5 ਕਿਲੋ 944 ਗ੍ਰਾਮ ਹੈਰੋਇਨ ਬਰਾਮਦ, ਮੋਗਾ ਪੁਲਿਸ ਨੇ ਹਿੰਦ ਪਾਕਿ ਸਰਹੱਦ ’ਤੇ ਕੰਡਿਆਲੀ ਤਾਰ ਤੋਂ ਪਾਰ ਬਰਾਮਦ ਕੀਤੀ ਵੱਡੀ ਖੇਪ

ਮੋਗਾ,1 ਮਈ (ਤੇਜਿੰਦਰ ਸਿੰਘ ਜਸ਼ਨ):  ਸ੍ਰੀ ਹਰਮਨਬੀਰ ਸਿੰਘ ਗਿੱਲ ਸੀਨੀਅਰ ਕਪਤਾਨ ਪੁਲਿਸ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਸ਼ਿਆਂ ਦੀ ਸੱਮਗਲਿੰਗ ਨੂੰ ਰੋਕਣ ਲਈ ਹਰਿੰਦਪਾਲ ਸਿੰਘ ਐਸ.ਪੀ (ਆਈ) ਮੋਗਾ ਅਤੇ ਜੰਗਜੀਤ ਸਿੰਘ ਡੀ.ਐਸ.ਪੀ (ਡੀ)ਮੋਗਾ ਦੀ ਨਿਗਰਾਨੀ ਹੇਠ ਟੀਮ ਗਠਿਤ ਕੀਤੀ ਗਈ ਸੀ। ਇਸ ਟੀਮ ਵੱਲੋਂ ਨਸ਼ਿਆ ਦੀ ਸਮਗਲਿੰਗ ਨੂੰ ਰੋਕਣ ਲਈ ਕੀਤੀਆ ਜਾ ਰਹੀਆਂ ਕੋਸ਼ਿਸ਼ਾਂ ਦੌਰਾਨ ਮੋਗਾ ਪੁਲਿਸ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦ ਮਿਤੀ 30 ਅਪਰੈਲ  ਨੂੰ ਇੰਸਪੈਕਟਰ ਕਿੱਕਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਧਰਮਕੋਟ ਨੂੰ ਮੁਖਬਰ ਖਾਸ ਪਾਸੋਂ ਇਤਲਾਹ ਮਿਲੀ ਕਿ ਭਾਰਤੀ ਸਮੱਗਲਰਾਂ ਨੇ ਪਾਕਿਸਤਾਨੀ ਸਮੱਗਲਰਾਂ ਪਾਸੋਂ 194/2 ਜ਼ੀਰੋ ਲਾਈਨ ਬੀ.ਓ.ਪੀ ਡੀ.ਟੀ ਮੱਲ ਤਾਰਾਂ ਤੋ ਪਾਰ ਹੈਰੋਇਨ ਦੀ ਵੱਡੀ ਖੇਪ ਮੰਗਵਾਕੇ ਰੱਖੀ ਹੋਈ ਹੈ। ਇਹ ਹੈਰੋਇਨ ਅੱਗੇ ਭਾਰਤੀ ਸਮੱਗਲਰਾਂ ਨੇ ਪਾਰ ਕਰਵਾਉਣੀ ਹੈ। ਜੇਕਰ ਰੇਡ ਕੀਤਾ ਜਾਵੇ ਤਾਂ ਹੈਰੋਇੰਨ ਦੀ ਵੱਡੀ ਖੇਪ ਬਰਾਮਦ ਹੋ ਸਕਦੀ ਹੈ। ਜਿਸ ਤੇ ਨਾਮਲੂਮ ਦੋਸ਼ੀਆ ਦੇ ਖਿਲਾਫ ਮੁਕੱਦਮਾ ਨੰਬਰ 86 ਮਿਤੀ 30.4.2020 ਅ/ਧ 21/61/85 ਐਨ.ਡੀ.ਪੀ.ਐਸ ਐਕਟ ਥਾਣਾ ਧਰਮਕੋਟ ਦਰਜ ਕਰਕੇ ਜੰਗਜੀਤ ਸਿੰਘ ਡੀ.ਐਸ.ਪੀ (ਡੀ) ਮੋਗਾ ਅਤੇ ਇੰਸਪੈਕਟਰ ਕਿੱਕਰ ਸਿੰਘ ਵੱਲੋਂ ਬੀ.ਐਸ.ਐਫ ਦੇ ਅਧਿਕਾਰੀਆਂ ਦੀ ਮਦਦ ਨਾਲ ਕੰਡਿਆਲੀ ਤਾਰ ਤੋਂ ਪਾਰ ਭਾਰਤ ਵਾਲੀ ਸਾਈਡ ਰੱਖੀ ਹੋਈ 5 ਕਿੱੱਲੋ 944 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਇਸ ਹੈਰੋਇੰਨ ਨੂੰ ਮੰਗਵਾਉਣ ਵਿੱਚ ਕਾਫੀ ਵੱਡੇ ਸਮੱਗਲਰਾਂ ਦੀ ਸ਼ਮੂਲੀਅਤ ਹੋਣ ਦੀ ਸੰਭਾਵਨਾ ਹੈ। ਮੁਕੱਦਮਾ ਵਿੱਚ ਬੈਕਵਰਡ ਅਤੇ  ਫਾਰਵਰਡ ਲਿੰਕ ਦੋਸ਼ੀਆਂ ਬਾਰੇ ਪਤਾ ਕੀਤਾ ਜਾ ਰਿਹਾ ਹੈ ਕਿ ਇਹ ਹੈਰੋਇਨ ਕਿਸ ਸਮੱਗਲਰ ਨੇ ਪਾਰ ਕਰਵਾਉਣੀ ਸੀ।