ਮੋਗਾ ‘ਚ 9 ਹੋਰ ਕਰੋਨਾ ਪਾਜ਼ਿਟਿਵ ਪਾਏ ਗਏ,ਕਰੋਨਾ ਮਰੀਜ਼ਾਂ ਦੀ ਗਿਣਤੀ ਹੋਈ 37,ਫਰੀਦਕੋਟ ਵਿਖੇ ਕਰੋਨਾ ਟੈਸਟਾਂ ਲਈ ਸਥਾਪਿਤ ਕੀਤੀ ਲੈਬ ਦੇ ਨਤੀਜੇ ਸਟੀਕ ਨਾ ਹੋਣ ਦੀ ਸ਼ੰਕਾ

Tags: 

ਮੋਗਾ ,5 ਮਈ (ਜਸ਼ਨ) : ਮੋਗਾ ਵਿਚ ਅੱਜ 9 ਹੋਰ ਵਿਅਕਤੀਆਂ ਦੇ ਕਰੋਨਾ ਪਾਜ਼ਿਟਿਵ ਪਾਏ ਜਾਣ ਨਾਲ ਮੋਗਾ ਵਿਚ ਕਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 37 ਹੋ ਗਈ ਹੈ ਜਿਹਲਾਂ ਵਿਚੋਂ 36 ਮਰੀਜ਼ ਮੋਗਾ ਦੇ ਆਈਸੋਲੇਸ਼ਨ ਕੇਂਦਰ ਵਿਚ ਇਲਾਜ ਅਧੀਨ ਹਨ ਜਦਕਿ 1 ਵਿਅਕਤੀ ਲੁਧਿਆਣਾ ਵਿਖੇ ਜ਼ੇਰੇ ਇਲਾਜ ਹੈ । ਮੋਗਾ ਦੇ ਸਹਾਇਕ ਸਿਵਲ ਸਰਜਨ ਡਾ: ਜਸਵੰਤ ਸਿੰਘ ਨੇ ਦੱਸਿਆ ਕਿ ਹੁਣ ਤੱਕ ਮੋਗਾ ਦੇ ਸਰਕਾਰੀ ਹਸਪਤਾਲ ਵਿਚੋਂ 1325 ਸੈਂਪਲ ਭੇਜੇ ਗਏ ਸਨ ਜਿਹਨਾਂ ਵਿਚੋਂ 521 ਨੈਗੇਟਿਵ ਆਏ ਹਨ ਜਦਕਿ 777 ਸੈਂਪਲਾਂ ਦੀ ਰਿਪੋਰਟ ਉਡੀਕੀ ਜਾ ਰਹੀ ਹੈ। ਅੱਜ ਪਾਏ ਗਏ 9 ਕਰੋਨਾ ਪਾਜ਼ਿਟਿਵ ਪਾਏ ਗਏ ਵਿਅਕਤੀਆਂ ਬਾਰੇ ਦੱਸਦਿਆਂ ਉਹਨਾ ਕਿਹਾ ਕਿ ਡੇਮਰੂ ਪਿੰਡ ਤੋਂ 3 ਸ਼ਰਧਾਲੂ ਪਾਜ਼ਿਟਿਵ ਪਾਏ ਗਏ ਹਨ ਅਤੇ ਹਾਲ ਦੀ ਘੜੀ ਇਹਨਾਂ ਨੂੰ ਸੇਂਟ ਜੋਸਫ਼ ਸਕੂਲ ਘੱਲਕਲਾਂ ਵਿਖੇ ਆਈਸੋਲੇਸ਼ਨ ਵਿਚ ਰੱਖਿਆ ਜਾ ਰਿਹਾ ਸੀ ਪਰ ਹੁਣ ਇਹਨਾਂ ਨੂੰ ਸਰਕਾਰੀ ਹਸਪਤਾਲ ਮੋਗਾ ਵਿਖੇ ਲਿਆਂਦਾ ਜਾ ਰਿਹਾ ਹੈ। ਕਰੋਨਾ ਦੇ ਨੋਡਲ ਅਫਸਰ ਡਾ: ਨਰੇਸ਼ ਨੇ ਦੱਸਿਆ ਕਿ ਘਲੋਟੀ ਪਿੰਡ ਤੋਂ ਕਰੋਨਾ ਪਾਜ਼ਿਟਿਵ ਪਾਏ ਗਏ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂ ਦਰਸ਼ਨ ਸਿੰਘ ,ਜਿਸ ਦਾ ਇਲਾਜ ਸਰਕਾਰੀ ਹਸਪਤਾਲ ਮੋਗਾ ਵਿਖੇ ਚੱਲ ਰਿਹਾ ਹੈ,ਉਸਦੇ ਸੰਪਰਕ ਵਿਚ ਆਏ ਪਰਿਵਾਰਕ ਮੈਂਬਰਾਂ ਦੇ ਸੈਂਪਲ ਲਏ ਗਏ ਸਨ ਜਿਹਨਾਂ ਵਿਚੋਂ ਦਰਸ਼ਨ ਸਿੰਘ ਦੇ ਪਰਿਵਾਰ ਵਿਚੋਂ ਕੁੱਲ ਛੇ ਮੈਂਬਰ ਜਿਹਨਾਂ ਵਿਚ ਦੋ ਪੁੱਤਰ ,ਨੂੰਹ, ਦੋ ਪੋਤਰੀਆਂ ਅਤੇ ਪੋਤਰਾ ਕਰੋਨਾ ਪਾਜ਼ਿਟਿਵ ਪਾਏ ਗਏ ਹਨ। ਇਹਨਾਂ ਨੂੰ ਸਰਕਾਰੀ ਆਦੇਸ਼ਾਂ ਮੁਤਾਬਕ ਪਿੰਡ ਘਲੋਟੀ ਵਿਚ ਹੀ ਇਕਾਂਤਵਾਸ ਕੀਤਾ ਗਿਆ ਸੀ ਪਰ ਹੁਣ ਇਹਨਾਂ ਨੂੰ ਘਲੋਟੀ ਤੋਂ ਸਰਕਾਰੀ ਹਸਪਤਾਲ ਮੋਗਾ ਵਿਖੇ ਲਿਆਂਦਾ ਜਾ ਰਿਹੈ। ਇਹ ਵੀ ਪਤਾ ਲੱਗਾ ਹੈ ਕਿ ਡੇਮਰੂ ਵਾਲੇ ਤਿੰਨ ਸ਼ਰਧਾਲੂਆਂ ਦੀ ਅੱਜ ਸਵੇਰੇ ਨੈਗੇਟਿਵ ਰਿਪੋਰਟ ਆਈ ਸੀ ਜਿਸ ਕਰਕੇ ਇਹਨਾਂ ਨੂੰ ਸੇਂਟ ਜੋਸਫ਼ ਸਕੂਲ ‘ਚੋਂ ਉਹਨਾਂ ਦੇ ਪਿੰਡ ਡੇਮਰੂ ਵਿਚ ਹੀ ਹੋਮ ਕੁਆਰਟਾਈਨ ਕਰ ਦਿੱਤਾ ਗਿਆ ਸੀ ਪਰ ਦੁਬਾਰਾ ਆਈ ਰਿਪੋਰਟ ਮੁਤਾਬਕ ਹੂਣ ਦੁਬਾਰਾ ਉਹਨਾਂ ਨੂੰ ਹਸਪਤਾਲ ਲਿਆਂਦਾ ਜਾ ਰਿਹੈ। ਇਸ ਤਰਾਂ ਫਰੀਦਕੋਟ ਵਿਖੇ ਕਰੋਨਾ ਟੈਸਟਾਂ ਲਈ ਸਥਾਪਿਤ ਕੀਤੀ ਲੈਬ ਵੀ ਸ਼ੱਕ ਦੇ ਘੇਰੇ ਵਿਚ ਆ ਗਈ ਹੈ ਅਤੇ ਇਸ ਵੱਲੋਂ ਦਿੱਤੇ ਜਾ ਰਹੇ ਨਤੀਜੇ ਸਟੀਕ ਨਾ ਹੋਣ ਦੀ ਸ਼ੰਕਾ ਹੈ,ਕਿਉਂਕਿ ਪਿਛਲੇ ਦਿਨੀਂ ਵੀ ਇਕ ਹੋਰ ਮਰੀਜ਼ ਦੀ ਰਿਪੋਰਟ ਇਸੇ ਤਰਾਂ ਬਦਲੀ ਗਈ ਸੀ।