ਕਰੋਨਾ ਖਿਲਾਫ਼ ਜੰਗ ਦੌਰਾਨ ਸਿਆਸੀ ਜ਼ਮੀਨ ਤਲਾਸ਼ਣ ਵਾਲੇ ਸਿਆਸੀ ਵਿਰੋਧੀਆਂ ਨੂੰ ਐੱਮ ਐਲ ਏ ਡਾ: ਹਰਜੋਤ ਕਮਲ ਨੇ ਕੀਤੀ ਭਾਵੁਕ ਅਪੀਲ

ਮੋਗਾ,6 ਮਈ (ਜਸ਼ਨ): ਪੰਜਾਬ ਸਰਕਾਰ ਅਤੇ ਮੋਗਾ ਪ੍ਰਸਾਸ਼ਨ ਦੇ ਨਾਲ ਨਾਲ ਲੋਕਾਂ ਦੀ ਸਿਹਤ ਲਈ ਜਦੋਜਹਿਦ ਕਰ ਰਹੇ ਵਿਧਾਇਕ ਡਾ: ਹਰਜੋਤ ਕਮਲ ਦੇ ਸਿਆਸੀ ਵਿਰੋਧੀਆਂ ਵੱਲੋਂ ਅਖਬਾਰੀ ਬਿਆਨ ਜਾਰੀ ਕਰਨ ਅਤੇ ਸੋਸ਼ਲ ਮੀਡੀਆ ’ਤੇ ਪੋਸਟਾਂ ਪਾਉਣ ’ਤੇ ਪਲਟਵਾਰ ਕਰਦਿਆਂ ਅੱਜ ਡਾ: ਹਰਜੋਤ ਨੇ ਭਾਵੁਕ ਅਪੀਲ ਕਰਦਿਆਂ ਆਖਿਆ ਕਿ ਜਦੋਂ ਕੁੱਲ ਦੁਨੀਆਂ ਲੌਕਡਾੳੂਨ ਦੌਰਾਨ ਆਪਣੇ ਘਰਾਂ ਚ ਸੁਰੱਖਿਅਤ ਰਹਿ ਰਹੀ ਹੈ ਉਸ ਸਮੇਂ ਸਾਡੇ ਡਾਕਟਰ ਤੇ ਪੈਰਾ ਮੈਡੀਕਲ ਸਟਾਫ, ਪ੍ਰਸਾਸਨਿਕ ਅਧਿਕਾਰੀ, ਪੁਲਿਸ ਮੁਲਾਜਿਮ, ਪੱਤਰਕਾਰ ਸਾਹਿਬਾਨ ਤੇ ਸਮਾਜ ਸੇਵਾ ਭਾਵਨਾ ਵਾਲੇ ਸਾਥੀ ਇਸ ਕਰੋਨਾ ਦੇ ਕਹਿਰ ਅਤੇ ਮਹਾਂਮਾਰੀ ‘ਚ ਵੀ ਆਪਣੇ ਫਰਜ਼ਾਂ ਦੀ ਪੂਰਤੀ ਬਾਖੂਬੀ ਕਰ ਰਹੇ ਨੇ। ਪੰਜਾਬ ਸਰਕਾਰ ਆਪਣੇ ਵੱਲੋਂ ਪੂਰੀ ਕੋਸ਼ਿਸ ਕਰ ਰਹੀ ਹੈ ਕਿ ਲੌਕਡਾੳੂਨ ਦੌਰਾਨ ਸੂਬੇ ਦੇ ਕਿਸੇ ਵੀ ਬਸ਼ਿੰਦੇ ਨੂੰ ਕੋਈ ਮੁਸ਼ਕਿਲ ਨਾ ਆਵੇ ਪਰ ਬੜਾ ਦੁੱਖ ਹੁੰਦਾ ਹੈ ਜਦੋਂ ਫਰੰਟ ਲਾਈਨ ’ਤੇ ਲੜਾਈ ਲੜਨ ਵਾਲੇ ਯੋਧੇ ਆਪਣੀਆਂ ਜਿੰਦਗੀਆਂ ਨੂੰ ਜ਼ੋਖਮ ‘ਚ ਪਾ ਕੇ ਆਪਣੇ ਲੋਕਾਂ ਨੂੰ ਸਿਹਤਮੰਦ ਤੇ ਸੁਰੱਖਿਅਤ ਰੱਖਣ ਲਈ ਦਿਨ ਰਾਤ ਸੰਘਰਸ ਕਰ ਰਹੇ ਪਰ ਉਨ੍ਹਾਂ ਦੀ ਸੇਵਾ ਨੂੰ ਅੱਖੋਂ ਪਰੋਖੇ ਕਰਕੇ ਹਾਲੇ ਵੀ ਕੁਝ ਸਿਆਸੀ ਬਿਰਤੀ ਦੇ ਲੋਕ ਕਮੀਆਂ ਲੱਭ ਲੱਭ ਕੇ ਸੋਸ਼ਲ ਮੀਡੀਆ ਤੇ ਸਿਆਸੀ ਰੋਟੀਆਂ ਸੇਕ ਰਹੇ ਨੇ। ਹਾਲਾਂਕਿ ਮੁੱਖਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਅਸੀਂ ਸਾਰੇ ਚਾਹੁੰਦੇ ਸੀ ਕਿ ਸੁਰੱਖਿਅਤ ਢੰਗ ਨਾਲ ਆਪਣੇ ਲੋਕਾਂ ਨੂੰ ਹਜੂਰ ਸਾਹਿਬ ਤੋਂ ਪੰਜਾਬ ਲਿਆਂਦਾ ਜਾਵੇ ਪਰ ਇਹ ਲੋਕ ਸਰਕਾਰ ਤੇ ਦਬਾਅ ਬਣਾਉਂਦੇ ਰਹੇ ਕਿ ਹਜ਼ੂਰ ਸਾਹਿਬ ਤੋਂ ਸਰਧਾਲੂਆਂ ਨੂੰ ਜਲਦੀ ਵਾਪਿਸ ਲਿਆਓ। ਅਸੀ ਸਮਝਦੇ ਸੀ ਕਿ ਉਥੇ ਇਨੀ ਦੇਰ ਗੁਰਦੁਆਰੇ ਰੁਕੇ ਲੋਕ ਕਰੋਨਾ ਮੁਕਤ ਹੀ ਹੋਣਗੇ ਤੇ ਸਿੱਧੇ ਘਰਾਂ ਚ ਭੇਜ ਦਿੱਤੇ, ਪਰ ਪੰਜਾਬ ਆਉਣ ਬਾਅਦ ਇਨ੍ਹਾਂ ਚੋਂ ਇੱਕੋ ਦਮ ਪੋਸੇਟੇਵ ਆਏ ਕੇਸਾਂ ਕਰਕੇ ਕਾਹਲੀ ਚ ਇਨ੍ਹਾਂ ਸਾਰਿਆਂ ਨੂੰ ਕੁਆਰਟਾਈਨ ਸੈਂਟਰ ਬਣਾ ਕੇ ਉਥੇ ਰੱਖਣਾ ਪਿਆ। ਹਾਲਾਂਕਿ ਇਹ ਕੁਰਾਂਟਾਈਨ ਸੈਂਟਰ ਬਣਾਉਣ ਦੀ ਤਿਆਰੀ ਚੱਲ ਰਹੀ ਸੀ ਪਰ ਅਜੇ 10-15 ਮਈ ਤੋਂ ਬਾਅਦ ਲੋੜ ਪੈਣ ਦੀ ਸੰਭਾਵਨਾ ਲਗਦੀ ਸੀ। ਇਕ ਗੱਲ ਜ਼ਿਕਰਯੋਗ ਹੈ ਕਿ ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਹਜੂਰ ਸਾਹਿਬ ਤੋਂ ਸਰਧਾਲੂਆਂ ਨੂੰ ਪੰਜਾਬ ਲਿਜਾਇਆ ਜਾਣਾ ਤਾਂ ਗੁਰਦੁਆਰਾ ਸਾਹਿਬ ਚ ਰੁਕੇ ਸਰਧਾਲੂਆਂ ਤੋਂ ਬਿਨਾ ਉਥੋਂ ਆਲੇ ਦੁਆਲੇ ਦੇ ਹੋਰ ਮਜ਼ਦੂਰ ਤਬਕੇ ਦੇ ਲੋਕ ਵੀ ਉਨ੍ਹਾਂ ਵਿੱਚ ਆ ਰਲੇ ਤੇ ਸੰਗਤ ਰੂਪ ਵਿਚ ਪੰਜਾਬ ਆਉਣ ਵਿਚ ਸਫ਼ਲ ਹੋ ਗਏ। ਕਰੋਨਾ ਫੈਲਾਉਣ ਵਾਲਿਆਂ ਚ ਸੰਭਾਵਨਾ ਵੀ ਉਨ੍ਹਾਂ ਦੀ ਜਿਆਦਾ ਲਗਦੀ ਹੈ ਕਿਉਂਕਿ ਉਹ ਮਿਹਨਤ ਮੁਸ਼ੱਕਤ ਕਰਦਿਆਂ ਮਹਾਂਰਾਸ਼ਟਰ ਦੇ ਸਥਾਈ ਵਾਸੀਆਂ ਨਾਲ ਸੰਪਰਕ ਵਿਚ ਰਹੇ ਸਨ। ਪਰ ਸਮਾਂ ਹੁਣ ਨੁਕਸ ਕੱਢਣ ਦਾ ਨਹੀਂ ਤੇ ਨਾ ਹੀ ਕਾਰਨ ਲੱਭਣ ਦਾ, ਬਲਕਿ ਇਲਾਜ ਕਰਨ ਦਾ ਹੈ। ਸਾਡੀ ਸਭ ਦੀ ਪਹਿਲੀ ਕੋਸ਼ਿਸ਼ ਤੇ ਜਦੋਜਹਿਦ ਆਪਣੇ ਲੋਕਾਂ ਨੂੰ ਕਰੋਨਾ ਤੋਂ ਮੁਕਤ ਕਰਕੇ ਘਰੀਂ ਪਹੁੰਚਾਉਣ ਦੀ ਹੈ। ਓਹ ਲੋਕ ਇਸ ਸੰਕਟ ਦੀ ਘੜੀ ਬਾਜ ਆਉਣ ਜੋ ਆਪ ਕਰੋਨਾ ਤੋਂ ਡਰਦੇ ਹੋਏ ਆਪਣਿਆਂ ਲੋਕਾਂ ਨੂੰ ਇਸ ਜਿੰਦਗੀ ਮੌਤ ਦੀ ਲੜਾਈ ਇਕੱਲਿਆਂ ਲੜਨ ਲਈ ਛੱਡ ਕੇ ਤੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਕੇ ਏ ਸੀ ਕੋਠੀਆਂ ਤੇ ਕਮਰਿਆਂ ਚ ਬਹਿ ਕੇ ਕੰਮ ਕਰਨ ਵਾਲਿਆਂ ਉਤੇ ਸਿਆਸੀ ਉਂਗਲਾਂ ਚੁੱਕ ਰਹੇ ਹਨ। ਉਹ ਕਦੀ ਪ੍ਰਬੰਧਾਂ ਦੀ ਘਾਟ, ਕਦੀ ਰਾਸ਼ਨ ਦੀ ਵੰਡ ਗਲਤ, ਕਦੀ ਲੰਗਰ ਤੇ ਚਾਹ ਸਮੇਂ ਤੇ ਨਹੀਂ ਮਿਲ ਰਹੀ, ਕਦੀ ਹਸਪਤਾਲ ਚ ਕਮੀ, ਕਦੀ ਟੈਸਟਾਂ ਦੀ ਰਿਪੋਰਟ ਤੇ ਸੁਆਲ ਤੇ ਕਦੀ ਸੈਂਟਰਾਂ ਚ ਪ੍ਰਬੰਧ ਸਬੰਧੀ ਨੁਕਸ ਕੱਢ ਰਹੇ ਨੇ । ਨੁਕਸ ਕੱਢਣੇ ਬਹੁਤ ਆਸਾਨ ਹੁੰਦੇ ਨੇ ਜਦਕਿ ਦਿਨ ਰਾਤ ਮਿਹਨਤ ਤੇ ਮੁਸਤੈਦੀ ਨਾਲ ਸੇਵਾ ਸਮਝ ਕੇ ਡਿਊਟੀ ਕਰਨੀ ਬਹੁਤ ਔਖੀ ਹੁੰਦੀ ਹੈ। ਉਹਨਾਂ ਮੀਡੀਆ ਰਾਹੀਂ ਵਿਰੋਧ ਕਰਨ ਵਾਲਿਆਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਆਓ ਫਿਰ ਕੁਛ ਕਰਕੇ ਵੀ ਦਿਖਾਓ ਜਾਂ ਦੱਸੋ ਤੁਹਾਡਾ ਕੀ ਯੋਗਦਾਨ ਹੈ ਇਸ ਔਖੇ ਸਮੇਂ ਚ ਆਪਣੇ ਲੋਕਾਂ ਲਈ? ਉਹਨਾਂ ਕਿਹਾ ਕਿ ਮੋਗੇ ਦੇ ਲੋਕ ਕਮਲੇ ਨਹੀਂ ਜਿਵੇਂ ਤੁਸੀਂ ਸਮਝਦੇ ਹੋ। ਇਨ੍ਹਾਂ ਨੂੰ ਵੀ ਸਭ ਪਤਾ ਕਿ ਇਨ੍ਹਾਂ ਨੇ ਕੀ ਕਰਨਾ ਤੇ ਇਨ੍ਹਾਂ ਲਈ ਕੌਣ ਕੀ ਕਰ ਰਿਹੈ। ਡਾ: ਹਰਜੋਤ ਨੇ  'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਅਖਬਾਰੀ ਸ਼ੇਰਾਂ ਨੂੰ ਦੋਨੋਂ ਹੱਥ ਜੋੜ ਕੇ ਇੰਨ੍ਹੀ ਹੀ ਬੇਨਤੀ ਕਰਦੇ ਹਨ ਕਿ ਸਿਆਸਤ ਕਰਨ ਦਾ ਜਦੋਂ ਮੌਕਾ ਆਇਆ, ਉਦੋਂ ਕਰ ਲਿਓ ਖੁੱਲ੍ਹ ਕੇ, ਰੱਬ ਦਾ ਵਾਸਤਾ ਹੁਣ ਅਜੇ ਕੰਮ ਕਰਨ ਵਾਲਿਆਂ ਨੂੰ ਕੰਮ ਕਰਨ ਦਿਓ ਅਤੇ ਲੋਕਾਂ ਨੂੰ ਇਸ ਕਰੋਨਾ ਮਹਾਂਮਾਰੀ ਤੋਂ ਜਿੱਤ ਕੇ ਨਿਕਲਣ ਦਿਓ। ਜੇ ਜ਼ਿੰਦਾ ਬਚੇ ਤਾਂ ਤੁਸੀਂ ਚਮਕਾ ਲਿਓ ਫੇਰ ਆਪਣੀ ਰਾਜਨੀਤੀ ਤੇ ਕੱਢ ਲਿਓ ਸਾਡੇ ਸਾਰਿਆਂ ਚ ਨੁਕਸ ਤੇ ਕੱਢ ਲਿਓ ਆਪਣੀ ਭੜਾਸ। ਡਾ: ਹਰਜੋਤ ਨੇ ਕਿਹਾ ਕਿ ਮੈਂ ਆਪਣੇ ਲੋਕਾਂ ਦੇ ਨਾਲ ਖੜ੍ਹਾ ਹਾਂ, ਇਨ੍ਹਾਂ ਦਾ ਚੰਗਾ ਮਾੜਾ ਜਿਹੋ ਜਿਹਾ ਮੈਂ ਆਪਣੇ ਵਲੋਂ ਵਧੀਆ ਤੋਂ ਵਧੀਆ ਕਰ ਸਕਦਾ ਕਰ ਰਿਹਾ ਹਾਂ ਤੇ ਕਰਾਂਗਾ ਵੀ, ਚਾਹੇ ਮੈਨੂੰ ਕਰੋਨਾ ਖਿਲਾਫ਼ ਇਹ ਲੜਾਈ ਲੜਦਿਆਂ ਮੌਤ ਵੀ ਆ ਜਾਏ ਤਾਂ ਰੰਜ ਨਹੀਂ ਹੋਵੇਗਾ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ