ਵਿਧਾਇਕ ਡਾ: ਹਰਜੋਤ ਕਮਲ ਦੀ ਅਗਵਾਈ ‘ਚ ਕਾਂਗਰਸੀਆਂ ਨੇ ਕੇਂਦਰ ਖਿਲਾਫ਼ ਕੀਤਾ ਰੋਹ ਦਾ ਪ੍ਰਗਟਾਵਾ

ਮੋਗਾ,1 ਮਈ (ਜਸ਼ਨ):  ਕੋਵਿਡ 19 ਖਿਲਾਫ਼ ਜੰਗ ਦੌਰਾਨ ਕੇਂਦਰ ਵਿਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਗੈਰ ਭਾਜਪਾ ਸਾਸ਼ਤ ਸੂਬਿਆਂ ਨੂੰ ਰਾਹਤ ਪੈਕੇਜ ਦੇਣ ਦੇ ਮੱਸਲੇ ’ਤੇ ਮਤਰੇਈ ਮਾਂ ਵਾਲਾ ਸਲੂਕ ਕਰਨ ਖਿਲਾਫ਼ ਪੰਜਾਬ ਕਾਂਗਰਸ ਵੱਲੋਂ ਲੋਕਾਂ ਨੂੰ ਆਪਣੇ ਘਰਾਂ ਅਤੇ ਛੱਤਾਂ ’ਤੇ 1 ਮਈ ਨੂੰ ਤਿਰੰਗੇ ਝੰਡੇ ਲਹਿਰਾਉਣ ਦੇ ਦਿੱਤੇ ਸੱਦੇ ’ਤੇ ਅੱਜ ਮੋਗਾ ਵਿਖੇ ਵਿਧਾਇਕ ਡਾ: ਹਰਜੋਤ ਕਮਲ ਦੀ ਅਗਵਾਈ ਵਿਚ ਕੇਂਦਰ ਦੇ ਪੱਖਪਾਤੀ ਰਵਈਏ ਖਿਲਾਫ਼ ਰੋਹ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ  ਡਾ: ਮਾਲਤੀ ਥਾਪਰ ਸਾਬਕਾ ਮੰਤਰੀ ਪੰਜਾਬ, ਕਰਨਲ ਬਾਬੂ ਸਿੰਘ ਸਾਬਕਾ ਜ਼ਿਲਾ ਪ੍ਰਧਾਨ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ , ਇੰਦਰਜੀਤ ਸਿੰਘ ਬੀੜ ਚੜਿਕ ਚੇਅਰਮੈਨ ਜ਼ਿਲਾ ਯੋਜਨਾ ਬੋਰਡ, ਪ੍ਰਦੇਸ਼ ਕਾਂਗਰਸ ਸਕੱਤਰ ਰਵਿੰਦਰ ਸਿੰਘ ਰਵੀ ਗਰੇਵਾਲ, ਮਾਰਕੀਟ ਕਮੇਟੀ ਦੇ ਚੇਅਰਮੈਨ ਰਾਮਪਾਲ ਧਵਨ, ਵਾਈਸ ਚੇਅਰਮੈਨ ਰਜਿੰਦਰ ਪਾਲ ਸਿੰਘ ਗਿੱਲ ਸਿੰਘਾਂਵਾਲਾ, ਐਡਵੋਕੇਟ ਵਿਜੈ ਧੀਰ ਪ੍ਰਧਾਨ ਇੰਟਕ ਮੋਗਾ ਅਤੇ ਹੋਰ ਸੀਨੀਅਰ ਕਾਂਗਰਸੀ ਆਗੂ ਹਾਜ਼ਰ ਸਨ।ਇਸ ਮੌਕੇ ਡਾ: ਹਰਜੋਤ ਕਮਲ ਨੇ ਮਜ਼ਦੂਰ ਦਿਵਸ ਤੇ ਮਜ਼ਦੂਰਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਆਖਿਆ ਕਿ ਅੱਜ ਲਹਿਰਾਏ ਜਾਣ ਵਾਲੇ ਤਿਰੰਗਿਆਂ ਦਾ ਮਕਸਦ ਇਹ ਦਰਸਾਉਣਾ ਹੈ ਕਿ ਕੇਂਦਰੀ ਰਾਹਤ ’ਤੇ ਪੰਜਾਬ ਦਾ ਵੀ ਹੱਕ ਹੈ ਤਾਂ ਕਿ ਸੂਬੇ ਦੇ ਲੋਕਾਂ ਨੂੰ ਕਰੋਨਾ ਮਹਾਂਮਾਰੀ ਤੋਂ ਬਚਾੲਆ ਜਾ ਸਕੇ। ਉਹਨਾਂ ਕਿਹਾ ਕਿ ਅਸੀਂ ਕਿਸਾਨਾਂ ਅਤੇ ਕਾਮਿਆਂ ਦੇ ਹੱਕਾਂ ਦੇ ਨਾਲ ਨਾਲ ਕਰੋਨਾ ਮਹਾਂਮਾਰੀ ਖਿਲਾਫ਼ ਫਰੰਟ ਲਾਈਨ ’ਤੇ ਲੜ ਰਹੇ ਯੋਧਿਆਂ ਨਾਲ ਇਕਸੁਰਤਾ ਪ੍ਰਗਟ ਕਰ ਰਹੇ ਹਾਂ । ਉਹਨਾਂ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕਿਹਾ  ਕਿ ਦਰਅਸਲ ਇਹ ਸੁਝਾਅ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੇ ਵਿਧਾਇਕਾਂ ਦੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਨਾਲ ਵੀਡੀਓ ਕਾਨਫਰੰਸ ਦੌਰਾਨ ਦਿੱਤਾ ਸੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਇਹ ਮੁੱਦਾ ਕੇਂਦਰ ਉਠਾਉਂਦਿਆਂ ਦੱਸਿਆ ਗਿਆ ਸੀ ਕਿ ਕਰਫਿਊ ਦੀ ਵਜਹ ਕਰਕੇ ਪੰਜਾਬ ਨੂੰ ਹਰ ਮਹੀਨੇ 3360 ਕਰੋੜ ਰੂਪਏ ਮਾਲੀਏ ਦਾ ਘਾਟਾ ਸਹਿਣ ਕਰਨਾ ਪੈ ਰਿਹਾ ਹੈ ਤੇ ਅਜਿਹੇ ਹਾਲਾਤ ਵਿਚ ਕੇਂਦਰ ਵਿਚ ਸੱਤਾ ’ਤੇ ਕਾਬਜ਼ ਕੋਈ ਵੀ ਸਰਕਾਰ ਪੰਜਾਬ ਦੀ ਅਣਦੇਖੀ ਨਹੀਂ ਕਰ ਸਕਦੀ ਕਿਉਂਕਿ ਪੰਜਾਬ ਭਾਰਤ ਦਾ ਇਕ ਅਟੁੱਟ ਅੰਗ ਹੈ ਅਤੇ ਪੰਜਾਬੀਆਂ ਨੇ ਹਮੇਸ਼ਾਂ ਦੇਸ਼ ਦੀ ਏਕਤਾ  ਅਖੰਡਤਾ ਲਈ ਮੋਹਰੇ ਹੋ ਕੇ ਹਰ ਲੜਾਈ ਲੜੀ ਹੈ ਤੇ ਜਿੱਤੀ ਹੈ, ਓਹ ਚਾਹੇ ਦੇਸ਼ ਦੀ ਆਜ਼ਾਦੀ ਦੀ ਲੜਾਈ ਹੋਵੇ ਜਾਂ ਬਾਹਰੀ ਤਾਕਤਾਂ ਵਲੋਂ ਦੇਸ਼ ਨੂੰ ਤੋੜਨ ਦੇ ਯਤਨਾਂ ਦੀ ਅੱਤਵਾਦ ਨਾਲ ਲੜਾਈ ਹੋਵੇ। 
****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ