ਡਿਪਟੀ ਕਮਿਸ਼ਨਰ ਮੋਗਾ ਦੇ ਤਾਜ਼ਾ ਹੁਕਮ: ਜ਼ਿਲ੍ਹੇ ‘ਚ ਅੱਜ ਤੋਂ ਨਹੀਂ ਖੁੱਲਣਗੀਆਂ ਦੁਕਾਨਾਂ,ਕਰਫਿਊ ਅਤੇ ਪਾਬੰਦੀਆਂ ਆਮ ਦੀ ਤਰਾਂ ਹੀ ਰਹਿਣਗੀਆਂ, ਕੱਲ 1 ਮਈ ਤੋਂ ਹੋ ਸਕਦੇ ਨੇ ਨਵੇਂ ਹੁਕਮ ਜਾਰੀ

Tags: 

ਮੋਗਾ, 30 ਅਪ੍ਰੈਲ ( ਤੇਜਿੰਦਰ ਸਿੰਘ ਜਸ਼ਨ ): ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਦੁਕਾਨਾਂ ਅਤੇ ਹੋਰ ਅਦਾਰੇ ਖੋਲਣ ਦੇ ਕੀਤੇ ਗਏ ਐਲਾਨ ਦੇ ਸੰਬਧ ਵਿਚ ਜਿਲ੍ਹਾ  ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਸਪੱਸ਼ਟ ਕੀਤਾ ਹੈ ਕਿ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਫਿਲਹਾਲ ਅੱਜ ਕਰਫਿਊ ਵਿਚ ਕੋਈ ਢਿੱਲ ਨਹੀਂ ਦਿੱਤੀ ਜਾ ਸਕਦੀ ਅਤੇ ਨਾ ਹੀ ਕੋਈ ਦੁਕਾਨ ਜ਼ਿਲ੍ਹਾ ਮੋਗਾ ਵਿੱਚ ਖੁੱਲੇਗੀ। ਉਨਾਂ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋੋਰਟਲ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਸਬੰਧੀ ਮੁੱਖ ਮੰਤਰੀ ਵੱਲੋਂ ਆਈਆਂ ਹਦਾਇਤਾਂ ਅਨੁਸਾਰ ਕਿਹੜੀਆਂ ਦੁਕਾਨਾਂ ਨੂੰ ਖੁੱਲ ਦੇਣੀ ਹੈ ਬਾਬਤ ਵਿਸਥਾਰਤ ਯੋਜਨਾ ਬਣਾ ਕੇ ਰੋਟੇਸ਼ਨਵਾਇਜ਼ ਖੁੱਲ ਦਿੱਤੀ ਜਾਵੇਗੀ, ਜੋ ਕਿ ਸੰਭਵ ਤੌਰ ਉਤੇ 1 ਮਈ ਜਾਂ ਇਸ ਤੋਂ ਬਾਅਦ ਹੀ ਲਾਗੂ ਹੋਵੇਗੀ ਅਤੇ ਇਸ ਲਈ ਬਕਾਇਦਾ ਐਕਸ਼ਨ ਪਲਾਨ ’ਤੇ ਸੋਚ ਵਿਚਾਰ ਕੀਤਾ ਜਾ ਰਿਹਾ ਹੈ। ਉਨਾਂ ਜ਼ਿਲੇ ਵਿਚ ਅੱਜ 30 ਅਪ੍ਰੈਲ ਤੋਂ ਦੁਕਾਨਾਂ ਖੁੱਲਣ ਦੀ ਚੱਲ ਰਹੀ ਚਰਚਾ ਨੂੰ ਠੱਲ ਪਾਉਂਦੇ ਕਿਹਾ ਕਿ ਫਿਲਹਾਲ ਜਿਲ੍ਹੇ ਵਿਚ ਕਰਫਿਊ ਅਤੇ ਪਾਬੰਦੀਆਂ ਆਮ ਦੀ ਤਰਾਂ ਹੀ ਜਾਰੀ ਰਹਿਣਗੀਆਂ। ਉਨਾਂ ਕਿਹਾ ਕਿ ਸਾਨੂੰ ਆਪਣੇ ਨਾਗਰਿਕਾਂ ਦੀ ਜਾਨ ਦੀ ਪਰਵਾਹ ਦੁਕਾਨਾਂ ਨਾਲੋਂ ਵਧੇਰੇ ਹੈ, ਸੋ ਅਸੀਂ ਨਾਗਰਿਕਾਂ ਦੀ ਜਾਨ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਪੂਰੀ ਯੋਜਨਾਬੰਦੀ ਨਾਲ ਦੁਕਾਨਾਂ ਖੋਲਣ ਦੀ ਕੋਸ਼ਿਸ਼ ਕਰਾਂਗੇ, ਜਿਸ ਨਾਲ ਦੁਕਾਨਾਂ ਉਤੇ ਭੀੜ ਇਕੱਠੀ ਨਾ ਹੋਵੇ ਅਤੇ ਹਰੇਕ ਦੁਕਾਨਦਾਰ ਨੂੰ ਕਾਰੋਬਾਰ ਦਾ ਮੌਕਾ ਵੀ ਮਿਲੇ।