ਕਰੋਨਾ ਖਿਲਾਫ਼ ਰੋਗ ਰਹਿਤਤਾ ਵਧਾਉਣ ਵਾਲੀਆਂ ਦਵਾਈਆਂ ਰਾਮਬਾਣ ਸਿੱਧ ਹੋਣਗੀਆਂ: ਵਿਧਾਇਕ ਡਾ: ਹਰਜੋਤ ਕਮਲ
ਮੋਗਾ, 8 ਮਈ (ਜਸ਼ਨ): ਕੋਵਿਡ 19 ਦੇ ਖਾਤਮੇਂ ਲਈ ਆਯੁਰਵੈਦਿਕ ਇਲਾਜ ਪ੍ਰਣਾਲੀ ਅਤੇ ਹੋਮਿਓਪੈਥਿਕ ਦਵਾਈਆਂ ਰਾਹੀਂ ਕਰੋਨਾ ਪਾਜ਼ਿਟਿਵ ਆਏ ਮਰੀਜ਼ਾਂ,ਕੁਆਰਟਾਈਨ ਕੀਤੇ ਵਿਅਕਤੀਆਂ,ਫਰੰਟ ਲਾਈਨ ’ਤੇ ਕੰਮ ਕਰ ਰਹੇ ਸਿਹਤ ਵਿਭਾਗ ਦੇ ਕਰਮਚਾਰੀਆਂ ਅਤੇ ਦਿਨ ਰਾਤ ਡਿਊਟੀ ਦੇ ਰਹੇ ਪੁਲਿਸ ਅਧਿਕਾਰੀਆਂ ਦੀ ਇੰਮਿਊਨਟੀ ਵਧਾਉਣ ਲਈ ਸਰਕਾਰ ਵੱਲੋਂ ਸਿਹਤ ਵਿਭਾਗ ਨੂੰ ਆਯੁਰਵੈਦਿਕ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ ਹਨ। ਭਾਰਤ ਦੀ ਮਨਿਸਟਰੀ ਆਫ਼ ਆਯੂਸ਼ ਵੱਲੋਂ ਜਾਰੀ ਐਡਵਾਈਜ਼ਰੀ ਮੁਤਾਬਕ ਅੱਜ ਇਹ ਆਯੁਰਵੈਦਿਕ ਦਵਾਈਆਂ ਜ਼ਿਲ੍ਹਾ ਆਯੁਰਵੈਦਿਕ ਅਫਸਰ ਮੋਗਾ ਡਾ: ਊਸ਼ਾ ਗਰਗ, ਏ ਐੱਮ ਓ ਡਾ: ਨਵਦੀਪ ਬਰਾੜ ,ਏ ਐੱਮ ਓ ਡਾ: ਭੁਪਿੰਦਰ ਸਿੰਘ ਨੇ ਵਿਧਾਇਕ ਡਾ: ਹਰਜੋਤ ਕਮਲ ਨੂੰ ਸੌਂਪੀਆਂ ਤਾਂ ਕਿ ਉਹ ਖੁਦ ਵੀ ਇਹਨਾਂ ਦਵਾਈਆਂ ਦਾ ਸੇਵਨ ਕਰਨ ਅਤੇ ਆਪਣੇ ਅਮਲੇ ਨੂੰ ਵੀ ਇਹ ਦਵਾਈਆਂ ਦੇਣ ਕਿਉਂਕਿ ਵਿਧਾਇਕ ਡਾ: ਹਰਜੋਤ ਕਮਲ ਕੋਵਿਡ ਖਿਲਾਫ਼ ਜੰਗ ਦੌਰਾਨ ਪੂਰੀ ਸਰਗਰਮੀ ਨਾਲ ਕਰੋਨਾ ਵਾਰੀਅਰਜ਼ ਦਾ ਹੌਂਸਲਾ ਵਧਾਉਣ ਅਤੇ ਫੀਲਡ ਵਿਚ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਆਮ ਪਬਲਿਕ ਵਿਚ ਵਿਚਰ ਰਹੇ ਹਨ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਿਸ਼ਚੈ ਹੀ ਆਯੁਰਵੈਦਿਕ ਅਤੇ ਹੋਮਿਓਪੈਥੀ ਪ੍ਰਣਾਲੀ ਭਾਰਤ ਵਿਚ ਸਦੀਆਂ ਤੋਂ ਹੋਂਦ ਵਿਚ ਆਉਣ ਉਪਰੰਤ ਲੋਕਾਂ ਲਈ ਸਟੀਕ ਪ੍ਰਣਾਲੀ ਵਜੋਂ ਪ੍ਰਚਲਿਤ ਹੈ ਅਤੇ ਹੁਣ ਜਦੋਂ ਕਰੋਨਾ ਮਨੁੱਖਤਾ ਦੀ ਹੋਂਦ ਨੂੰ ਖਤਮ ਕਰਨ ਲਈ ਸਰਗਰਮ ਹੈ ਤਾਂ ਸਰਕਾਰ ਵੱਲੋਂ ਅਜਿਹੀਆਂ ਦਵਾਈਆਂ ਲੋਕਾਂ ਲਈ ਮੁਹੱਈਆ ਕਰਵਾਉਣਾ ਸਮੇਂ ਸਿਰ ਚੁੱਕਿਆ ਕਦਮ ਹੈ ਕਿਉਂਕਿ ਇਹਨਾਂ ਦਵਾਈਆਂ ਦੇ ਸੇਵਨ ਨਾਲ ਸਰੀਰ ਵਿਚ ਰੋਗਾਂ ਖਿਲਾਫ਼ ਲੜਨ ਦੀ ਸ਼ਕਤੀ ,ਰੋਗ ਰਹਿਤਤਾ ਵੱਧਦੀ ਹੈ । ਵਿਧਾਇਕ ਨੇ ਆਖਿਆ ਕਿ ਕਰੋਨਾ ਪਾਜ਼ਿਟਿਵ ਆਏ ਵਿਅਕਤੀਆਂ ਨੂੰ ਵੀ ਇਹ ਦਵਾਈਆਂ ਖਵਾਈਆਂ ਜਾ ਰਹੀਆਂ ਹਨ ਤਾਂ ਕਿ ਕਰੋਨਾ ਖਿਲਾਫ਼ ਉਹਨਾਂ ਦਾ ਸਰੀਰ ਬਿਹਤਰ ਤਰੀਕੇ ਨਾਲ ਸਿਹਤਮੰਦ ਹੋਣ ਵਿਚ ਸਫਲਤਾ ਹਾਸਲ ਕਰ ਸਕੇ। ਉਹਨਾਂ ਆਖਿਆ ਕਿ ਜਦੋਂ ਅੱਜ ਦੀ ਤਾਰੀਖ ਤੱਕ ਕਰੋਨਾ ਖਿਲਾਫ਼ ਕੋਈ ਪ੍ਰਭਾਵਸ਼ਾਲੀ ਦਵਾਈ ਹੋਂਦ ਵਿਚ ਨਹੀਂ ਆਈ ਹੈ ਤਾਂ ਅਜਿਹੇ ਸਮੇਂ ਰੋਗ ਰਹਿਤਤਾ ਵਧਾਉਣ ਵਾਲੀਆਂ ਇਹ ਆਯੁਵੈਦਿਕ ਅਤੇ ਹੋਮਿਓਪੈਥਿਕ ਦਵਾਈਆਂ ਰਾਮਬਾਣ ਸਿੱਧ ਹੋਣਗੀਆਂ । ਇਸ ਮੌਕੇ ਡਾ: ਨਵਦੀਪ ਬਰਾੜ ਨੇ ਆਖਿਆ ਕਿ ਸੋਮਵਾਰ ਤੋਂ ਇਹ ਦਵਾਈਆਂ ਕੋਆਰਟੀਨ ਕੀਤੇ ਕਰੋਨਾ ਪਾਜ਼ਿਟਿਵ ਮਰੀਜ਼ਾਂ ਅਤੇ ਉਹਨਾਂ ਦੀ ਕੇਅਰ ਕਰਨ ਵਾਲੇ ਸਿਹਤ ਅਮਲੇ ਨੂੰ ਦੇਣੀਆਂ ਸ਼ੁਰੂ ਕੀਤੀਆਂ ਜਾਣਗੀਆਂ । ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ