕਤੀ ਲੋਕਾਂ ਦੀਆਂ ਵੋਟਾਂ ਲੈ ਕੇ ਐਮ.ਐਲ.ਏ. ਜਾਂ ਮੰਤਰੀ ਤਾਂ ਬਣ ਜਾਂਦਾ ਹੈ ਪ੍ਰੰਤੂ ਉਹ ਵਿਅਕਤੀ ਇਨਸਾਨੀਅਤ ਤੋਂ ਨੀਚੇ ਆ ਜਾਂਦਾ ਹੈ ਕੁਰਸੀ ਦਾ ਨਸ਼ਾ ਉਸ ਦੇ ਦਿਮਾਗ ਦਾ ਸੰਤੁਲਨ ਖਰਾਬ ਕਰ ਦਿੰਦਾ ਹੈ। ਇਹ ਕੋਈ ਪਹਿਲੀ ਵਾਰ ਨਹੀਂ ਹੋਇਆ। ਸਗੋਂ ਸਾਡੇ ਲੀਡਰ ਇਹ ਘਟਨਾਵਾਂ ਨੂੰ ਦੁਹਰਾ ਰਹੇ ਹਨ। ਸ਼੍ਰੀ ਬਾਵਾ ਨੇ ਉਨ੍ਹਾਂ ਈਮਾਨਦਾਰ ਲੋਕਾਂ ਨੂੰ ਬੇਨਤੀ ਕੀਤੀ ਹੈ ਜੋ ਈਮਾਨਦਾਰੀ ਨਾਲ ਕੰਮ ਕਰ ਰਹੇ ਹਨ ਜੇਕਰ ਉਹ ਦਿਮਾਗੀ ਤਸਦਦ ਚੁੱਪ ਚੁਪੀਤੇ ਸਹਿ ਰਹੇ ਹਨ ਤਾਂ ਉਹ ਆਪਣੇ ਆਪ ਨਾਲ ਨਹੀਂ ਸਗੋਂ ਸਮਾਜ ਨਾਲ ਬੇਇਨਸਾਫੀ ਕਰ ਰਹੇ ਹਨ ਕਿਉਂਕਿ ਜੋ ਲੀਡਰ ਜਾਂ ਵੱਡਾ ਅਹੁਦੇਦਾਰ ਅੱਜ ਤੁਹਾਡੇ ਨਾਲ ਨਜਾਇਜ ਧੱਕਾ ਕਰ ਰਿਹਾ ਹੈ ਅਤੇ ਤੁਸੀਂ ਖੁਸ਼ੀ ਖੁਸ਼ੀ ਸਹਿ ਰਹੇ ਹੋ ਤਾਂ ਉਹ ਕੱਲ੍ਹ ਨੂੰ ਕਿਸੇ ਹੋਰ ਨਾਲ ਇਸ ਤੋਂ ਵੀ ਵੱਡਾ ਧੱਕਾ ਕਰੇਗਾ। ਜਿਸ ਲਈ ਉਸ ਲੀਡਰ ਦੇ ਨਾਲ ਨਾਲ ਤੁਸੀਂ ਵੀ ਉਤਨੇ ਹੀ ਕਸੂਰਵਾਰ ਹੋ। ਸ਼੍ਰੀ ਬਾਵਾ ਨੇ ਆਪਣੇੇ ਪ੍ਰੈੱਸ ਨੋਟ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਹ ਅਜਿਹੇ ਲੀਡਰਾਂ ਤੇ ਪਰਚੇ ਦਰਜ ਕਰਨ ਨਹੀਂ ਤਾਂ ਇਹ ਹੀ ਸਮਝਿਆ ਜਾਵੇਗਾ ਕਿ ਦਾਲ ਵਿੱਚ ਕਾਲਾ ਨਹੀਂ ਸਗੋਂ ਦਾਲ ਹੀ ਕਾਲੀ ਹੋ ਸਕਦੀ ਹੈ ਅਤੇ ਈਮਾਨਦਾਰ ਲੋਕ ਆਪਣਾ ਕੰਮ ਈਮਾਨਦਾਰੀ ਨਾਲ ਕਰਨ ਤੋਂ ਕੰਨੀ ਕਤਰਾਉਣਗੇ।


