ਕੁਆਰਟੀਨ ਕੈਂਪਸ ਸਬੰਧੀ ਲੋਕਾਂ ਵੱਲੋਂ ਮਿਲੀਆਂ ਸ਼ਿਕਾਇਤਾਂ ’ਤੇ ਤੁਰੰਤ ਐਕਸ਼ਨ ਲੈਂਦਿਆਂ MLA ਡਾ: ਹਰਜੋਤ ਕਮਲ ਨੇ ਕੀਤਾ ਅਚਨਚੇਤ ਦੌਰਾ, ਕਿਹਾ ‘‘ ਏ ਸੀ ਕੋਠੀਆਂ ‘ਚ ਬੈਠ ਕੇ ਸਿਆਸਤ ਕਰਨ ਵਾਲੇ ਲੀਡਰ ਬਿਆਨਬਾਜ਼ੀ ਤੋਂ ਕਰਨ ਗੁਰੇਜ਼ ’’

ਮੋਗਾ,1 ਮਈ (ਜਸ਼ਨ):  ਅੱਜ ਮੋਗਾ ਹਲਕੇ ਦੇ ਵਿਧਾਇਕ ਡਾ: ਹਰਜੋਤ ਕਮਲ ਨੇ ਲਾਲਾ ਲਾਜਪਤ ਰਾਏ ਕਾਲਜ ‘ਚ ਬਣੇ ਕੁਆਰਟੀਨ ਕੈਂਪਸ ਦਾ ਦੌਰਾ ਕੀਤਾ ਜਿੱਥੇ ਰਾਜਸਥਾਨ ਤੇ ਹੋਰ ਗੁਆਂਢੀ ਸੂਬਿਆਂ ਤੋਂ ਵਾਪਿਸ ਮੁੜਿਆਂ ਨੂੰ ਰੱਖਿਆ ਗਿਆ ਹੈ। ਇਹਨਾਂ ਵਾਪਸ ਪਰਤਿਆਂ ਦੇ ਰਿਸ਼ਤੇਦਾਰਾਂ ਵੱਲੋਂ ਵਿਧਾਇਕ ਦੇ ਧਿਆਨ ਵਿਚ ਲਿਆਂਦਾ ਗਿਆ ਸੀ ਕਿ ਉੱਥੇ ਕੁਝ ਦਿੱਕਤਾਂ ਪੇਸ਼ ਆ ਰਹੀਆਂ ਹਨ,ਜਿਸ ’ਤੇ ਐਕਸ਼ਨ ‘ਚ ਆਉਂਦਿਆਂ ਵਿਧਾਇਕ ਡਾ: ਹਰਜੋਤ ਕਮਲ ਤੁਰੰਤ ਕਾਲਜ ਵਿਚ ਪਹੰੁਚੇ । ਇਸ ਮੌਕੇ ਉਹਨਾਂ ਨਾਲ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ੍ਰੀ ਵਿਨੋਦ ਬਾਂਸਲ,ਐੱਸ ਡੀ ਐੱਮ ਮੋਗਾ ਸਤਵੰਤ ਸਿੰਘ, ਨਾਇਬ ਤਹਿਸੀਦਾਰ ਮਨਿੰਦਰ ਸਿੰਘ, ਡੀ ਐੱਸ ਪੀ ਮੋਗਾ ਪਰਮਜੀਤ ਸਿੰਘ, ਐੱਸ ਐੱਚ ਓ ਮੋਗਾ ਸਦਰ ਅਤੇ ਹੋਰ  ਪੁਲਿਸ ਤੇ ਪ੍ਰਸਾਸਨਿਕ ਅਧਿਕਾਰੀ ਵੀ ਹਾਜ਼ਰ ਸਨ । ਡਾ: ਹਰਜੋਤ ਨੇ ਮੌਕੇ ’ਤੇ ਜਾ ਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ । ਇਸ ਮੌਕੇ ਡਾ: ਹਰਜੋਤ ਕਮਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮੋਗਾ ਵਾਸੀਆਂ ਨੂੰ ਕਿਸੇ ਕਿਸਮ ਦੀ ਘਬਰਾਹਟ ਵਿਚ ਆਉਣ ਦੀ ਲੋੜ ਨਹੀਂ ਹੈ ਉਹ ਸਿਰਫ਼ ਸਰਕਾਰ ਅਤੇ ਪ੍ਰਸ਼ਾਸਨ ਦਾ ਸਾਥ ਦੇਣ । ਉਹਨਾਂ ਕਿਹਾ ਕਿ ਜਦੋਂ ਤੋਂ ਕਰੋਨਾ ਸੰਕਟ ਸ਼ੁਰੂ ਹੋਇਆ ਸੀ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਸਥਿਤੀਆਂ ਵਿਚ ਅਨੇਕਾਂ ਬਦਲਾਅ ਆਏ ਹਨ ਅਤੇ ਹੁਣ ਦੀ ਸਥਿਤੀ ਨਾਲ ਨਜਿੱਠਣ ਲਈ ਸਰਕਾਰ ਪੂਰੀ ਤਰਾਂ ਸਮਰੱਥ ਹੈ, ਪਰ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਨਾਜ਼ੁਕ ਸਮੇਂ ਵਿਚ ਸਰਕਾਰ ਦੀਆਂ ਖਾਮੀਆਂ ਕੱਢਣ ਦੀ ਬਜਾਏ ਜਿਸ ਵੀ ਤਰੀਕੇ ਨਾਲ ਉਹ ਇਸ ਮਹਾਂਮਾਰੀ ਵਿਚੋਂ ਨਿਕਲਣ ਲਈ ਸਹਿਯੋਗ ਦੇ ਸਕਦੇ ਹਨ ਦੇਣ। ਉਹਨਾਂ ਕਿਹਾ ਕਿ ਕੁਝ ਸਿਆਸੀ ਆਗੂਆਂ ਨੇ ਪ੍ਰਵਾਸੀ ਮਜ਼ਦੂਰਾਂ ਅਤੇ ਹਜੂਰ ਸਾਹਿਬ ਤੋਂ ਆਏ ਯਾਤਰੀਆਂ ਦੇ ਠਹਿਰਾਵ ’ਤੇ ਸਵਾਲੀਆ ਨਿਸ਼ਾਨ ਲਗਾਉਂਦਿਆਂ ਇਸ ਨੂੰ ਧਰਮ ਨਾਲ ਜੋੜਨ ਦੀ ਕੋਸ਼ਿਸ ਕੀਤੀ ਹੈ ਪਰ ਇਸ ਤਰਾਂ ਦੀ ਭਾਵਨਾ ਸਰਕਾਰ ਦੀ ਬਿਲਕੁੱਲ ਨਹੀਂ ਹੈ । ਸਮਾਜਿਕ ਦੂਰੀ ਬਣਾਉਣੀ ਜਰੂਰੀ ਪਰ ਦਿਲਾਂ ਤੇ ਰਿਸਤਿਆਂ ਚ ਦੂਰੀਆਂ ਨਈ ਪਾਉਣੀਆਂ ਚਾਹੀਦੀਆਂ। ਡਾ: ਕਮਲ ਨੇ ਕਿਹਾ ਕਿ ਇਹ ਸਮਾਂ ਸਮੁੱਚੀ ਮਨੁੱਖਤਾ ਦੀ ਹੋਂਦ ਲਈ ਖਤਰੇ ਵਾਲਾ ਹੈ ਅਤੇ ਸਾਨੂੰ ਇਸ ਸਮੇਂ ਪਾਰਟੀ ਵਖਰੇਵੇਂ ਤੋਂ ਉੱਪਰ ਉੱਠ ਕੇ ਇਕਜੁੱਟਤਾ ਨਾਲ ਪ੍ਰਵਾਸੀ ਮਜ਼ਦੂਰਾਂ ਅਤੇ ਸਿੱਖ ਸ਼ਰਧਾਲੂਆਂ ਦੇ ਰਹਿਣ ਸਹਿਣ ,ਖਾਣ ਪੀਣ ਅਤੇ ਲੰਗਰ ਦੇ ਪ੍ਰਬੰਧਾਂ ਵੱਲ ਧਿਆਨ ਦੇਣਾ ਚਾਹੀਦਾ ਹੈ।  ਉਹਨਾਂ ਆਖਿਆ ਕਿ ਇਹਨਾਂ ਆਈਸੋਲੇਸ਼ਨ ਕੇਂਦਰਾਂ ਵਿਚ ਪੂਰੀ ਸਾਵਧਾਨੀ ਨਾਲ ਆਉਣ ਵਾਲੇ ਕਿਸੇ ਵੀ ਵਿਅਕਤੀ ਲਈ ਕੋਈ ਖਤਰਾ ਨਹੀਂ ਹੈ, ਜੇ ਕੋਈ ਸੰਸਥਾ ਆਈਸੋਲੇਸ਼ਨ ਕੇਂਦਰ ਦੀ ਹਦੂਦ ‘ਚ ਲੰਗਰ ਅਤੇ ਚਾਹ ਆਦਿ ਤਿਆਰ ਕਰਕੇ ਵਰਤਾ ਸਕੇ ਤਾਂ ਪੰਜਾਬ ਸਰਕਾਰ ਪ੍ਰਸ਼ਾਸਨ ਦੁਆਰਾ ਇਸ ਵਾਸਤੇ ਸਾਰਾ ਖਰਚ ਅਤੇ ਰਾਸ਼ਨ ਦੇਣ ਲਈ ਤਿਆਰ ਹੈ। ਉਹਨਾਂ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਨ੍ਹਾਂ ਆਈਸੋਲੇਸ਼ਨ ਵਾਰਡਾਂ ਦਾ ਪ੍ਰਬੰਧ ਇਕਦਮ ਕਰਨਾ ਪਿਆ ਹੈ ਕਿਉਂਕਿ ਬਾਹਰੋਂ ਆਏ ਯਾਤਰੀਆਂ ਕਰਕੇ ਅੱਜ ਇੱਕੋ ਦਿਨ ਚ ਪੰਜਾਬ ਵਿੱਚ 100 ਨਵੇਂ ਕੇਸ ਕਰੋਨਾ ਪੋਸਿਟਿਵ ਨਿਕਲ ਆਏ ਹਨ। ਇਸ ਲਈ ਕੁਝ ਦਿਨਾਂ ਤੱਕ ਸਾਰੇ ਪ੍ਰਬੰਧ ਪੁਖਤਾ ਕਰ ਦਿੱਤੇ ਜਾਣਗੇ ਪਰ ਇਸ ਲਈ ਲੋਕਾਂ ਨੂੰ ਧੀਰਜ ਬਣਾਈ ਰੱਖਣ ਦੀ ਲੋੜ ਹੈ। ਜੋ ਵੀ ਕੋਈ ਪੰਜਾਬ ਦੇ ਬਾਹਰੋਂ ਆਉਂਦਾ ਹੈ, ਪਹਿਲਾਂ ਤਾਂ ਇਹ ਉਸਦਾ ਆਪਣਾ ਫਰਜ ਬਣਦਾ ਹੈ, ਪਰ ਜੇ ਕੋਈ ਆਪ ਨਹੀਂ ਵੀ ਦੱਸਦਾ ਤਾਂ ਘਰਦਿਆਂ ਤੇ ਗਲੀ ਗਵਾਂਡ ਜਰੂਰ ਪ੍ਰਸਾਸਨ ਨੂੰ ਇਤਲਾਹ ਕਰਨ ਤਾਂ ਜੋ ਉਸਨੂੰ ਵੀ ਤੇ ਉਸਦੇ ਪਰਿਵਾਰ, ਬੱਚਿਆਂ ਤੇ ਆਲੇ ਦੁਆਲੇ ਨੂੰ ਕਰੋਨਾ ਮੁਕਤ ਰੱਖਿਆ ਜਾ ਸਕੇ।    ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ