ਮੋਗਾ ‘ਚ 1 ਹੋਰ ਕਰੋਨਾ ਪਾਜ਼ਿਟਿਵ ਪਾਏ ਜਾਣ ‘ਤੇ ਕਰੋਨਾ ਮਰੀਜ਼ਾਂ ਦੀ ਗਿਣਤੀ ਹੋਈ 38,ਦਰਸ਼ਨ ਸਿੰਘ ਘਲੋਟੀ ਦੇ 6 ਪਰਿਵਾਰਕ ਮੈਂਬਰਾਂ ਦੇ ਨਾਲ ਨਾਲ ਪਤਨੀ ਵੀ ਹੋਈ ਕਰੋਨਾ ਪਾਜ਼ਿਟਿਵ

Tags: 

ਮੋਗਾ ,5 ਮਈ (ਜਸ਼ਨ) : ਮੋਗਾ ਵਿਚ ਅੱਜ 10 ਹੋਰ ਵਿਅਕਤੀਆਂ ਦੇ ਕਰੋਨਾ ਪਾਜ਼ਿਟਿਵ ਪਾਏ ਜਾਣ ਨਾਲ ਮੋਗਾ ਵਿਚ ਕਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 38 ਹੋ ਗਈ ਹੈ ਜਿਹਨਾਂ ਵਿਚੋਂ 37 ਮਰੀਜ਼ ਮੋਗਾ ਦੇ ਆਈਸੋਲੇਸ਼ਨ ਕੇਂਦਰ ਵਿਚ ਇਲਾਜ ਅਧੀਨ ਹਨ ਜਦਕਿ 1 ਵਿਅਕਤੀ ਲੁਧਿਆਣਾ ਵਿਖੇ ਜ਼ੇਰੇ ਇਲਾਜ ਹੈ । ਦੁਪਹਿਰ ਸਮੇਂ ਮੋਗਾ ਦੇ ਸਹਾਇਕ ਸਿਵਲ ਸਰਜਨ ਡਾ: ਜਸਵੰਤ ਸਿੰਘ ਨੇ ਦੱਸਿਆ ਸੀ ਕਿ ਹੁਣ ਤੱਕ ਮੋਗਾ ਦੇ ਸਰਕਾਰੀ ਹਸਪਤਾਲ ਵਿਚੋਂ 1325 ਸੈਂਪਲ ਭੇਜੇ ਗਏ ਸਨ ਜਿਹਨਾਂ ਵਿਚੋਂ 521 ਨੈਗੇਟਿਵ ਆਏ ਹਨ ਜਦਕਿ 777 ਸੈਂਪਲਾਂ ਦੀ ਰਿਪੋਰਟ ਉਡੀਕੀ ਜਾ ਰਹੀ ਹੈ। ਅੱਜ ਪਾਏ ਗਏ 10 ਕਰੋਨਾ ਪਾਜ਼ਿਟਿਵ ਪਾਏ ਗਏ ਵਿਅਕਤੀਆਂ ਬਾਰੇ ਦੱਸਦਿਆਂ ਉਹਨਾ ਕਿਹਾ ਕਿ ਡੇਮਰੂ ਪਿੰਡ ਤੋਂ 3 ਸ਼ਰਧਾਲੂ ਪਾਜ਼ਿਟਿਵ ਪਾਏ ਗਏ ਹਨ ਅਤੇ ਹਾਲ ਦੀ ਘੜੀ ਇਹਨਾਂ ਨੂੰ ਸੇਂਟ ਜੋਸਫ਼ ਸਕੂਲ ਘੱਲਕਲਾਂ ਵਿਖੇ ਆਈਸੋਲੇਸ਼ਨ ਵਿਚ ਰੱਖਿਆ ਜਾ ਰਿਹਾ ਸੀ ਪਰ ਹੁਣ ਇਹਨਾਂ ਨੂੰ ਸਰਕਾਰੀ ਹਸਪਤਾਲ ਮੋਗਾ ਵਿਖੇ ਲਿਆਂਦਾ ਜਾ ਰਿਹਾ ਹੈ। ਕਰੋਨਾ ਦੇ ਨੋਡਲ ਅਫਸਰ ਡਾ: ਨਰੇਸ਼ ਨੇ ਦੱਸਿਆ ਕਿ ਘਲੋਟੀ ਪਿੰਡ ਤੋਂ ਕਰੋਨਾ ਪਾਜ਼ਿਟਿਵ ਪਾਏ ਗਏ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂ ਦਰਸ਼ਨ ਸਿੰਘ ,ਜਿਸ ਦਾ ਇਲਾਜ ਸਰਕਾਰੀ ਹਸਪਤਾਲ ਮੋਗਾ ਵਿਖੇ ਚੱਲ ਰਿਹਾ ਹੈ,ਉਸਦੇ ਸੰਪਰਕ ਵਿਚ ਆਏ ਪਰਿਵਾਰਕ ਮੈਂਬਰਾਂ ਦੇ ਸੈਂਪਲ ਲਏ ਗਏ ਸਨ ਜਿਹਨਾਂ ਵਿਚੋਂ ਦਰਸ਼ਨ ਸਿੰਘ ਦੇ ਪਰਿਵਾਰ ਵਿਚੋਂ ਕੁੱਲ ਛੇ ਮੈਂਬਰ ਜਿਹਨਾਂ ਵਿਚ ਦੋ ਪੁੱਤਰ ,ਨੂੰਹ, ਦੋ ਪੋਤਰੀਆਂ ਅਤੇ ਪੋਤਰਾ ਕਰੋਨਾ ਪਾਜ਼ਿਟਿਵ ਪਾਏ ਗਏ ਹਨ। ਇਹਨਾਂ ਨੂੰ ਸਰਕਾਰੀ ਆਦੇਸ਼ਾਂ ਮੁਤਾਬਕ ਪਿੰਡ ਘਲੋਟੀ ਵਿਚ ਹੀ ਇਕਾਂਤਵਾਸ ਕੀਤਾ ਗਿਆ ਸੀ ਪਰ ਹੁਣ ਇਹਨਾਂ ਨੂੰ ਘਲੋਟੀ ਤੋਂ ਸਰਕਾਰੀ ਹਸਪਤਾਲ ਮੋਗਾ ਵਿਖੇ ਲਿਆਂਦਾ ਜਾ ਰਿਹੈ। ਸ਼ਾਮ ਸਮੇਂ ਫਰੀਦਕੋਟ ਤੋਂ ਆਈ ਰਿਪੋਰਟ ਮੁਤਾਬਕ ਕਰੋਨਾ ਪੀੜਤ ਦਰਸ਼ਨ ਸਿੰਘ ਘਲੋਟੀ ਦੀ ਪਤਨੀ ਦੀ ਰਿਪੋਰਟ ਵੀ ਨੈਗੇਟਿਵ ਆ ਗਈ ਜਿਸ ਕਾਰਨ ਇਕੋ ਦਿਨ ਵਿਚ ਮੋਗਾ ਜ਼ਿਲ੍ਹੇ ‘ਚ ਕਰੋਨਾ ਪਾਜ਼ਿਟਿਵ 10 ਵਿਅਕਤੀਆਂ ਦਾ ਵਾਧਾ ਹੋ ਗਿਆ । ਇਸ ਸਬੰਧੀ ਧਰਮਕੋਟ ਦੇ ਡੀ ਐੱਸ ਪੀ ਯਾਦਵਿੰਦਰ ਸਿੰਘ ਬਾਜਵਾ ਅਤੇ ਐੱਸ ਐੱਮ ਓ ਕੋਟਈਸੇਖਾਂ ਡਾ: ਰਾਕੇਸ਼ ਕੁਮਾਰ ਬਾਲੀ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਇਸ ਗਿਣਤੀ ਦੀ ਤਸਦੀਕ ਕੀਤੀ। ਇਹ ਵੀ ਪਤਾ ਲੱਗਾ ਹੈ ਕਿ ਡੇਮਰੂ ਵਾਲੇ ਤਿੰਨ ਸ਼ਰਧਾਲੂਆਂ ਦੀ ਅੱਜ ਸਵੇਰੇ ਨੈਗੇਟਿਵ ਰਿਪੋਰਟ ਆਈ ਸੀ ਜਿਸ ਕਰਕੇ ਇਹਨਾਂ ਨੂੰ ਸੇਂਟ ਜੋਸਫ਼ ਸਕੂਲ ‘ਚੋਂ ਉਹਨਾਂ ਦੇ ਪਿੰਡ ਡੇਮਰੂ ਵਿਚ ਹੀ ਹੋਮ ਕੁਆਰਟਾਈਨ ਕਰ ਦਿੱਤਾ ਗਿਆ ਸੀ ਪਰ ਦੁਬਾਰਾ ਆਈ ਰਿਪੋਰਟ ਮੁਤਾਬਕ ਹੂਣ ਦੁਬਾਰਾ ਉਹਨਾਂ ਨੂੰ ਹਸਪਤਾਲ ਲਿਆਂਦਾ ਜਾ ਰਿਹੈ। ਇਸ ਤਰਾਂ ਫਰੀਦਕੋਟ ਵਿਖੇ ਕਰੋਨਾ ਟੈਸਟਾਂ ਲਈ ਸਥਾਪਿਤ ਕੀਤੀ ਲੈਬ ਵੀ ਸ਼ੱਕ ਦੇ ਘੇਰੇ ਵਿਚ ਆ ਗਈ ਹੈ ਅਤੇ ਇਸ ਵੱਲੋਂ ਦਿੱਤੇ ਜਾ ਰਹੇ ਨਤੀਜੇ ਸਟੀਕ ਨਾ ਹੋਣ ਦੀ ਸ਼ੰਕਾ ਹੈ,ਕਿਉਂਕਿ ਪਿਛਲੇ ਦਿਨੀਂ ਵੀ ਇਕ ਹੋਰ ਮਰੀਜ਼ ਦੀ ਰਿਪੋਰਟ ਇਸੇ ਤਰਾਂ ਬਦਲੀ ਗਈ ਸੀ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ