ਫਰੰਟ ਲਾਈਨ ਯੋਧਿਆਂ ਦੇ ਸਿਰ ’ਤੇ ਪੰਜਾਬ ਸਰਕਾਰ ਲੜ ਰਹੀ ਹੈ ਕਰੋਨਾ ਖਿਲਾਫ਼ ਜੰਗ: ਬਲਬੀਰ ਸਿੱਧੂ,ਸਿਹਤ ਮੰਤਰੀ ਨੇ ਮੋਗਾ ‘ਚ ਕੋਵਿਡ ਖਿਲਾਫ਼ ਤਿਆਰੀਆਂ ਸਬੰਧੀ ਲਿਆ ਜਾਇਜ਼ਾ

Tags: 

ਮੋਗਾ 4 ਮਈ:(ਜਸ਼ਨ): ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸ੍ਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਕੋਵਿਡ 19 ਸਬੰਧੀ ਮੋਗਾ ਸਿਹਤ ਵਿਭਾਗ ਵੱਲੋਂ ਕੀਤੀ ਤਿਆਰੀ ਦਾ ਜਾਇਜਾ ਲੈਣ ਲਈ ਜ਼ਿਲ੍ਹਾ ਮੋਗਾ ਦਾ ਦੌਰਾ ਕਰਦਿਆਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੌਕੇ ਵਿਧਾਇਕ ਮੋਗਾ ਡਾ. ਹਰਜੋਤ ਕਮਲ, ਵਿਧਾਇਕ ਧਰਮਕੋਟ ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਵਿਧਾਇਕ ਬਾਘਾਪੁਰਾਣਾ ਦਰਸ਼ਨ ਸਿੰਘ ਬਰਾੜ ਤੋਂ ਇਲਾਵਾ ਪ੍ਰਸ਼ਾਸਨਿਕ ਅਤੇ ਸਿਹਤ ਅਧਿਕਾਰੀ ਹਾਜ਼ਰ ਸਨ। ਇਸ ਮੌਕੇ ਮੰਤਰੀ ਨੇ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਲਈ ਕੀਤੇ ਪ੍ਰਬੰਧਾਂ ਬਾਰੇ ਪੁੱਛਿਆ ਅਤੇ ਹਦਾਇਤ ਕੀਤੀ ਕਿ ਉਹਨਾਂ ਦੀ ਸੁੱਖ ਸਹੂਲਤ ਲਈ ਕਿਸੇ ਤਰਾਂ ਦੀ ਕਮੀ ਨਾ ਆਉਣ ਦਿੱਤੀ ਜਾਵੇ । ਮੰਤਰੀ ਨੇ ਆਖਿਆ ਕਿ ਉਹਨਾਂ ਦੀਆਂ ਰਿਪੋਰਟਾਂ ਦੇ ਆਉਂਦਿਆਂ ਹੀ ਪਾਜ਼ਿਟਿਵ ਆਏ ਵਿਅਕਤੀਆਂ ਨੂੰ ਤੁਰੰਤ ਹਸਪਤਾਲ ਸਿਫ਼ਟ ਕੀਤਾ ਜਾਵੇ ਅਤੇ ਨੈਗੇਟਿਵ ਆਏ ਵਿਅਕਤੀਆਂ ਲਈ ਉਚਿੱਤ ਪ੍ਰਬੰਧ ਕੀਤੇ ਜਾਣ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਮੰਤਰੀ ਦੇ ਧਿਆਨ ਵਿਚ ਲਿਆਂਦਾ ਕਿ ਉਹ ਪ੍ਰਸ਼ਾਸਨ ਨਾਲ ਰਾਬਤਾ ਬਣਾ ਕੇ ਇਕਾਂਤਵਾਸ ਕੀਤੇ ਗਏ ਕਰੋਨਾ ਨੈਗੇਟਿਵ ਆਏ ਸ਼ਰਧਾਲੂਆਂ ਨੂੰ ਉਹਨਾਂ ਦੇ ਪਿੰਡਾਂ ਵਿਚ ਹੀ ਕਿਸੇ ਸਾਂਝੀ ਥਾਂ ’ਤੇ ਸਰਪੰਚ ਦੀ ਨਿਗਰਾਨੀ ਹੇਠ ਰੱਖਣ ਦਾ ਰੋਡ ਮੈਪ ਬਣਾ ਰਹੇ ਹਨ ਤਾਂ ਕਿ ਆਪਣੇ ਪਿੰਡ ਵਿਚ ਹੀ ਵਿਚਰਨ ਕਾਰਨ ਇਹਨਾਂ ਸ਼ਰਧਾਲੂਆਂ ਨੂੰ ਆਪਣੇ ਘਰ ਵਰਗਾ ਅਹਿਸਾਸ ਹੋਵੇਗਾ ਅਤੇ ਇਹਨਾਂ ਦੇ ਪਰਿਵਾਰਕ ਮੈਂਬਰ ਵੀ ਸਮਾਜਿਕ ਦੂਰੀ ਦਾ ਧਿਆਨ ਰੱਖਦਿਆਂ ਇਹਨਾਂ ਨੂੰ ਮਿਲ ਸਕਣਗੇ ਜਿਸ ਨਾਲ ਸ਼ਰਧਾਲੂਆਂ ਦੇ ਹੌਸਲੇ ਬੁਲੰਦ ਹੋਣਗੇ। ਡਾ: ਹਰਜੋਤ ਨੇ ਮੰਤਰੀ  ਦੇ ਧਿਆਨ ਵਿਚ ਇਹ ਵੀ ਲਿਆਂਦਾ ਕਿ ਸਰੰਪਚਾਂ ਨੇ ਇਹਨਾਂ ਸ਼ਰਧਾਲੂਆਂ ਨੂੰ ਪਿੰਡ ਦੇ ਹੀ ਗੁਰਦੁਆਰਾ ਸਾਹਿਬ,ਸਕੂਲ ਜਾਂ ਪੰਚਾਇਤ ਘਰ ਵਿਚ ਰੱਖਣ ਲਈ ਸਹਿਮਤੀ ਪ੍ਰਗਟਾਈ ਹੈ , ਜਿਸ ’ਤੇ ਮੰਤਰੀ ਨੇ ਆਖਿਆ ਕਿ ਇਹ ਵਿਚਾਰ ਬੇਹੱਦ ਉਸਾਰੂ ਹੈ ਅਤੇ ਉਪਰਲੇ ਪੱਧਰ ’ਤੇ ਵੀ ਕੈਪਟਨ ਸਾਬ੍ਹ ਨਾਲ ਇਸ ’ਤੇ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ ਅਤੇ ਹੋ ਸਕਦਾ ਹੈ ਕਿ ਨੈਗੇਟਿਵ ਆਏ ਸ਼ਰਧਾਲੂਆਂ ਨੂੰ ਹੋਮ ਕੁਆਰਟਾਈਨ ਕਰ ਦਿੱਤਾ ਜਾਵੇ। ਇਸ ਮੌਕੇ ਮੰਤਰੀ ਨੇ ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਤੋਂ ਮੋਗੇ ਜ਼ਿਲ੍ਹੇ ਦਾ ,ਸਿਹਤ ਵਿਭਾਗ ਅਤੇ ਮੋਗਾ ਜ਼ਿਲ੍ਹੇ ‘ਚ ਕਰੋਨਾ ਦੇ ਮਰੀਜ਼ਾਂ ਖਾਸਕਰ ਕਰੋਨਾ ਪਾਜ਼ਿਟਿਵ ਆਈਆਂ ਆਸ਼ਾ ਵਰਕਰਾਂ ਦੇ ਇਲਾਜ਼ ਸਬੰਧੀ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ । ਕਰੋਨਾ ਪਾਜ਼ਿਟਿਵ ਆਈਆਂ ਆਸ਼ਾ ਵਰਕਰਾਂ ਦੀ ਸਿਹਤ ਬਾਰੇ ਪੁੱਛਣ ’ਤੇ ਸਿਵਲ ਸਰਜਨ ਡਾ ਅੰਦੇਸ਼ ਕੰਗ ਅਤੇ ਐੱਸ ਐੱਮ ਓ ਡਾ: ਰਾਜੇਸ਼ ਅੱਤਰੀ ਨੇ ਦੱਸਿਆ ਕਿ ਚਾਰ ਆਸ਼ਾ ਵਰਕਰਾਂ ਵਿਚੋਂ ਇਕ ਬਲੱਡ ਪ੍ਰੈਸ਼ਰ ਅਤੇ ਦੂਜੀ ਸ਼ੂਗਰ ਦੀ ਮਰੀਜ਼ ਹੈ ,ਜਿਸ ’ਤੇ ਮੰਤਰੀ ਨੇ ਆਖਿਆ ਕਿ ਬੇਸ਼ੱਕ ਸਿਹਤ ਵਿਭਾਗ ਸਮੂਹ ਲੋਕਾਂ ਦਾ ਧਿਆਨ ਰੱਖ ਰਿਹਾ ਹੈ ਪਰ ਸਿਹਤ ਵਿਭਾਗ ਦੇ ਹਰ ਮੁਲਾਜ਼ਮ ਦਾ ਉਚੇਚਾ ਧਿਆਨ ਰੱਖਿਆ ਜਾਣਾ ਜ਼ਰੂਰੀ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਇਹਨਾਂ ਫਰੰਟ ਲਾਈਨ ਯੋਧਿਆਂ ਦੇ ਸਿਰ ’ਤੇ ਹੀ ਕਰੋਨਾ ਖਿਲਾਫ਼ ਲੜਾਈ ਲੜੀ ਜਾ ਰਹੀ ਹੈ । ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅਗਲੀ ਕਤਾਰ ਵਿੱਚ ਕੰਮ ਕਰ ਰਹੇ ਵਰਕਰਾਂ, ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ, ਸਿਹਤ ਵਿਭਾਗ ਅਤੇ ਉਨ੍ਹਾਂ ਸਾਰੇ ਅਫ਼ਸਰਾਂ ਦੀ ਸ਼ਲਾਘਾ ਕੀਤੀ ਜਿਹੜੇ ਲਗਾਤਾਰ ਕੋਵਿਡ ਖਿਲਾਫ ਲੜਾਈ ਲੜ੍ਹਦੇ ਹੋਏ ਆਪਣਾ ਯੋਗਦਾਨ ਪਾ ਰਹੇ ਹਨ। ਅੱਜ ਦੀ ਮੀਟਿੰਗ ਵਿਚ ਸੀਨੀਅਰ ਕਪਤਾਨ ਪੁਲਿਸ ਮੋਗਾ ਸ੍ਰੀ ਹਰਮਨਬੀਰ ਸਿੰਘ ਗਿੱਲ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੀਤਾ ਦਰਸ਼ੀ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ