ਪੱਤਰਕਾਰ ਦੀ ਹਾਦਸੇ ‘ਚ ਮੌਤ ,ਦੋ ਜ਼ਖਮੀ , ਮੋਗਾ ਫਿਰੋਜ਼ਪੁਰ ਰੋਡ ’ਤੇ ਵਾਪਰਿਆ ਹਾਦਸਾ,ਮ੍ਰਿਤਕ ਦੇ ਭਰਾ ਦੀ 22 ਦਿਨ ਪਹਿਲਾਂ ਹੋਈ ਸੀ ਮੌਤ

Tags: 

ਮੋਗਾ,5 ਮਈ (ਜਸ਼ਨ/ ਸੰਦੀਪ ਜੋਈਆ): ਕੱਲ ਦੇਰ ਸ਼ਾਮ ਮੋਗਾ ਫਿਰੋਜ਼ਪੁਰ ਰੋਡ ’ਤੇ ਇਕ ਤੇਜ਼ ਰਫਤਾਰ ਗੱਡੀ ਦੇ ਸੰਤਲੁਨ ਵਿਗੜਨ ਨਾਲ ਵਾਪਰੇ ਸੜਕ ਹਾਦਸੇ ‘ਚ ਕਾਰ ਸਵਾਰ ਤਿੰਨ ਵਿਅਕਤੀਆਂ ਵਿਚੋਂ ਇਕ ਵਿਅਕਤੀ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਦੂਜੇ ਦੋ ਗੰਭੀਰ ਜ਼ਖਮੀ ਹੋ ਗਏ। ਸਮਾਜ ਸੇਵਾ ਸੁਸਾਇਟੀ ਦੇ ਮੈਂਬਰਾਂ ਵਲੋਂ ਐਮਰਜੈਂਸੀ ਗੱਡੀ ਦੁਆਰਾ ਜਖਮੀਆਂ ਨੂੰ ਫਿਰੋਜ਼ਪੁਰ ਵਿਖੇ ਪਹੁੰਚਾਇਆ ਗਿਆ। ਮਿ੍ਰਤਕ ਵਿਅਕਤੀ ਦੀ ਪਹਿਚਾਣ ਪ੍ਰਦੀਪ ਕੁਮਾਰ ਗਰਗ ਵਜੋਂ ਹੋਈ ਹੈ ਜੋ ਗੁਰੂ ਹਰਿਸਹਾਇ ਦੇ ਪਿੰਡ ਰੁਕਨਾ ਬੋਦਲਾ ਦਾ ਦੱਸਿਆ ਜਾ ਰਿਹੈ । ਮਿ੍ਰਤਕ ਦੀ ਉਮਰ 35 ਸਾਲ ਹੈ ਅਤੇ ਉਹ ਪਿਛਲੇ 5 6 ਸਾਲ ਤੋਂ ਜਗਬਾਣੀ ਅਖਬਾਰ  ਨਾਲ ਜੁੜਿਆ ਪੱਤਰਕਾਰ ਸੀ । ਇਹ ਵੀ ਵਰਨਣਯੋਗ ਹੈ ਕਿ ਮਿ੍ਰਤਕ ਦੇ ਦੋ ਛੋਟੇ ਬੱਚੇ ਹਨ ਅਤੇ ਮਿ੍ਰਤਕ ਦੇ ਵੱਡੇ ਭਰਾ ਦੀ ਵੀ 22 ਦਿਨ ਪਹਿਲਾਂ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ। ਜਾਣਕਾਰੀ ਮੁਤਾਬਕ ਇਹ ਪੱਤਰਕਾਰ ਕੱਲ ਕਿਰਾਏ ’ਤੇ ਗੱਡੀ ਲੈ ਕੇ ਆਪਣੇ ਮਿੱਤਰ ਨਾਲ ਲੁਧਿਆਣਾ ਤੋਂ ਦਵਾਈ ਲੈ ਕੇ ਫਿਰੋਜ਼ਪੁਰ ਵਾਪਸ ਆ ਰਿਹਾ ਸੀ  ਅਤੇ ਜਦੋਂ ਇਹ ਮੋਗਾ ਤੋਂ ਫਿਰੋਜ਼ਪੁਰ ਜਾ ਰਹੇ ਸਨ ਤਾਂ ਫੋਰ ਲੇਨ ’ਤੇ ਹੀ ਇਹ ਹਾਦਸਾ ਵਾਪਰ ਗਿਆ । ਪ੍ਰਤੱਖ ਦਰਸ਼ੀਆਂ ਮੁਤਾਬਕ ਹੋ ਸਕਦਾ ਹੈ ਕਿ ਸੜਕ ਸੁੰਨੀ ਹੋਣ ਕਰਕੇ ਗੱਡੀ ਓਵਰ ਸਪੀਡ ਹੋਵੇ ਜਾਂ ਫਿਰ ਡਰਾਈਵਰ ਦੀ ਅੱਖ ਲੱਗ ਗਈ ਹੋਵੇ ਜਿਸ ਕਾਰਨ ਗੱਡੀ ਡਰਾਈਵਰ ਦੇ ਕੰਟਰੋਲ ਤੋਂ ਬਾਹਰ ਹੋਣ ਕਾਰਨ ਪੰਜ ਛੇ ਪਲਟੀਆਂ ਖਾ ਕੇ ਖੇਤਾਂ ਵਿਚ ਜਾ ਡਿੱਗੀ । ਫਿਰੋਜ਼ਪੁਰ ਤੋਂ ਪੱਤਰਕਾਰ ਸੰਦੀਪ ਕੁਮਾਰ ਨੇ ‘ਸਾਡਾ ਮੋਗਾ ਡੌਟ ਕੌਮ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਮਾਰੂਤੀ ਅਰਟਿਕਾ ਕਾਰ ਜਿਸ ਵਿਚ 3 ਵਿਅਕਤੀ ਸਨ, ਗੱਡੀ ਦੀ ਤੇਜ਼ ਰਫਤਾਰ ਹੋਣ ਕਾਰਨ ਬੇਕਾਬੂ ਹੋਣ ਤੇ ਗੱਡੀ ਖੇਤਾਂ ਵਿੱਚ ਜਾ ਪਲਟੀ। ਉਸ ਨੇ ਦੱਸਿਆ ਕਿ 35 ਸਾਲਾ ਪ੍ਰਦੀਪ ਗਰਗ ਪੁੱਤਰ ਹੰਸ ਰਾਜ ਵਾਸੀ ਗੁਰਹਰ ਸਹਾਇ ਕੰਡਕਟਰ ਸੀਟ ’ਤੇ ਬੈਠਾ ਸੀ ਅਤੇ ਜਦੋਂ ਗੱਡੀ ਪਲਟੀਆਂ ਖਾ ਰਹੀ ਸੀ ਤਾਂ ਮਿ੍ਰਤਕ ਦਾ ਸਿਰ ਕਾਰ ਤੋਂ ਬਾਹਰ ਆ ਗਿਆ ਅਤੇ ਸੜਕ ਨਾਲ ਟਕਰਾਉਣ ਨਾਲ ਉਸਦੀ ਹੈੱਡ ਇੰਜਰੀ ਕਾਰਨ ਮੌਕੇ ’ਤੇ ਮੌਤ ਹੋ ਗਈ । ਉਸ ਨੇ ਦੱਸਿਆ ਕਿ ਦੂਜੇ ਵਿਅਕਤੀਆ ਦੇ ਗੰਭੀਰ ਸੱਟਾਂ ਲੱਗੀਆਂ ।