ਕਰੋਨਾ ਦੇ ਹਾਈ ਰਿਸਕ ’ਤੇ ਹਨ ਸੂਬੇ ਦੇ ਡਾਕਟਰਾਂ ਤੋਂ ਇਲਾਵਾ 37 ਹਜ਼ਾਰ ਦੇ ਕਰੀਬ ਸਿਹਤ ਕਾਮੇਂ ,ਬਿਨਾਂ ਹਥਿਆਰਾਂ ਦੇ ਫਰੰਟ ਲਾਈਨ ਯੋਧਿਆਂ ਨੂੰ ਮੈਦਾਨ ਵਿਚ ਉਤਾਰ ਦੇਣਾ ਕਿਥੋਂ ਦੀ ਸਮਝਦਾਰੀ ?

Tags: 

ਮੋਗਾ,2 ਮਈ (ਜਸ਼ਨ) : ਪੂਰੇ ਵਿਸ਼ਵ ਵਿਚ ਫੈਲੀ ਕਰੋਨਾ ਮਹਾਂਮਾਰੀ ਦੇ ਭਵਿੱਖ ਵਿਚ ਕਿਸ ਤਰਾਂ ਦੇ ਗੰਭੀਰ ਨਤੀਜੇ ਨਿਕਲਣਗੇ  ਇਹ ਤਾਂ ਰੱਬ ਹੀ ਜਾਣਦਾ ਹੈ ਪਰ ਜੇਕਰ ਅਸੀਂ ਗੱਲ ਕਰੀਏ ਪੰਜਾਬ ਦੇ ਸਿਹਤ ਅਮਲੇ ਦੀ ਤਾਂ ਇਸ ਸਮੇਂ ਪੂਰੇ ਪੰਜਾਬ ਦੇ ਡਾਕਟਰਾਂ ਤੋਂ ਇਲਾਵਾ 37 ਹਜ਼ਾਰ ਤੋਂ ਉਪਰ ਸਿਹਤ ਅਮਲਾ ਜਿਸ ਨੂੰ ਅਸੀਂ ਫਰੰਟ ਲਾਈਨ ਯੋਧਿਆਂ ਦੇ ਨਾਮ ਦੇ ਨਿਵਾਜ ਰਹੇ ਹਾਂ ,ਉਹ ਇਸ ਸਮੇਂ ਕਰੋਨਾ ਸੰਕਰਮਿਤ ਹੋਣ ਦੇ ਹਾਈ ਰਿਸਕ ’ਤੇ ਚੱਲ ਰਿਹਾ ਹੈ, ਪਰ ਇਸ ਪਾਸੇ ਸਰਕਾਰਾਂ ਦਾ ਧਿਆਨ ਬਿਲਕੁੱਲ ਨਹੀਂ ਜਾ ਰਿਹਾ । ਇਸ ਸਮੇਂ ਪੰਜਾਬ ਦੇ ਹਸਪਤਾਲਾਂ ’ਚ ਡਾਕਟਰਾਂ ਤੋਂ ਇਲਾਵਾ 4200 ਮਲਟੀਪਰਸਪਸ ਹੈਲਥ ਵਰਕਰ (ਫੀਮੇਲ) ਕੰਮ ਕਰ ਰਹੀਆਂ ਹਨ ਜਦਕਿ 3800 ਦੇ ਕਰੀਬ ਮਲਟੀਪਰਸਪਸ ਹੈਲਥ ਵਰਕਰ (ਮੇਲ) ਕੰਮ ਕਰ ਰਹੇ ਹਨ । ਇਸੇ ਤਰਾਂ ਹੈਲਥ ਸੁਪਰਵਾਈਜ਼ਰ (ਮੇਲ) ਅਤੇ ਹੈਲਥ ਸੁਪਰਵਾਈਜ਼ਰ (ਫੀਮੇਲ) 1600 ਦੇ ਕਰੀਬ ਕੰਮ ਕਰ ਰਹੇ ਹਨ। ਇਸ ਦੇ ਨਾਲ ਨਾਲ 27 ਹਜ਼ਾਰ ਆਸ਼ਾ ਵਰਕਰਾਂ ਜੋ ਪਿੰਡਾਂ ਵਿਚ ਸਰਕਾਰ ਦੀਆਂ ਸਿਹਤ ਸਕੀਮਾਂ ,ਗਰਭਵਤੀ ਮਹਿਲਾਵਾਂ ਦੀ ਸਿਹਤ ਸੰਭਾਲ ਅਤੇ ਕਰੋਨਾ ਦੇ ਦੌਰ ਦੌਰਾਨ ਕਰੋਨਾ ਦੇ ਲੱਛਣਾਂ ਵਾਲੇ ਮਰੀਜ਼ਾਂ ਦੇ ਘਰਾਂ ਵਿਚ ਜਾ ਉਹਨਾਂ ਦੇ ਚੈੱਕਅਪ ਤੋਂ ਇਲਾਵਾ ਉਹਨਾਂ ਦੇ ਘਰਾਂ ਵਿਚ ਹੋਮ ਕੋਰੋਨਟਾਈਨ ਦੇ ਬੋਰਡ ਲਗਾਉਣ ਅਤੇ ਉਹਨਾਂ ਦੇ ਪਰਿਵਾਰਾਂ ਦੀ ਪੂਰੀ ਡੀਟੇਲ ਉਹਨਾਂ ਦੇ ਘਰਾਂ ਵਿਚ ਜਾ ਕੇ ਇਕੱਤਰ ਕਰਨ ਦਾ ਜ਼ੋਖਿਮ ਭਰਿਆ ਕੰਮ ਕਰ ਰਹੀਆਂ ਹਨ । ਅਫਸੋਸ ਇਸ ਗੱਲ ਦਾ ਹੈ ਕਿ ਇਹਨਾਂ ਆਸ਼ਾ ਵਰਕਰਾਂ ਕੋਲ ਕਰੋਨਾ ਤੋਂ ਬਚਾਅ ਲਈ ਸਿਰਫ਼ ਡਬਲ ਲੇਅਰ ਸਿੰਪਲ ਮਾਸਕ ਹੀ ਹਨ ਜੋ ਕਿ ਸਿਰਫ਼ ਪ੍ਰਦੂਸ਼ਣ ਰੋਕਣ ‘ਚ ਹੀ ਸਹਾਈ ਹੋ ਸਕਦੇ ਹਨ, ਜਿਸ ਦਾ ਨਤੀਜਾ ਅੱਜ ਮੋਗਾ ਜ਼ਿਲ੍ਹੇ ਦੇ ਪਿੰਡ ਚੂਹੜਚੱਕ ‘ਚ ਨਿਕਲਿਆ ਜਿੱਥੇ 4 ਆਸ਼ਾ ਵਰਕਰਾਂ ਕਰੋਨਾ ਪਾਜ਼ਿਟਿਵ ਪਾਈਆਂ ਗਈਆਂ । ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਸੂਬੇ ਦੇ ਮੁੱਖ ਮੰਤਰੀ ਇਹਨਾਂ ਨੂੰ ਫਰੰਟ ਲਾਈਨ ਯੋਧੇ ਕਹਿ ਕੇ ਵਡਿਆ ਤਾਂ ਰਹੇ ਹਨ ਪਰ ਇਨੇ ‘ਚ ਸਰਨਾ ਨਹੀਂ,ਕਿਉਂਕਿ ਫਰੰਟ ਲਾਈਨ ਯੋਧਿਆਂ ਨੂੰ ਬਿਨਾਂ ਹਥਿਆਰਾਂ ਦੇ ਮੈਦਾਨ ਵਿਚ ਉਤਾਰ ਦੇਣਾ ਕਿਥੋਂ ਦੀ ਸਮਝਦਾਰੀ ਹੈ । ਮਲਟੀਪਰਪਸ ਸੁਪਰਵਾਈਜ਼ਰ ਮੇਲ ਮਹਿੰਦਰਪਾਲ ਲੂੰਬਾ ਦਾ ਆਖਣਾ ਹੈ ਕਿ ਨਿਗੂਣੀਆਂ ਤਨਖਾਹਾਂ ’ਤੇ ਕੰਮ ਕਰਨ ਵਾਲੀਆਂ ਇਹਨਾਂ ਆਸ਼ਾ ਵਰਕਰਾਂ ਨੂੰ ਰੋਜ਼ਾਨਾ ਸਿਰਫ਼ 35 ਤੋਂ 50 ਰੁਪਏ ਔਸਤਨ ਮਿਹਨਤਾਨਾ ਦਿੱਤਾ ਜਾਂਦਾ ਹੈ ਅਤੇ ਇਕ ਆਸ਼ਾ ਵਰਕਰ ਮਹੀਨੇ ਦੇ ਮਸਾਂ 1000 ਤੋਂ 1200 ਰੁਪਏ ਹੀ ਕਮਾ ਪਾਉਂਦੀ ਹੈ। ਉਹਨਾਂ ਦੱਸਿਆ ਕਿ ਇਸੇ ਤਰਾਂ 2500 ਕੇ ਕਰੀਬ ਮਲਟੀਪਰਪਸ ਹੈਲਥ ਵਰਕਰ ਮੇਲ ਅਤੇ ਫੀਮੇਲ ਨੂੰ 10300 ਰੁਪਏ ਯਕਮੁਸ਼ਤ ਦਿੱਤੇ ਜਾਂਦੇ ਹਨ ਅਤੇ ਇਸ ਨਿਗੂਣੀ ਤਨਖਾਹ ’ਤੇ ਕੰਮ ਕਰ ਰਹੇ ਇਹਨਾਂ ਕਾਮਿਆਂ ਦੇ ਕਰੋਨਾ ਸੰਕਰਮਣ ‘ਚ ਦਿੱਤੀ ਜਾ ਰਹੀ ਸਖਤ ਡਿੳੂਟੀ ਉਪਰੰਤ ਇਹਨਾਂ ਦੇ ਘਰਾਂ ਵਿਚ ਜਾਣ ’ਤੇ ਇਹਨਾਂ ਦਾ ਪੂਰਾ ਪਰਿਵਾਰ ਵੀ ਹਾਈ ਰਿਸਕ ’ਤੇ ਹੈ। ਉਹਨਾਂ ਮੰਗ ਕੀਤੀ ਕਿ ਥੋੜਾ ਬਹੁਤ ਰਹਿੰਦਾ ਪਰਖ ਸਮਾਂ ਖਤਮ ਕਰਕੇ ਉਹਨਾਂ ਨੂੰ ਪੂਰੇ ਸਕੇਲ ਦਿੱਤੇ ਜਾਣ।  ਉਹਨਾਂ ਕਿਹਾ ਕਿ ਡਾਕਟਰਾਂ ਤੋਂ ਪਹਿਲਾਂ ਇਹ ਫਰੰਟ ਲਾਈਨ ਯੋਧੇ ਮਰੀਜ਼ਾਂ ਦੇ ਸੰਪਰਕ ਵਿਚ ਆਉਂਦੇ ਹਨ ਪਰ ਸਰਕਾਰ ਸਿਰਫ਼ ਸ਼ਾਬਾਸ਼ੇ ਦੇਣ ਤੋਂ ਇਲਾਵਾ ਇਹਨਾਂ ਨੂੰ ਕੋਈ ਸੇਫ਼ਟੀ ਅਕਿੳੂਪਮੈਂਟ ਵੀ ਨਹੀਂ ਦੇ ਰਹੀ । ਉਹਨਾਂ  'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਮੰਗ ਕੀਤੀ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਕਰੋਨਾ ਸੰਕਰਮਣ ਤੋਂ ਫਰੰਟ ਲਾਈਨ ਯੋਧਿਆਂ ਨੂੰ ਬਚਾਉਣ ਲਈ ਪੀ ਪੀ ਈ ਕਿੱਟਾਂ ,ਐੱਨ 95 ਮਾਸਕ ,ਫੇਸ ਗਾਰਡ ,ਗਲਵਜ਼ ਜਾਂ ਘੱਟੋ ਘੱਟ ਸੇਫ਼ਟੀ ਗਾੳੂਂਨ ਅਤੇ ਹੈੱਡ ਸ਼ੀਲਡਾਂ ਤਾਂ ਮੁਹੱਈਆ ਕਰਵਾ ਹੀ ਸਕਦੀ ਹੈ ਤਾਂ ਕਿ ਨਿਗੂਣੀਆਂ ਤਨਖਾਹਾਂ ’ਤੇ ਕੰਮ ਕਰਨ ਵਾਲੇ ਸਿਹਤ ਵਿਭਾਗ ਦੇ ਕਾਮਿਆਂ ਨੂੰ ਕਰੋਨਾ ਵਾਇਰਸ ਦੀ ਲਾਗ ਤੋਂ ਬਚਾਇਆ ਜਾ ਸਕੇ। ਉਹਨਾਂ ਕਿਹਾ ਕਿ ਪੰਜਾਬ ਲਈ ਚਿੰਤਾਂ ਦਾ ਵਿਸ਼ਾ ਹੈ ਇਹ ਹੈ ਕਿ ਪੂਰੇ ਪੰਜਾਬ ਦੇ ਸਿਹਤ ਵਿਭਾਗ ਵਿਚ ਡਾਕਟਰਾਂ ਤੋਂ ਇਲਾਵਾ 37 ਹਜ਼ਾਰ ਤੋਂ ਉੱਪਰ ਆਸ਼ਾਂ ਵਰਕਰਾਂ ਸਮੇਤ ਹੈਲਥ ਵਰਕਰ ਕੰਮ ਕਰ ਰਹੇ ਹਨ ਜੋ ਇਸ ਸਮੇਂ ਹਾਈ ਰਿਸਕ ’ਤੇ ਹਨ । ਇਹ ਵੀ ਚਿੰਤਾਂ ਦੀ ਗੱਲ ਹੈ ਕਿ ਜੇ ਇਹ 37 ਹਜ਼ਾਰ ਸਿਹਤ ਅਮਲਾ ਕਰੋਨਾ ਦੀ ਜ਼ਦ ਵਿਚ ਆਉਂਦਾ ਹੈ ਤਾਂ ਸੂਬੇ ਦੀ ਸਿਹਤ ਵਿਵਸਥਾ ਇਸ ਕਦਰ ਚਰਮਰਾ ਜਾਵੇਗੀ ਕਿ ਫਿਰ ਪੰਜਾਬੀਆਂ ਨੂੰ ਬਚਾਉਣ ਦਾ ਕੋਈ ਰਾਹ ਨਹੀਂ ਬਚੇਗਾ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ