ਲਾਲਾ ਲਾਜਪਤ ਰਾਏ ਕਾਲਜ 'ਚ ਬਣੇ ਇਕਾਂਤਵਾਸ ਕੇਂਦਰ 'ਚੋਂ 184 ਵਿਅਕਤੀਆਂ ਨੂੰ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਛੁੱਟੀ ਦੇ ਕੇ ਘਰਾਂ 'ਚ ਕੀਤਾ ਇਕਾਂਤਵਾਸ

ਮੋਗਾ, 08 ਮਈ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ)  ਸਿਹਤ ਮੰਤਰੀ ਪੰਜਾਬ ਬਲਵੀਰ ਸਿੰਘ ਸਿੱਧੂ ਤੇ ਸਿਵਲ ਸਰਜਨ ਮੋਗਾ ਡਾ ਅੰਦੇਸ਼ ਕੰਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਦੇ ਹੁਕਮਾਂ 'ਤੇ ਲਾਲਾ ਲਾਜਪਤ ਰਾਏ ਕਾਲਜ ਘੱਲ ਕਲਾਂ ਵਿਖੇ ਬਣਾਏ ਗਏ ਕੋਵਿਡ ਕੇਅਰ-ਕਮ-ਇਕਾਂਤਵਾਸ ਕੇਂਦਰ 'ਚ ਰੱਖੇ ਗਏ 184 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਉਹਨਾਂ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਪਰ ਉਹ 14 ਦਿਨਾਂ ਲਈ ਘਰ 'ਚ ਇਕਾਂਤਵਾਸ 'ਚ ਰਹਿਣਗੇ।ਸਿਹਤ ਵਿਭਾਗ ਦੇ ਬਲਾਕ ਡਰੋਲੀ ਭਾਈ ਦੇ ਮਾਸ ਮੀਡੀਆ ਵਿੰਗ ਦੇ ਇੰਚਾਰਜ਼ ਤੇ ਬੀਈਈ ਰਛਪਾਲ ਸਿੰਘ ਸੋਸਣ ਵੱਲੋਂ ਜਾਰੀ ਪ੍ਰੈੱਸ ਨੋਟ ਅਨੁਸਾਰ ਐਸ.ਐਮ.ਓ. ਡਰੋਲੀ ਭਾਈ ਬਲਾਕ ਡਾ ਇੰਦਰਵੀਰ ਸਿੰਘ ਗਿੱਲ ਤੇ ਐਸ.ਐਮ.ਓ. ਬੱਧਨੀ ਕਲਾਂ (ਬਲਾਕ ਢੁੱਡੀਕੇ) ਡਾ ਗਗਨਦੀਪ ਸਿੰਘ ਦੀ ਅਗਵਾਈ 'ਚ ਤੇ ਇਕਾਂਤਵਾਸ ਕੇਂਦਰ ਦੇ ਇੰਚਾਰਜ਼ ਕੁਲਵਿੰਦਰ ਸ਼ਰਮਾਂ ਤੇ ਐਸ ਐਚ ਓ ਥਾਣਾ ਸਦਰ ਮੋਗਾ ਕਰਮਜੀਤ ਸਿੰਘ ਦੀ ਦੇਖ-ਰੇਖ ਹੇਠ 76 ਵਿਅਕਤੀਆਂ ਨੂੰ ਕੱਲ੍ਹ ਦੇਰ ਸ਼ਾਮ ਘਰ ਭੇਜਿਆ ਗਿਆ ਜਦਕਿ 108 ਵਿਅਕਤੀਆਂ ਨੂੰ ਅੱਜ ਆਪੋ-ਆਪਣੇ ਘਰ ਭੇਜਿਆ ਜਾ ਰਿਹਾ ਹੈ।ਕਾਬਲੇਗੌਰ ਹੈ ਕਿ ਇਹ ਸਾਰੇ ਵਿਅਕਤੀ ਬਾਹਰਲੇ ਸੂਬਿਆਂ ਤੋਂ ਆਏ ਸਨ, ਜਿਨ੍ਹਾਂ 'ਚ ਬਹੁਗਿਣਤੀ ਕੰਬਾਈਨ ਡਰਾਈਵਰਾਂ/ਮਜਦੂਰਾਂ ਤੇ ਵਿਦਿਆਰਥੀਆਂ ਦੀ ਸੀ। ਪੰਜਾਬ ਸਰਕਾਰ ਵੱਲੋਂ ਸੂਬੇ ਤੋਂ ਬਾਹਰੋਂ ਆਏ ਹਰੇਕ ਵਿਅਕਤੀ ਨੂੰ ਅਲੱਗ ਰੱਖ ਕੇ ਉਹਨਾਂ ਦੇ ਕੋਵਿਡ-19ਦੇ ਟੈਸਟ ਕਰਨ ਦੇ ਹੁਕਮ ਕੀਤੇ ਗਏ ਸਨ।ਡਾ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਵਿਅਕਤੀਆਂ ਦੇ ਟੈਸਟ ਨੈਗੇਟਿਵ ਆਉਣ ਤੋਂ ਬਾਅਦ ਇਹਨਾਂ ਵਿਅਕਤੀਆਂ ਨੂੰ ਘਰਾਂ 'ਚ ਹੀ ਇਕਾਂਤਵਾਸ ਕਰਨ ਦੇ ਹੁਕਮ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਜਿਹੜੇ ਨਵੇਂ ਵਿਅਕਤੀ ਬਾਹਰਲੇ ਸੂਬਿਆਂ ਤੋਂ ਆ ਰਹੇ ਹਨ, ਉਹਨਾਂ ਲਈ ਜਿਲ੍ਹੇ ਦੇ ਵੱਖ-ਵੱਖ ਸਕੂਲਾਂ 'ਚ ਇਕਾਂਤਵਾਸ ਕੇਂਦਰ ਬਣਾਏ ਗਏ ਹਨ ਤੇ ਉਹਨਾਂ ਨੂੰ ਆਪਣੇ ਪਿੰਡ ਦੇ ਹੀ ਸਕੂਲ 'ਚ ਬਣੇ ਇਕਾਂਤਵਾਸ ਕੇਂਦਰ 'ਚ ਰੱਖਿਆ ਜਾਵੇਗਾ।